IPL Auction ; ਨਿਲਾਮੀ ਦਾ ਦੂਜਾ ਦਿਨ ਰਿਹਾ ''ਭੁਵੀ'' ਤੇ ''ਚੈਰੀ'' ਦੇ ਨਾਂ, 13 ਸਾਲਾ ਵੈਭਵ ਨੇ ਵੀ ਰਚਿਆ ਇਤਿਹਾਸ
Tuesday, Nov 26, 2024 - 06:01 AM (IST)
ਸਪੋਰਟਸ ਡੈਸਕ– ਦੁਬਈ ਦੇ ਜੇਦਾਹ ਵਿਖੇ ਹੋਈ ਆਈ.ਪੀ.ਐੱਲ. 2025 ਦੀ ਮੈਗਾ ਆਕਸ਼ਨ ਦੌਰਾਨ 2 ਦਿਨਾਂ 'ਚ ਸਾਰੀਆਂ ਟੀਮਾਂ ਨੇ ਵਧੀਆ ਖਿਡਾਰੀ ਖਰੀਦਣ ਲਈ ਪੈਸਾ ਪਾਣੀ ਵਾਂਗ ਵਹਾ ਦਿੱਤਾ ਹੈ। ਨਿਲਾਮੀ ਦੇ ਪਹਿਲੇ ਦਿਨ ਜਿੱਥੇ ਰਿਕਾਰਡਤੋੜ ਕੀਮਤ ਹਾਸਲ ਕਰਨ ਵਾਲੇ ਰਿਸ਼ਭ ਪੰਤ (27 ਕਰੋੜ), ਸ਼੍ਰੇਅਸ ਅਈਅਰ (26.75 ਕਰੋੜ) ਤੇ ਵੈਂਕਟੇਸ਼ ਅਈਅਰ (23.75 ਕਰੋੜ) ਚਰਚਾ ਦਾ ਵਿਸ਼ਾ ਬਣੇ ਰਹੇ, ਉੱਥੇ ਹੀ ਦੂਜੇ ਦਿਨ ਭੁਵਨੇਸ਼ਵਰ ਕੁਮਾਰ ਤੇ ਸਿਰਫ਼ 13 ਸਾਲਾ ਵੈਭਵ ਸੂਰਯਵੰਸ਼ੀ ਨੇ ਸਭ ਦਾ ਧਿਆਨ ਖਿੱਚਿਆ।
ਬਿਹਾਰ ਦਾ 13 ਸਾਲਾ ਵੈਭਵ ਸੂਰਯਵੰਸ਼ੀ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੀ ਮੈਗਾ ਨਿਲਾਮੀ ਦੇ ਦੂਜੇ ਦਿਨ ਕਿਸੇ ਟੀਮ ਵੱਲੋਂ ਖਰੀਦਿਆ ਗਿਆ ਸਭ ਤੋਂ ਨੌਜਵਾਨ ਖਿਡਾਰੀ ਬਣ ਗਿਆ ਹੈ, ਜਦਕਿ 2 ਸਾਲ ਤੋਂ ਵੱਧ ਸਮੇਂ ਤੋਂ ਭਾਰਤੀ ਟੀਮ ਵਿਚੋਂ ਬਾਹਰ ਰਿਹਾ ਭੁਵਨੇਸ਼ਵਰ ਕੁਮਾਰ ਸਭ ਤੋਂ ਮਹਿੰਗਾ ਵਿਕਣ ਵਾਲਾ ਖਿਡਾਰੀ ਰਿਹਾ। ਉਸ ਨੂੰ ਰਾਇਲ ਚੈਲੰਜਰਜ਼ ਬੈਂਗਲੁਰੂ (ਆਰ.ਸੀ.ਬੀ.) ਨੇ ਸੋਮਵਾਰ ਨੂੰ 10 ਕਰੋੜ 75 ਲੱਖ ਰੁਪਏ ਵਿਚ ਖਰੀਦਿਆ, ਜਿਹੜੀ ਇਸ ਦਿਨ ਕਿਸੇ ਖਿਡਾਰੀ ’ਤੇ ਲੱਗੀ ਸਭ ਤੋਂ ਵੱਡੀ ਬੋਲੀ ਰਹੀ।
ਸੂਰਯਵੰਸ਼ੀ ਨੂੰ ਰਾਜਸਥਾਨ ਰਾਇਲਜ਼ ਨੇ 1 ਕਰੋੜ 10 ਲੱਖ ਰੁਪਏ ਵਿਚ ਖਰੀਦਿਆ। ਰਾਜਸਥਾਨ ਖ਼ਿਲਾਫ਼ ਸ਼ਨੀਵਾਰ ਨੂੰ ਸਈਅਦ ਮੁਸ਼ਤਾਕ ਅਲੀ ਟਰਾਫੀ ਵਿਚ ਬਿਹਾਰ ਲਈ ਟੀ-20 ਕ੍ਰਿਕਟ ਵਿਚ ਡੈਬਿਊ ਕਰਨ ਵਾਲੇ ਸੂਰਵਯੰਸ਼ੀ ਨੇ 6 ਗੇਂਦਾਂ ਵਿਚ 13 ਦੌੜਾਂ ਬਣਾਈਆਂ। ਉਹ ਦੀਪਕ ਚਾਹਰ ਦੀ ਗੇਂਦ ’ਤੇ ਆਊਟ ਹੋਇਆ।
ਅਜਿੰਕਯ ਰਹਾਨੇ ਨੂੰ ਪਹਿਲਾਂ ਕੋਈ ਖਰੀਦਦਾਰ ਨਹੀਂ ਮਿਲਿਆ ਸੀ ਪਰ ਨਿਲਾਮੀ ਵਿਚ ਪਰਤਣ ’ਤੇ ਕੋਲਕਾਤਾ ਨਾਈਟ ਰਾਈਡਰਜ਼ (ਕੇ.ਕੇ.ਆਰ.) ਨੇ ਉਸ ਨੂੰ ਡੇਢ ਕਰੋੜ ਰੁਪਏ ਵਿਚ ਖਰੀਦਿਆ। ਉੱਥੇ ਹੀ, ਨਿਊਜ਼ੀਲੈਂਡ ਦੇ ਸਟਾਰ ਬੱਲੇਬਾਜ਼ ਕੇਨ ਵਿਲੀਅਮਸਨ, ਮੁੰਬਈ ਦੇ ਸ਼ਾਰਦੁਲ ਠਾਕੁਰ ਤੇ ਪ੍ਰਿਥਵੀ ਸ਼ਾਹ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ।
ਆਈ.ਪੀ.ਐੱਲ. ਦੇ ਅਗਲੇ ਸੈਸ਼ਨ ਤੋਂ ਪਹਿਲਾਂ 35 ਸਾਲ ਦੇ ਹੋਣ ਵਾਲੇ ਭੁਵਨੇਸ਼ਵਰ ਨੇ 287 ਟੀ-20 ਮੈਚਾਂ ਵਿਚ 300 ਵਿਕਟਾਂ ਲਈਆਂ ਹਨ। ਉਸ ਨੇ ਆਖਰੀ ਵਾਰ ਭਾਰਤ ਲਈ ਨਵੰਬਰ 2022 ਵਿਚ ਨਿਊਜ਼ੀਲੈਂਡ ਲਈ ਖੇਡਿਆ ਸੀ ਪਰ ਨਿਲਾਮੀ ਦੇ ਸਮੀਕਰਣ ਅਜਿਹੇ ਹਨ ਕਿ ਹਰ ਟੀਮ ਨੂੰ ਘੱਟ ਤੋਂ ਘੱਟ 3 ਭਾਰਤੀ ਤੇਜ਼ ਗੇਂਦਬਾਜ਼ ਚਾਹੀਦੇ ਹਨ ਤੇ ਪੂਲ ਇੰਨਾ ਵੱਡਾ ਵੀ ਨਹੀਂ ਹੈ। ਇਸੇ ਵਜ੍ਹਾ ਨਾਲ ਭੁਵਨੇਸ਼ਵਰ, ਸੱਟਾਂ ਤੋਂ ਪ੍ਰਭਾਵਿਤ ਰਹਿਣ ਵਾਲੇ ਦੀਪਕ ਚਾਹਰ ਉਰਫ਼ 'ਚੈਰੀ' (ਮੁੰਬਈ ਇੰਡੀਅਨਜ਼, 9.25 ਲੱਖ ਕਰੋੜ), ਟੈਸਟ ਰਿਜ਼ਰਵ ਮੁਕੇਸ਼ ਕੁਮਾਰ (ਦਿੱਲੀ ਕੈਪੀਟਲਜ਼ ਵੱਲੋਂ ਆਰ.ਟੀ.ਐੱਮ. ਵਿਚ 8 ਕਰੋੜ ਰੁਪਏ) ਨੂੰ ਚੰਗੀ ਕੀਮਤ ਮਿਲੀ। ਆਕਾਸ਼ ਦੀਪ ਨੂੰ ਲਖਨਊ ਸੁਪਰ ਜਾਇੰਟਸ ਨੇ 8 ਕਰੋੜ ਰੁਪਏ ਵਿਚ ਖਰੀਦਿਆ।
ਚਾਹਰ ਤੇ ਭੁਵਨੇਸ਼ਵਰ ਦੋਵੇਂ ਪਾਵਰਪਲੇ ਵਿਚ ਗੇਂਦ ਨੂੰ ਸਵਿੰਗ ਕਰਵਾ ਲੈਂਦੇ ਹਨ। ਉੱਥੇ ਹੀ, ਮੁਕੇਸ਼ ਕੁਮਾਰ ਡੈੱਥ ਓਵਰਾਂ ਵਿਚ ਚੰਗੇ ਯਾਰਕਰ ਸੁੱਟਣ ਲਈ ਮਸ਼ਹੂਰ ਹੈ। ਸਪਿਨ ਗੇਂਦਬਾਜ਼ੀ ਆਲਰਾਊਂਡਰ ਵਾਸ਼ਿੰਗਟਨ ਸੁੰਦਰ ਨੂੰ ਗੁਜਰਾਤ ਟਾਈਟਨਜ਼ ਨੇ ਸੋਮਵਾਰ ਨੂੰ 3.20 ਕਰੋੜ ਰੁਪਏ ਵਿਚ ਖਰੀਦਿਆ। ਤੁਸ਼ਾਰ ਦੇਸ਼ਪਾਂਡੇ ਨੂੰ ਰਾਜਸਥਾਨ ਰਾਇਲਜ਼ ਨੇ ਸਾਢੇ 6 ਕਰੋੜ ਵਿਚ ਖਰੀਦਿਆ। ਦੱਖਣੀ ਅਫਰੀਕਾ ਦੇ ਤਜਰਬੇਕਾਰ ਫਾਫ ਡੂ ਪਲੇਸਿਸ ਤੇ ਵੈਸਟਇੰਡੀਜ਼ ਨੂੰ ਰੋਵਮੈਨ ਪਾਵੈੱਲ ਨੂੰ ਕ੍ਰਮਵਾਰ ਦਿੱਲੀ ਕੈਪੀਟਲਜ਼ ਤੇ ਕੋਲਕਾਤਾ ਨਾਈਟ ਰਾਈਡਰਜ਼ ਨੇ 2 ਕਰੋੜ ਤੇ 1.50 ਕਰੋੜ ’ਚ ਖਰੀਦਿਆ। ਦੱਖਣੀ ਅਫਰੀਕਾ ਦੇ ਮਾਰਕੋ ਜਾਨਸੇਨ ਨੂੰ ਪੰਜਾਬ ਕਿੰਗਜ਼ ਨੇ 7 ਕਰੋੜ ਰੁਪਏ ਵਿਚ ਖਰੀਦਿਆ।
ਇੰਗਲੈਂਡ ਦੇ ਸੈਮ ਕਿਊਰੇਨ ਨੂੰ ਚੇਨਈ ਸੁਪਰ ਕਿੰਗਜ਼ ਨੇ 2 ਕਰੋੜ 40 ਲੱਖ ਰੁਪਏ ਵਿਚ ਖਰੀਦਿਆ। ਹਾਰਦਿਕ ਪੰਡਯਾ ਦੇ ਭਰਾ ਕਰੁਣਾਲ ਪੰਡਯਾ ਨੂੰ ਆਰ.ਸੀ.ਬੀ. ਨੇ 5 ਕਰੋੜ 75 ਲੱਖ ਰੁਪਏ ਵਿਚ ਖਰੀਦਿਆ। ਨਿਤਿਸ਼ ਰਾਣਾ ਨੂੰ ਰਾਜਸਥਾਨ ਰਾਇਲਜ਼ ਨੇ 4 ਕਰੋੜ 20 ਲੱਖ ਰੁਪਏ ਵਿਚ ਖਰੀਦਿਆ।
ਪਹਿਲੇ ਦਿਨ ਨਾ ਵਿਕ ਸਕੇ ਦੇਵਦੱਤ ਪੱਡੀਕਲ ਨੂੰ ਆਰ.ਸੀ.ਬੀ. ਨੇ ਬੇਸ ਪ੍ਰਾਈਸ 2 ਕਰੋੜ ਰੁਪਏ ’ਤੇ ਖਰੀਦਿਆ ਜਦਕਿ ਨਿਊਜ਼ੀਲੈਂਡ ਦੇ ਗਲੇਨ ਫਿਲਿਪਸ ਨੂੰ ਗੁਜਰਾਤ ਟਾਈਟਨਜ਼ ਨੇ 2 ਕਰੋੜ ਰੁਪਏ ਵਿਚ, ਮੋਇਨ ਅਲੀ ਤੇ ਉਮਰਾਨ ਮਲਿਕ ਨੂੰ ਕੇ.ਕੇ.ਆਰ. ਨੇ ਕ੍ਰਮਵਾਰ 2 ਕਰੋੜ ਤੇ 75 ਲੱਖ ਰੁਪਏ ਵਿਚ ਖਰੀਦਿਆ।
ਇਹ ਵੀ ਪੜ੍ਹੋ- Punjab Kings ਵੱਲੋੋਂ ਖੇਡਣਗੇ ਲੁਧਿਆਣਾ ਦੇ ਨਿਹਾਲ ਵਡੇਰਾ, ਕਿਹਾ- 'ਇਸ ਟੀਮ ਨਾਲ ਹੈ ਖ਼ਾਸ Connection...'
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e