ਖਿਤਾਬੀ ਹੈਟ੍ਰਿਕ ਬਣਾਉਣ ਉਤਰੇਗਾ 5 ਵਾਰ ਦਾ ਚੈਂਪੀਅਨ ਮੁੰਬਈ, ਸਪਿਨ ਵਿਭਾਗ ਹੈ ਕਮਜ਼ੋਰ ਪੱਖ

04/01/2021 4:23:19 PM

ਮੁੰਬਈ (ਭਾਸ਼ਾ)– ਮਜ਼ਬੂਤ ਬੱਲੇਬਾਜ਼ੀ, ਚੰਗੇ ‘ਪਾਵਰ ਹਿਟਰ’ ਦੀ ਮੌਜੂਦਗੀ ਤੇ ਮਜ਼ਬੂਤ ਤੇਜ਼ ਗੇਂਦਬਾਜ਼ੀ ਹਮਲੇ ਨਾਲ 5 ਵਾਰ ਦਾ ਚੈਂਪੀਅਨ ਮੁੰਬਈ ਆਗਾਮੀ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਵਿਚ ਖਿਤਾਬ ਦੇ ਪ੍ਰਮੁੱਖ ਦਾਅਵੇਦਾਰ ਦੇ ਰੂਪ ਵਿਚ ਸ਼ੁਰੂਆਤ ਕਰੇਗਾ ਹਾਲਾਂਕਿ ਮੁੰਬਈ ਦਾ ਕਮਜ਼ੋਰ ਪੱਖ ਉਸਦਾ ਸਪਿਨ ਵਿਭਾਗ ਹੈ, ਜਿਹੜਾ ਉਸਦੀ ਖਿਤਾਬੀ ਹੈਟ੍ਰਿਕ ਦੇ ਰਸਤੇ ਵਿਚ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ।

ਰੋਹਿਤ ਸ਼ਰਮਾ ਦੀ ਅਗਵਾਈ ਵਾਲੀ ਮੁੰਬਈ ਇੰਡੀਅਨਜ਼ ਦੀ ਟੀਮ ਆਪਣਾ ਪਹਿਲਾ ਮੈਚ 9 ਅਪ੍ਰੈਲ ਨੂੰ ਚੇਨਈ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਵਿਰੁੱਧ ਖੇਡੇਗੀ। ਮੁੰਬਈ ਇੰਡੀਅਨਜ਼ ਨੇ 2019 ਵਿਚ ਖਿਤਾਬ ਜਿੱਤਣ ਤੋਂ ਬਾਅਦ 2020 ਵਿਚ ਕੋਵਿਡ-19 ਮਹਾਮਾਰੀ ਦੇ ਕਾਰਣ ਯੂ. ਏ. ਈ. ਵਿਚ ਖੇਡੇ ਗਏ ਟੂਰਨਾਮੈਂਟ ਵਿਚ ਵੀ ਆਪਣਾ ਝੰਡਾ ਲਹਿਰਾਇਆ ਸੀ। ਮੁੰਬਈ ਨੇ ਪਿਛਲੇ ਕਈ ਸਾਲਾਂ ਤੋਂ ਆਪਣੇ ਪ੍ਰਮੁੱਖ ਖਿਡਾਰੀਆਂ ਨੂੰ ਟੀਮ ਵਿਚ ਬਰਕਰਾਰ ਰੱਖਿਆ ਹੈ ਤੇ ਉਸ ਦੇ ਦਬਦਬੇ ਦਾ ਇਹ ਮੁੱਖ ਕਾਰਣ ਰਿਹਾ ਹੈ। ਬੱਲੇਬਾਜ਼ੀ ਮੁੰਬਈ ਦਾ ਮਜ਼ਬੂਤ ਪੱਖ ਹੈ, ਜਿਸ ਵਿਚ ਕਪਤਾਨ ਰੋਹਿਤ ਸ਼ਰਮਾ ਤੇ ਦੱਖਣੀ ਅਫਰੀਕਾ ਦੇ ਕਵਿੰਟਨ ਡੀ ਕੌਕ ਵਰਗੇ ਸਲਾਮੀ ਬੱਲੇਬਾਜ਼ ਸ਼ਾਮਲ ਹਨ। ਜੇਕਰ ਲੋੜ ਪੈਂਦੀ ਹੈ ਤਾਂ ਆਸਟਰੇਲੀਆ ਦਾ ਕ੍ਰਿਸ ਲਿਨ ਵੀ ਜ਼ਿੰਮੇਵਾਰੀ ਸੰਭਾਲਣ ਲਈ ਤਿਆਰ ਰਹੇਗਾ।

ਆਪਣੀ ਖੇਡ ਵਿਚ ਲਗਾਤਾਰ ਸੁਧਾਰ ਕਰ ਰਹੇ ਸੂਰਯਕੁਮਾਰ ਯਾਦਵ ਤੇ ਇਸ਼ਾਨ ਕਿਸ਼ਨ ਉਸਦੇ ਤਰੁੱਪ ਦੇ ਇੱਕੇ ਹਨ। ਇਨ੍ਹਾਂ ਦੋਵਾਂ ਨੇ ਹਾਲ ਹੀ ਵਿਚ ਭਾਰਤ ਵਲੋਂ ਕੌਮਾਂਤਰੀ ਕ੍ਰਿਕਟ ਵਿਚ ਡੈਬਿਊ ਕੀਤਾ। ਪੰਡਯਾ ਭਰਾਵਾਂ ਆਲਰਾਊਂਡਰ ਹਾਰਦਿਕ ਤੇ ਕਰੁਣਾਲ ਤੇ ਵੈਸਟਇੰਡੀਜ਼ ਦੇ ਕੀਰੋਨ ਪੋਲਾਰਡ ਦੀ ਮੌਜੂਦਗੀ ਨਾਲ ਉਸਦਾ ਮੱਧਕ੍ਰਮ ਬੇਹੱਦ ਮਜ਼ਬੂਤ ਦਿਸਦਾ ਹੈ।

ਗੇਂਦਬਾਜ਼ੀ ਵਿਭਾਗ ਵਿਚ ਉਸਦੇ ਕੋਲ ਭਾਰਤ ਦਾ ਸਰਵਸ੍ਰੇਸ਼ਠ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਹੈ। ਪਿਛਲੇ ਸੈਸ਼ਨ ਵਿਚ ਨਿਊਜ਼ੀਲੈਂਡ ਦੇ ਟ੍ਰੇਂਟ ਬੋਲਟ ਨੇ ਪਾਵਰ ਪਲੇਅ ਵਿਚ ਵਿਕਟ ਲੈਣ ਦੀ ਆਪਣੀ ਸਮਰੱਥਾ ਸਾਬਤ ਕੀਤੀ ਸੀ। ਆਸਟਰੇਲੀਆ ਦਾ ਨਾਥਨ ਕੂਲਟਰ ਨਾਇਲ ਵੀ ਉਸਦੇ ਕੋਲ ਹੈ, ਜਿਸ ਨਾਲ ਮੁੰਬਈ ਦਾ ਤੇਜ਼ ਗੇਂਦਬਾਜ਼ੀ ਹਮਲਾ ਖਤਰਨਾਕ ਨਜ਼ਰ ਆਉਂਦਾ ਹੈ। ਮੁੰਬਈ ਦਾ ਕਮਜ਼ੋਰ ਪੱਖ ਉਸਦਾ ਸਪਿਨ ਵਿਭਾਗ ਹੈ ਜਿਹੜਾ ਕਿ ਚੇਨਈ ਦੇ ਚੇਪਕ ਸਟੇਡੀਅਮ ਦੀ ਪਿੱਚ ’ਤੇ ਬੇਹੱਦ ਕਾਰਗਾਰ ਸਾਬਤ ਹੋਵੇਗਾ।

ਮੁੰਬਈ ਕੋਲ ਵਿਕਟ ਹਾਸਲ ਕਰਨ ਵਾਲੇ ਸਪਿਨਰ ਨਹੀਂ ਹਨ ਤੇ ਇਹ ਕਮਜ਼ੋਰੀ ਉਸ ਨੂੰ ਭਾਰੀ ਪੈ ਸਕਦੀ ਹੈ। ਖੱਬੇ ਹੱਥ ਦਾ ਸਪਿਨਰ ਕਰੁਣਾਲ ਪੰਡਯਾ ਦੌੜਾਂ ’ਤੇ ਰੋਕ ਲਾ ਸਕਦਾ ਹੈ ਪਰ ਉਹ ਵਿਕਟ ਹਾਸਲ ਕਰਨ ਵਿਚ ਮਾਹਿਰ ਨਹੀਂ ਹੈ। ਅਜਿਹੇ ਵਿਚ ਸਪਿਨ ਵਿਭਾਗ ਦੀ ਜ਼ਿੰਮੇਵਾਰੀ ਰਾਹੁਲ ਚਾਹਰ ਦੇ ਮੋਢਿਆਂ ’ਤੇ ਆ ਜਾਂਦੀ ਹੈ, ਜਿਸ ਨੂੰ ਆਈ. ਪੀ. ਐੱਲ. ਦੀ ਦੇਣ ਮੰਨਿਆ ਜਾਂਦਾ ਹੈ। ਆਫ ਸਪਿਨਰ ਜਯੰਤ ਯਾਦਵ ਨੇ ਪਿਛਲੇ ਸੈਸ਼ਨ ਵਿਚ ਸਿਰਫ ਦੋ ਮੈਚ ਖੇਡੇ ਸਨ ਤੇ ਦੇਖਣਾ ਹੈ ਕਿ ਇਸ ਵਾਰ ਉਸ ਨੂੰ ਕਿੰਨੇ ਮੈਚਾਂ ਵਿਚ ਮੌਕਾ ਮਿਲਦਾ ਹੈ। ਮੁੰਬਈ ਨੇ ਤਜਰਬੇਕਾਰ ਪਿਊਸ਼ ਚਾਵਲਾ ਨੂੰ ਟੀਮ ਨਾਲ ਜੋੜਿਆ ਹੈ ਪਰ ਚਾਹਰ ਤੇ ਕਰੁਣਾਲ ਦੀ ਮੌਜੂਦਗੀ ਵਿਚ ਉਸ ਨੂੰ ਜ਼ਿਆਦਾਤਰ ਮੈਚਾਂ ਵਿਚੋਂ ਬਾਹਰ ਰਹਿਣਾ ਪੈ ਸਕਦਾ ਹੈ। ਚਾਵਲਾ ਨੇ ਆਈ. ਪੀ. ਐੱਲ. ਵਿਚ 156 ਵਿਕਟਾਂ ਲਈਆਂ ਹਨ ਤੇ ਉਹ ਇਸ ਟੂਰਨਾਮੈਂਟ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿਚ ਤੀਜੇ ਨੰਬਰ ’ਤੇ ਹੈ।

ਮੁੰਬਈ ਕੋਲ ਮੱਧਕ੍ਰਮ ਵਿਚ ਬਿੱਗ ਹਿੱਟਰ ਹਨ ਤੇ ਇਹ ਟੀਮ ਦਾ ਮਜ਼ਬੂਤ ਪੱਖ ਹੈ। ਵਿਸ਼ੇਸ਼ ਤੌਰ ’ਤੇ ਚੇਨਈ ਤੇ ਬੈਂਗਲੁਰੂ ਵਿਚ ਟੀਚੇ ਦਾ ਪਿੱਛਾ ਕਰਦੇ ਹੋਏ ਉਨ੍ਹਾਂ ਨੂੰ ਇਸ ਨਾਲ ਕਾਫੀ ਲਾਭ ਮਿਲੇਗਾ। ਇਨ੍ਹਾਂ ਵਿਚ ਪੋਲਾਰਡ ਤੇ ਪੰਡਯਾ ਭਰਾ ਪ੍ਰਮੁੱਖ ਹਨ। ਪੋਲਾਰਡ ਗੇਂਦਬਾਜ਼ੀ ਵਿਚ ਵੀ ਆਪਣਾ ਯੋਗਦਾਨ ਦੇ ਸਕਦਾ ਹੈ ਤੇ ਪੰਜਵੇਂ ਜਾਂ ਛੇਵੇਂ ਗੇਂਦਬਾਜ਼ ਦੀ ਭੂਮਿਕਾ ਨਿਭਾ ਸਕਦਾ ਹੈ।

ਮੁੰਬਈ ਦੀ ਟੀਮ ਇਸ ਤਰ੍ਹਾਂ ਹੈ : ਰੋਹਿਤ ਸ਼ਰਮਾ (ਕਪਤਾਨ), ਐਡਮ ਮਿਲਨੇ, ਆਦਿੱਤਿਆ ਤਾਰੇ, ਅਨਮੋਲਪ੍ਰੀਤ ਸਿੰਘ, ਅਨੁਕੂਲ ਰਾਏ, ਅਰਜੁਨ ਤੇਂਦੁਲਕਰ, ਕ੍ਰਿਸ ਲਿਨ, ਧਵਲ ਕੁਲਕਰਣੀ, ਹਾਰਦਿਕ ਪੰਡਯਾ, ਇਸ਼ਾਨ ਕਿਸ਼ਨ (ਵਿਕਟਕੀਪਰ), ਜੇਮਸ ਨੀਸ਼ਮ, ਜਸਪ੍ਰੀਤ ਬੁਮਰਾਹ, ਜਯੰਤ ਯਾਦਵ, ਕੀਰੋਨ ਪੋਲਾਰਡ, ਕਰੁਣਾਲ ਪੰਡਯਾ, ਮਾਰਕਰ ਜਾਨਸੇਨ, ਮੋਹਸਿਨ ਖਾਨ, ਨਾਥਨ ਕੂਲਟਰ ਨਾਇਲ, ਪਿਊਸ਼ ਚਾਵਲਾ, ਕਵਿੰਟਨ ਡੀ ਕੌਕ (ਵਿਕਟਕੀਪਰ), ਰਾਹੁਲ ਚਾਹਰ, ਸੌਰਭ ਤਿਵਾੜੀ, ਸੂਰਯਕੁਮਾਰ ਯਾਦਵ, ਟ੍ਰੇਂਟ ਬੋਲਟ, ਯੁਧਵੀਰ ਸਿੰਘ।
 


cherry

Content Editor

Related News