IPL 2019 : ਹੈਦਰਾਬਾਦ ਨੂੰ ''ਐਲਿਮੀਨੇਟ'' ਕਰਨ ਉਤਰੇਗੀ ਦਿੱਲੀ

05/08/2019 1:08:07 AM

ਵਿਸ਼ਾਖਾਪਟਨਮ- ਆਈ. ਪੀ. ਐੱਲ. ਟੂਰਨਾਮੈਂਟ ਦੇ ਇਤਿਹਾਸ ਵਿਚ ਆਪਣੇ ਪਹਿਲੇ ਖਿਤਾਬ ਦੀ ਭਾਲ ਵਿਚ ਲੱਗੀ ਦਿੱਲੀ ਕੈਪੀਟਲਸ ਬੁੱਧਵਾਰ ਨੂੰ ਕਿਸਮਤ ਨਾਲ ਪਲੇਅ ਆਫ ਵਿਚ ਪਹੁੰਚੀ ਸਨਰਾਈਜ਼ਰਜ਼ ਹੈਦਰਾਬਾਦ ਨੂੰ ਉਸੇ ਦੇ ਘਰ ਵਿਚ ਬਾਹਰ ਕਰਨ ਦੇ ਇਰਾਦੇ ਨਾਲ ਉਤਰੇਗੀ। ਦਿੱਲੀ ਆਈ. ਪੀ. ਐੱਲ. ਦੇ 12ਵੇਂ ਸੈਸ਼ਨ ਵਿਚ ਆਪਣਾ ਚਿਹਰਾ ਬਦਲ ਕੇ ਉਤਰੀ ਤੇ ਉਸ ਨੂੰ ਇਸਦਾ ਫਾਇਦਾ ਵੀ ਮਿਲਿਆ। ਸਾਲ 2013 ਤੋਂ ਬਾਅਦ ਲਗਾਤਾਰ ਅੰਕ ਸੂਚੀ ਵਿਚ ਆਖਰੀ ਸਥਾਨ 'ਤੇ ਰਹੀ ਦਿੱਲੀ ਨੇ ਇਸ ਵਾਰ ਲੀਗ ਗੇੜ ਵਿਚ ਕਮਾਲ ਦਾ ਪ੍ਰਦਰਸ਼ਨ ਕੀਤਾ ਤੇ 14 ਮੈਚਾਂ ਵਿਚੋਂ 9 ਜਿੱਤਾਂ ਨਾਲ ਤੀਜੇ ਨੰਬਰ 'ਤੇ ਰਹੀ। ਹਾਲਾਂਕਿ ਉਹ ਇਕ ਸਮੇਂ ਚੋਟੀ 'ਤੇ ਵੀ ਪਹੁੰਚੀ ਪਰ ਇਸ ਨੂੰ ਸਥਾਨ ਨੂੰ ਬਰਕਰਾਰ ਨਹੀਂ ਰੱਖ ਸਕੀ।
ਦੂਜੇ ਪਾਸੇ ਹੈਦਰਾਬਾਦ ਆਖਰੀ ਮੈਚ ਹਾਰ ਜਾਣ ਤੋਂ ਬਾਅਦ ਵਾਲ-ਵਾਲ ਬਚੀ ਤੇ ਮੁੰਬਈ ਇੰਡੀਅਨਜ਼ ਦੀ ਕੋਲਕਾਤਾ ਨਾਈਟ ਰਾਈਡਰਜ਼ 'ਤੇ 9 ਵਿਕਟਾਂ ਦੀ ਸ਼ਾਨਦਾਰ ਜਿੱਤ ਨੇ ਉਸ ਨੂੰ ਚੌਥੇ ਸਥਾਨ 'ਤੇ ਰਹਿੰਦਿਆਂ ਪਲੇਅ ਆਫ ਵਿਚ ਪਹੁੰਚਾ ਦਿੱਤਾ। ਵੈਸੇ ਹੈਦਰਾਬਾਦ ਲੀਗ ਗੇੜ ਦੇ 14 ਮੈਚਾਂ ਵਿਚੋਂ ਸਿਰਫ 6 ਹੀ ਜਿੱਤ ਸਕੀ, ਜਦਕਿ ਕੋਲਕਾਤਾ ਤੇ ਪੰਜਾਬ ਇੰਨੇ ਹੀ ਮੈਚ ਜਿੱਤਣ ਦੇ ਬਾਵਜੂਦ ਬਾਹਰ ਹੋ ਗਈਆਂ।
ਕਪਤਾਨ ਕੇਨ ਵਿਲੀਅਮਸਨ ਦੀ ਟੀਮ ਲੱਕੀ ਰਹੀ ਕਿ ਉਸ ਨੇ ਆਖਰੀ ਮੁਕਾਬਲਿਆਂ ਵਿਚ ਖਰਾਬ ਪ੍ਰਦਰਸ਼ਨ ਦੇ ਬਾਵਜੂਦ ਪਲੇਅ ਆਫ ਵਿਚ ਜਗ੍ਹਾ ਬਣਾ ਲਈ ਤੇ ਹੁਣ ਐਲਿਮੀਨੇਟਰ ਵਿਚ ਖੁਦ ਨੂੰ ਸਾਬਤ ਕਰ ਕੇ ਇਸ ਹੱਥ ਆਏ ਮੌਕੇ ਦਾ ਲਾਭ ਚੁੱਕਣ ਦਾ ਉਸਦੇ ਕੋਲ ਆਖਰੀ ਮੌਕਾ ਹੈ। ਹੈਦਰਾਬਾਦ ਨੂੰ ਆਪਣੇ ਆਖਰੀ ਮੈਚ ਵਿਚ ਅੰਕ ਸੂਚੀ ਦੀ ਆਖਰੀ ਟੀਮ ਤੇ ਪਲੇਅ ਆਫ ਦੀ ਦੌੜ ਵਿਚੋਂ ਸਭ ਤੋਂ ਪਹਿਲਾਂ ਬਾਹਰ ਹੋ ਚੁੱਕੀ ਰਾਇਲ ਚੈਲੰਜਰਜ਼ ਬੈਂਗਲੁਰੂ ਹੱਥੋਂ ਚਾਰ ਵਿਕਟਾਂ ਨਾਲ ਨਿਰਾਸ਼ਾਜਨਕ ਹਾਰ ਝੱਲਣੀ ਪਈ ਸੀ।  ਉਥੇ ਹੀ ਦਿੱਲੀ ਨੇ ਆਪਣਾ ਆਖਰੀ ਮੈਚ ਰਾਜਸਥਾਨ ਰਾਇਲਜ਼ ਨੂੰ ਆਪਣੇ ਕੋਟਲਾ ਮੈਦਾਨ ਵਿਚ 5 ਵਿਕਟਾਂ ਨਾਲ ਹਰਾ ਕੇ ਜਿੱਤਿਆ ਸੀ।
ਦਿੱਲੀ ਦੀ ਕੋਸ਼ਿਸ਼ ਰਹੇਗੀ ਕਿ ਉਹ ਇਸ ਕਰੋ ਜਾਂ ਮਰੋ ਦੇ ਮੁਕਾਬਲੇ ਵਿਚ ਪੂਰਾ ਲਾਏ ਤੇ ਆਪਣੇ ਪਹਿਲੇ ਖਿਤਾਬ ਦੀਆਂ ਉਮੀਦਾਂ ਬਰਕਰਾਰ ਰੱਖੇ। ਦਿੱਲੀ ਬੱਲੇਬਾਜ਼ੀ ਤੇ ਗੇਂਦਬਾਜ਼ੀ ਵਿਚ ਸੰਤੁਲਿਤ ਟੀਮ ਹੈ ਤੇ ਉਸ ਨੂੰ ਇਕ ਵਾਰ ਫਿਰ ਆਪਣੇ ਸਟਾਰ ਸਕੋਰਰਾਂ ਸ਼ਿਖਰ ਧਵਨ, ਕਪਤਾਨ ਸ਼੍ਰੇਅਸ ਅਈਅਰ ਤੇ ਧਮਾਕੇਦਾਰ ਵਿਕਟਕੀਪਰ ਰਿਸ਼ਭ ਪੰਤ ਤੋਂ ਕਾਫੀ ਉਮੀਦਾਂ ਹੋਣਗੀਆਂ, ਜਿਨ੍ਹਾਂ ਨੇ ਲੀਗ ਮੈਚਾਂ 'ਚ 400 ਤੋਂ ਵੱਧ ਦੌੜਾਂ ਬਣਾਈਆਂ ਹਨ।
ਪਿਛਲੇ ਮੈਚ ਵਿਚ ਪੰਤ ਅਜੇਤੂ 53 ਦੌੜਾਂ ਦੀ ਪਾਰੀ ਦੇ ਨਾਲ ਟਾਪ ਸਕੋਰਰ ਰਿਹਾ ਸੀ, ਜਦਕਿ ਗੇਂਦਬਾਜ਼ਾਂ ਵਿਚ ਸਪਿਨਰ ਅਮਿਤ ਮਿਸ਼ਰਾ ਨੇ ਕਿਫਾਇਤੀ ਗੇਂਦਬਾਜ਼ੀ ਦੇ ਨਾਲ 3 ਵਿਕਟਾਂ ਕੱਢ ਕੇ ਵਿਰੋਧੀ ਰਾਜਸਥਾਨ ਨੂੰ ਸਿਰਫ 115 ਦੌੜਾਂ 'ਤੇ ਰੋਕਣ ਵਿਚ ਮਦਦ ਕੀਤੀ ਸੀ। ਮਿਸ਼ਰਾ ਨੇ 9 ਮੈਚਾਂ ਵਿਚ 9 ਵਿਕਟਾਂ ਲਈਆਂ ਹਨ। ਸਭ ਤੋਂ ਸਫਲ ਗੇਂਦਬਾਜ਼ ਕੈਗਿਸੋ ਰਬਾਡਾ ਦੇ ਬਾਹਰ ਹੋਣ ਤੋਂ ਬਾਅਦ ਮਿਸ਼ਰਾ, ਅਕਸ਼ਰ ਪਟੇਲ ਤੇ ਇਸ਼ਾਂਤ ਸ਼ਰਮਾ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ ਹਨ।
ਦੂਜੇ ਪਾਸੇ ਹੈਦਰਾਬਾਦ ਆਪਣੇ ਟਾਪ ਸਕੋਰਰ ਡੇਵਿਡ ਵਾਰਨਰ ਦੀ ਕਮੀ ਨਾਲ ਜੂਝ ਰਹੀ ਹੈ। ਪਿਛਲੇ ਮੈਚ ਵਿਚ ਕਪਤਾਨ ਵਿਲੀਅਮਸਨ ਨੇ ਮੱਧ ਕ੍ਰਮ ਵਿਚ ਅਜੇਤੂ 70 ਦੌੜਾਂ ਦੀ  ਉਪਯੋਗੀ ਪਾਰੀ ਖੇਡੀ ਪਰ ਬਾਕੀ ਬੱਲੇਬਾਜ਼ਾਂ ਨੇ ਨਿਰਾਸ਼ ਕੀਤਾ। ਰਿਧੀਮਾਨ ਸਾਹਾ, ਮਾਰਟਿਨ ਗੁਪਟਿਲ, ਮਨੀਸ਼ ਪਾਂਡੇ ਤੇ ਭਾਰਤੀ ਵਿਸ਼ਵ ਕੱਪ ਟੀਮ ਦੇ ਖਿਡਾਰੀ ਆਲਰਾਊਂਡਰ ਵਿਜੇ ਸ਼ੰਕਰ ਨੂੰ ਮਹੱਤਵਪੂਰਨ ਮੁਕਾਬਲੇ ਵਿਚ ਹੋਰ ਬਿਹਤਰ ਖੇਡ ਦਿਖਾਉਣੀ ਪਵੇਗੀ। ਟੀਮ ਦਾ ਗੇਂਦਬਾਜ਼ੀ ਕ੍ਰਮ ਹਾਲਾਂਕਿ ਬਾਕੀ ਟੀਮਾਂ ਤੋਂ ਵੱਧ ਬਿਹਤਰ ਹੈ। ਭੁਵਨੇਸ਼ਵਰ ਕੁਮਾਰ, ਖਲੀਲ ਅਹਿਮਦ ਟੀਮ ਦੇ ਸਭ ਤੋਂ ਸਫਲ ਗੇਂਦਬਾਜ਼ਾਂ ਵਿਚ ਹਨ। ਇਸਦੇ ਇਲਾਵਾ ਰਾਸ਼ਿਦ ਖਾਨ ਹੁਣ ਤਕ 14 ਮੈਚਾਂ ਵਿਚੋਂ 15 ਵਿਕਟਾਂ ਲੈ ਕੇ ਟੀਮ ਦਾ ਦੂਜਾ ਸਭ ਤੋਂ ਉਪਯੋਗੀ ਗੇਂਦਬਾਜ਼ ਹੈ ਪਰ ਪਿਛਲੇ ਮੈਚ ਦੀਆਂ ਗਲਤੀਆਂ ਤੋਂ ਖਿਡਾਰੀਆਂ ਨੂੰ ਸਬਕ ਲੈਣਾ ਪਵੇਗਾ।


Gurdeep Singh

Content Editor

Related News