IPL 2019 : ''ਕੈਪਟਨ ਕੂਲ'' ਨੂੰ ਟੱਕਰ ਦੇਵੇਗਾ ਪੰਤ

03/26/2019 1:31:14 AM

ਨਵੀਂ ਦਿੱਲੀ— ਨਵੇਂ ਕਲੇਵਰ ਦੇ ਨਾਲ ਆਈ. ਪੀ. ਐੱਲ.-12 ਦਾ ਜੇਤੂ ਆਗਾਜ਼ ਕਰ ਚੁੱਕੀ ਦਿੱਲੀ ਕੈਪੀਟਲਸ ਦੀ ਟੀਮ ਮੰਗਲਵਾਰ ਨੂੰ ਆਪਣੇ ਘਰੇਲੂ ਮੈਦਾਨ 'ਤੇ ਸਾਬਕਾ ਚੈਂਪੀਅਨ ਚੇਨਈ ਸੁਪਰ ਕਿੰਗਜ਼ ਦੀ ਚੁਣੌਤੀ ਦਾ ਸਾਹਮਣਾ ਕਰੇਗੀ ਪਰ ਇਸ ਮੁਕਾਬਲੇ ਵਿਚ ਨਜ਼ਰਾਂ ਵਿਕਟਕੀਪਰਾਂ ਮਹਿੰਦਰ ਸਿੰਘ ਧੋਨੀ ਤੇ ਨੌਜਵਾਨ ਰਿਸ਼ਭ ਪੰਤ ਦੀ ਟੱਕਰ 'ਤੇ ਲੱਗੀਆਂ ਹੋਣਗੀਆਂ। ਟੀ-20 ਟੂਰਨਾਮੈਂਟ ਦੀ ਸਭ ਤੋਂ ਫਾਡੀ ਟੀਮ ਨੇ ਲੰਬੇ ਸਮੇਂ ਬਾਅਦ ਆਈ. ਪੀ. ਐੱਲ. ਦੀ ਸ਼ੁਰੂਆਤ ਜਿੱਤ ਨਾਲ ਕੀਤੀ ਹੈ ਤੇ ਤਿੰਨ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ ਨੂੰ ਉਸੇ ਦੇ ਘਰੇਲੂ ਮੈਦਾਨ 'ਤੇ 37 ਦੌੜਾਂ ਨਾਲ ਹਰਾਇਆ। ਦਿੱਲੀ ਡੇਅਰਡੇਵਿਲਜ਼ ਤੋਂ ਨਾਂ ਬਦਲ ਕੇ ਦਿੱਲੀ ਕੈਪੀਟਲਸ ਦੇ ਰੂਪ ਵਿਚ ਆਈ. ਪੀ. ਐੱਲ.-12 ਦੀ ਸੁਖਦਾਇਕ ਸ਼ੁਰੂਆਤ ਤੋਂ ਟੀਮ ਉਤਸ਼ਾਹਿਤ ਹੈ ਤੇ ਉਸ ਦਾ ਆਤਮ-ਵਿਸ਼ਵਾਸ ਵੀ ਵਧਿਆ ਹੈ, ਉਥੇ ਹੀ ਉਹ ਆਪਣਾ ਅਗਲਾ ਮੈਚ ਘਰੇਲੂ ਮੈਦਾਨ 'ਤੇ ਖੇਡਣ ਉਤਰ ਰਹੀ ਹੈ, ਜਿਸ ਨਾਲ ਉਸ ਨੂੰ ਘਰੇਲੂ ਹਾਲਾਤ ਦਾ ਵੀ ਫਾਇਦਾ ਮਿਲੇਗਾ।
ਦਿੱਲੀ ਨੂੰ ਹਾਲਾਂਕਿ ਆਈ. ਪੀ. ਐੱਲ. ਦੀ ਸਫਲ ਟੀਮ ਚੇਨਈ ਤੋਂ ਬਚਣਾ ਪਵੇਗਾ, ਜਿਹੜੀ ਆਪਣੇ ਤਜਰਬੇਕਾਰ ਕਪਤਾਨ ਤੇ ਵਿਕਟਕੀਪਰ ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਿਚ ਤਿੰਨ ਵਾਰ ਖਿਤਾਬ ਜਿੱਤ ਚੁੱਕੀ ਹੈ। ਚੇਨਈ ਨੇ ਆਪਣਾ ਪਿਛਲਾ ਤੇ ਟੂਰਨਾਮੈਂਟ ਦਾ ਉਦਘਾਟਨੀ ਮੈਚ ਰਾਇਲ ਚੈਲੰਜਰਜ਼ ਬੈਂਗਲੁਰੂ ਤੋਂ ਆਪਣੇ ਮੈਦਾਨ 'ਤੇ 7 ਵਿਕਟਾਂ ਨਾਲ ਜਿੱਤਿਆ ਸੀ ਤੇ ਉਸ ਦੀ ਕੋਸ਼ਿਸ਼ ਵੀ ਲੈਅ ਬਰਕਰਾਰ ਰੱਖਣ ਦੀ ਹੋਵੇਗੀ।
ਚੇਨਈ ਤੇ ਦਿੱਲੀ ਦੋਵੇਂ ਹੀ ਟੀਮਾਂ ਆਪਣੇ-ਆਪਣੇ ਪਿਛਲੇ ਮੈਚ ਜਿੱਤ ਚੁੱਕੀਆਂ ਹਨ, ਅਜਿਹੀ ਹਾਲਤ ਵਿਚ ਕਿਸੇ ਨੂੰ ਘੱਟ ਨਹੀਂ ਮੰਨਿਆ ਜਾ ਸਕਦਾ। ਹਾਲਾਂਕਿ ਕੋਟਲਾ ਵਿਚ ਹੋਣ ਵਾਲੇ ਮੁਕਾਬਲੇ ਵਿਚ ਨਜ਼ਰਾਂ ਦੋਵਾਂ ਟੀਮਾਂ ਦੇ ਵਿਕਟਕੀਪਰਾਂ 'ਤੇ ਲੱਗੀਆਂ ਹੋਣਗੀਆਂ। ਜਿਥੇ ਚੇਨਈ ਕੋਲ ਵੱਡਾ ਤਜਰਬਾ ਹੈ, ਉਥੇ ਹੀ ਦਿੱਲੀ ਨੂੰ ਉਸ ਦੇ ਓਪਨਿੰਗ ਮੈਚ 'ਚ ਜਿੱਤ ਦਿਵਾਉਣ ਵਿਚ ਨੌਜਵਾਨ ਵਿਕਟਕੀਪਰ ਪੰਤ ਨੇ ਅਹਿਮ ਭੂਮਿਕਾ ਨਿਭਾਈ ਸੀ। ਪੰਤ ਨੇ ਮੁੰਬਈ ਵਿਰੁੱਧ ਮੈਚ 'ਚ 5ਵੇਂ ਨੰਬਰ 'ਤੇ ਬੱਲੇਬਾਜ਼ੀ ਕਰਦਿਆਂ ਅਜੇਤੂ 78 ਦੌੜਾਂ ਦੀ ਧਮਾਕੇਦਾਰ ਪਾਰੀ ਖੇਡੀ ਸੀ, ਜਿਸ ਵਿਚ ਸਿਰਫ 27 ਗੇਂਦਾਂ ਵਿਚ ਉਸ ਨੇ 7 ਚੌਕੇ ਤੇ 7 ਛੱਕੇ ਲਾਏ ਸਨ। ਆਪਣੇ ਕਰੀਅਰ ਦੇ ਆਖਰੀ ਪੜਾਅ 'ਤੇ ਪਹੁੰਚ ਗਏ 37 ਸਾਲਾ ਵਿਕਟਕੀਪਰ ਧੋਨੀ ਦੀ ਜਗ੍ਹਾ ਭਾਰਤੀ ਰਾਸ਼ਟਰੀ ਟੀਮ ਵਿਚ ਹੁਣ ਪੰਤ ਨੂੰ ਉਸ ਦਾ ਉੱਤਰਾਧਿਕਾਰੀ ਮੰਨਿਆ ਜਾ ਰਿਹਾ ਹੈ। ਹਾਲਾਂਕਿ ਦੋਵਾਂ (ਧੋਨੀ ਤੇ ਪੰਤ) ਦੀ ਖੇਡ ਅਤੇ ਤਜਰਬਾ ਦੋਵਾਂ ਦੇ ਪੱਧਰ ਵਿਚਾਲੇ ਕਾਫੀ ਵੱਡਾ ਫਰਕ ਪੈਦਾ ਕਰਦਾ ਹੈ।
30 ਮਈ ਤੋਂ ਇੰਗਲੈਂਡ ਵਿਚ ਸ਼ੁਰੂ ਹੋਣ ਵਾਲੇ ਆਈ. ਸੀ. ਸੀ. ਵਿਸ਼ਵ ਕੱਪ ਤੋਂ ਪਹਿਲਾਂ ਭਾਰਤ ਦੀ ਆਸਟਰੇਲੀਆ ਵਿਰੁੱਧ ਆਖਰੀ ਵਨ ਡੇ ਸੀਰੀਜ਼ ਵਿਚ ਪੰਤ ਨੇ ਸਟੰਪਸ ਦੇ ਪਿੱਛੇ ਕਾਫੀ ਨਿਰਾਸ਼ ਕੀਤਾ ਸੀ, ਜਿਸ ਤੋਂ ਬਾਅਦ ਉਸ ਦੀ ਖੇਡ 'ਤੇ ਸਵਾਲ ਉੱਠਣ ਲੱਗੇ ਸਨ। ਭਾਰਤ ਨੇ ਆਪਣੀ ਵਿਸ਼ਵ ਕੱਪ ਟੀਮ ਹੁਣ ਤਕ ਨਹੀਂ ਚੁਣੀ ਹੈ, ਅਜਿਹੀ ਹਾਲਤ ਵਿਚ ਨਾ ਸਿਰਫ ਪੰਤ ਆਪਣੇ ਨਿੱਜੀ ਪ੍ਰਦਰਸ਼ਨ ਨਾਲ ਪ੍ਰਭਾਵਿਤ ਕਰਨਾ ਚਾਹੇਗਾ, ਸਗੋਂ ਪ੍ਰਸ਼ੰਸਕ ਵੀ ਧੋਨੀ ਤੇ ਪੰਤ ਦੀ ਖੇਡ ਦੀ ਸਮੀਖਿਆ ਜ਼ਰੂਰ ਕਰਨਗੇ। ਦਿੱਲੀ ਨੇ ਮੁੰਬਈ ਵਿਰੁੱਧ ਪਿਛਲੇ ਮੈਚ ਵਿਚ ਜਿਥੇ ਬੱਲੇ ਤੇ ਗੇਂਦ ਨਾਲ ਸੰਤੁਲਿਤ ਖੇਡ ਦਿਖਾਈ ਸੀ, ਉਥੇ ਹੀ ਚੇਨਈ ਨੂੰ ਸਿਰਫ 71 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਲਈ 18 ਓਵਰਾਂ ਤਕ ਸੰਘਰਸ਼ ਕਰਨਾ ਪਿਆ ਸੀ, ਹਾਲਾਂਕਿ ਧੋਨੀ ਨੇ ਇਸ ਦੇ ਲਈ ਚੇਪੌਕ ਸਟੇਡੀਅਮ ਦੀ ਪਿੱਚ ਨੂੰ ਜ਼ਿੰਮੇਵਾਰ ਠਹਿਰਾਇਆ ਸੀ।


Gurdeep Singh

Content Editor

Related News