IPl : ਸਮੇਂ ਦੀ ਪਾਬੰਦੀ ਨੂੰ ਲੈ ਕੇ ਸਖ਼ਤ BCCI , 90 ਮਿੰਟ ’ਚ ਖਤਮ ਕਰਨੀ ਹੋਵੇਗੀ ਪਾਰੀ
Wednesday, Mar 31, 2021 - 05:56 PM (IST)
ਨਵੀਂ ਦਿੱਲੀ: ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਨੇ 9 ਅਪ੍ਰੈਲ ਤੋਂ ਸ਼ੁਰੂ ਹੋਣ ਵਾਲੇ ਆਈ.ਪੀ.ਐੱਲ. ਦੇ ਨਿਯਮਾਂ ’ਚ ਵੱਡਾ ਬਦਲਾਅ ਕੀਤਾ ਹੈ। ਬੀ.ਸੀ.ਸੀ.ਆਈ. ਨੇ ਨਿਯਮ ਬਣਾਇਆ ਹੈ ਕਿ ਹੁਣ ਟੀਮ ਨੂੰ 90 ਮਿੰਟ ’ਚ ਆਪਣੇ 20 ਓਵਰ ਪੂਰੇ ਕਰਨੇ ਹੋਣਗੇ। ਇਸ ਤੋਂ ਪਹਿਲਾਂ 20ਵਾਂ ਓਵਰ 90ਵੇਂ ਮਿੰਟ ’ਚ ਜ਼ਰੂਰ ਸ਼ੁਰੂ ਹੋਣ ਦਾ ਨਿਯਮ ਸੀ।
ਬੀ.ਸੀ.ਸੀ.ਆਈ. ਮੁਤਾਬਕ ਮੈਚ ਦੀ ਟਾਈਮਿੰਗ ਨੂੰ ਕੰਟਰੋਲ ਕਰਨ ਲਈ ਹਰ ਪਾਰੀ ਦਾ 20ਵਾਂ ਓਵਰ 90 ਮਿੰਟ ’ਚ ਖਤਮ ਹੋਣਾ ਚਾਹੀਦਾ ਹੈ। ਪਹਿਲਾਂ 20ਵਾਂ ਓਵਰ 90ਵੇਂ ਮਿੰਟ ’ਚ ਸ਼ੁਰੂ ਹੋਣਾ ਚਾਹੀਦਾ ਸੀ। ਬੀ.ਸੀ.ਸੀ.ਆਈ. ਨੇ ਕਿਹਾ ਕਿ ਆਈ.ਪੀ.ਐੱਲ. ਮੈਚਾਂ ’ਚ ਹਰ ਘੰਟੇ ’ਚ ਔਸਤਨ 14.11 ਓਵਰ ਸੁੱਟਣੇ ਹੋਣਗੇ। ਬਿਨਾਂ ਕਿਸੇ ਰੁਕਾਵਟ ਦੇ ਹੋਣ ਵਾਲੇ ਮੈਚ ਦੀ ਪਾਰੀ 90 ਮਿੰਟ ’ਚ ਖਤਮ ਹੋਣੀ ਚਾਹੀਦੀ ਹੈ।
ਆਈ.ਪੀ.ਐੱਲ. ਤੋਂ ਆਊਟ ਹੋਇਆ ‘ਸਾਫਟ ਸਿਗਨਲ’
ਇਸ ਤੋਂ ਪਹਿਲਾਂ ਬੀ.ਸੀ.ਸੀ.ਆਈ. ਨੇ ਆਈ.ਪੀ.ਐੱਲ ਦੇ ਨਿਯਮਾਂ ’ਚ ਵੱਡਾ ਫੇਰਬਦਲ ਕਰਦੇ ਹੋਏ ‘ਸਾਫਟ ਸਿਗਨਲ’ ਦੇ ਨਿਯਮ ਨੂੰ ਹਟਾ ਦਿੱਤਾ। ਨਾਲ ਹੀ ਹੁਣ ਥਰਡ ਅੰਪਾਇਰ ਮੈਦਾਨੀ ਅੰਪਾਇਰ ਦੇ ਨੋ-ਬਾਲ ਅਤੇ ਸ਼ਾਰਟ ਰਨ ਦੇ ਫ਼ੈਸਲੇ ਨੂੰ ਵੀ ਬਦਲ ਸਕਣਗੇ। ਜ਼ਿਕਰਯੋਗ ਹੈ ਕਿ ਇੰਗਲੈਂਡ ਦੇ ਖ਼ਿਲਾਫ਼ ਟੀ20 ਸੀਰੀਜ਼ ’ਚ ਸਾਫਟ ਸਿਗਨਲ ਨੂੰ ਲੈ ਕੇ ਵਿਵਾਦ ਹੋਇਆ ਸੀ ਜਿਸ ਤੋਂ ਬਾਅਦ ਕਪਤਾਨ ਵਿਰਾਟ ਕੋਹਲੀ ਨੇ ਇਸ ਨਿਯਮ ’ਤੇ ਸਵਾਲ ਚੁੱਕੇ ਸਨ।
ਨਵੇਂ ਨਿਯਮਾਂ ਮੁਤਾਬਕ ਮੈਦਾਨੀ ਅੰਪਾਇਰਾਂ ਦੇ ਕੋਲ ਫ਼ੈਸਲਾ ਰੇਫਰ ਕਰਨ ਤੋਂ ਪਹਿਲਾਂ ‘ਸਾਫਟ ਸਿਗਨਲ’ ਦੇਣ ਦਾ ਅਧਿਕਾਰ ਨਹੀਂ ਰਹੇਗਾ। ਇਸ ਤੋਂ ਪਹਿਲਾਂ ਜੇਕਰ ਮੈਦਾਨੀ ਅੰਪਾਇਰ ਕਿਸੇ ਫ਼ੈਸਲੇ ਨੂੰ ਲੈ ਕੇ ਤੀਜੇ ਅੰਪਾਇਰ ਦਾ ਸਹਾਰਾ ਲੈਂਦਾ ਹੈ ਤਾਂ ਉਸ ਨੂੰ ‘ਸਾਫਟ ਸਿਗਨਲ’ ਦੇਣਾ ਹੁੰਦਾ ਸੀ। ਇਸ ਤੋਂ ਇਲਾਵਾ ਹੁਣ ਤੀਜਾ ਅੰਪਾਇਰ ਮੈਦਾਨੀ ਅੰਪਾਇਰ ਦੇ ਨੋ-ਬਾਲ ਅਤੇ ਸ਼ਾਰਟ ਰਨ ਦੇ ਫ਼ੈਸਲਾ ਨੂੰ ਵੀ ਬਦਲ ਸਕੇਗਾ।