ਟੀ20 ਸੀਰੀਜ਼ ''ਚ ਸ਼੍ਰੀਲੰਕਾ ਨੂੰ ਹਰਾ ਕੇ ਕਲੀਨ ਸਵੀਪ ਕਰਨ ਦੇ ਇਰਾਦੇ ਉਤਰੇਗੀ ਭਾਰਤੀ ਮਹਿਲਾ ਟੀਮ

06/27/2022 11:29:44 AM

ਸਪੋਰਟਸ ਡੈਸਕ- ਸੀਰੀਜ਼ ਨੂੰ ਪਹਿਲਾਂ ਹੀ ਆਪਣੇ ਨਾਂ ਕਰ ਕੇ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਮਹਿਲਾ ਕ੍ਰਿਕਟ ਟੀਮ ਸੋਮਵਾਰ ਨੂੰ ਤੀਜੇ ਤੇ ਆਖ਼ਰੀ ਟੀ-20 ਕੌਮਾਂਤਰੀ ਮੈਚ ਵਿਚ ਮੇਜ਼ਬਾਨ ਸ਼੍ਰੀਲੰਕਾ ਨੂੰ ਹਰਾ ਕੇ ਸੀਰੀਜ਼ 'ਚ ਕਲੀਨ ਸਵੀਪ ਕਰਨ ਦੇ ਇਰਾਦੇ ਨਾਲ ਉਤਰੇਗੀ। ਹਰਮਨਪ੍ਰੀਤ ਕੌਰ ਦੀ ਅਗਵਾਈ ਵਾਲੀ ਭਾਰਤੀ ਮਹਿਲਾ ਟੀਮ ਨੇ ਪਹਿਲੇ ਟੀ-20 'ਚ ਘਰੇਲੂ ਟੀਮ ਨੂੰ 34 ਦੌੜਾਂ ਨਾਲ ਹਰਾਉਣ ਤੋਂ ਬਾਅਦ ਦੂਜੇ ਮੈਚ ਵਿਚ ਪੰਜ ਵਿਕਟਾਂ ਦੀ ਜਿੱਤ ਦੇ ਨਾਲ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਦੀ ਅਜੇਤੂ ਬੜ੍ਹਤ ਬਣਾਈ। 

ਇਹ ਵੀ ਪੜ੍ਹੋ : IND vs IRL 1st T20i : ਭਾਰਤ ਨੇ ਆਇਰਲੈਂਡ ਨੂੰ 7 ਵਿਕਟਾਂ ਨਾਲ ਹਰਾਇਆ

ਇਨ੍ਹਾਂ ਜਿੱਤਾਂ ਨਾਲ ਅਗਲੇ ਮਹੀਨੇ ਬਰਮਿੰਘਮ ਵਿਚ ਹੋਣ ਵਾਲੀਆਂ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਭਾਰਤ ਦਾ ਮਨੋਬਲ ਵਧੇਗਾ। ਇਸ ਵਾਰ ਰਾਸ਼ਟਰਮੰਡਲ ਖੇਡਾਂ 'ਚ ਮਹਿਲਾ ਟੀ-20 ਕ੍ਰਿਕਟ ਸ਼ੁਰੂਆਤ ਕਰ ਰਿਹਾ ਹੈ। ਭਾਰਤ ਨੇ ਜਿੱਤ ਦੀ ਲੈਅ ਹਾਸਲ ਕਰ ਲਈ ਹੈ ਪਰ ਟੀਮ ਸੀਰੀਜ਼ ਵਿਚ ਹੁਣ ਤਕ ਦੇ ਆਪਣੇ ਪ੍ਰਦਰਸ਼ਨ ਤੋਂ ਪੂਰੀ ਤਰ੍ਹਾਂ ਖ਼ੁਸ਼ ਨਹੀਂ ਹੋਵੇਗੀ। 

ਦੋਵਾਂ ਮੁਕਾਬਲਿਆਂ ਵਿਚ ਹੁਣ ਤਕ ਗੇਂਦਬਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਪਰ ਭਾਰਤੀ ਬੱਲੇਬਾਜ਼ੀ ਵਿਚ ਕਾਫੀ ਸੁਧਾਰ ਦੀ ਲੋੜ ਹੈ। ਇਸ ਤੋਂ ਇਲਾਵਾ ਭਾਰਤ ਦੀ ਫੀਲਡਿੰਗ ਵੀ ਉਮੀਦ ਮੁਤਾਬਕ ਨਹੀਂ ਰਹੀ। ਭਾਰਤੀ ਗੇਂਦਬਾਜ਼ਾਂ ਨੇ ਪ੍ਰਭਾਵਿਤ ਕੀਤਾ ਹੈ। ਸਪਿਨਰਾਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਤੇ ਹੌਲੀ ਪਿੱਚਾਂ ਦਾ ਪੂਰਾ ਫ਼ਾਇਦਾ ਉਠਾਇਆ। ਉਨ੍ਹਾਂ ਨੇ ਪਹਿਲੇ ਮੈਚ ਵਿਚ 138 ਦੌੜਾਂ ਦੇ ਸਕੋਰ ਦਾ ਆਸਾਨੀ ਨਾਲ ਬਚਾਅ ਕੀਤਾ। ਸ੍ਰੀਲੰਕਾ ਦੀ ਕਪਤਾਨ ਚਾਮਾਰੀ ਅਟਾਪੱਟੂ (43) ਤੇ ਸਲਾਮੀ ਬੱਲੇਬਾਜ਼ ਵਿਸ਼ਮੀ ਗੁਣਾਰਤਨੇ (45) ਨੇ ਦੂਜੇ ਮੈਚ ਵਿਚ 87 ਦੌੜਾਂ ਦੀ ਭਾਈਵਾਲੀ ਕਰ ਕੇ ਭਾਰਤੀ ਗੇਂਦਬਾਜ਼ਾਂ ਦਾ ਚੰਗੀ ਤਰ੍ਹਾਂ ਸਾਹਮਣਾ ਕੀਤਾ। ਮਹਿਮਾਨ ਟੀਮ ਦੀਆਂ ਗੇਂਦਬਾਜ਼ਾਂ ਨੇ ਹਾਲਾਂਕਿ ਵਾਪਸੀ ਕਰਦੇ ਹੋਏ ਆਖ਼ਰੀ 3.1 ਓਵਰਾਂ ਵਿਚ ਸਿਰਫ਼ 14 ਦੌੜਾਂ ਦਿੱਤੀਆਂ ਤੇ ਸ੍ਰੀਲੰਕਾ ਨੂੰ ਸਿਰਫ਼ 125 ਦੇ ਸਕੋਰ 'ਤੇ ਰੋਕ ਦਿੱਤਾ।

ਭਾਰਤੀ ਬੱਲੇਬਾਜ਼ਾਂ ਨੂੰ ਹਾਲਾਂਕਿ ਇਸ ਟੀਚੇ ਨੂੰ ਹਾਸਲ ਕਰਨ ਵਿਚ ਵੀ ਜੂਝਣਾ ਪਿਆ। ਸ਼ੇਫਾਲੀ ਵਰਮਾ (17), ਸਾਭਿਨੇਨੀ ਮੇਘਨਾ (17) ਤੇ ਯਸਤਿਕਾ ਭਾਟੀਆ (13) ਨੇ ਕ੍ਰੀਜ਼ 'ਤੇ ਟਿਕਣ ਤੋਂ ਬਾਅਦ ਵਿਕਟਾਂ ਗੁਆਈਆਂ। ਪਹਿਲੇ ਮੈਚ ਵਿਚ ਟੀਮ ਦੀ ਸਰਬੋਤਮ ਸਕੋਰਰ ਰਹੀ ਜੇਮਿਮਾ ਰਾਡਰੀਗਜ਼ (03) ਦੂਜੇ ਮੈਚ ਵਿਚ ਸਸਤੇ ਵਿਚ ਪਵੇਲੀਅਨ ਪਰਤ ਗਈ।

ਪਹਿਲੇ ਮੈਚ ਵਿਚ ਅਸਫਲ਼ ਰਹੀ ਸਲਾਮੀ ਬੱਲੇਬਾਜ਼ ਸਮਿ੍ਤੀ ਮੰਧਾਨਾ ਨੇ 34 ਗੇਂਦਾਂ ਵਿਚ 39 ਦੌੜਾਂ ਬਣਾ ਕੇ ਜ਼ੋਰਦਾਰ ਵਾਪਸੀ ਕੀਤੀ। ਮੰਧਾਨਾ ਤੋਂ ਇਲਾਵਾ ਕਪਤਾਨ ਹਰਮਨਪ੍ਰੀਤ ਕੌਰ (ਅਜੇਤੂ 31) ਨੇ ਵੀ ਉਪਯੋਗੀ ਪਾਰੀ ਖੇਡ ਕੇ ਭਾਰਤ ਨੂੰ ਜੇਤੂ ਬੜ੍ਹਤ ਦਿਵਾਉਣ ਵਿਚ ਅਹਿਮ ਭੂਮਿਕਾ ਨਿਭਾਈ। ਹਰਮਨਪ੍ਰੀਤ ਹੁਣ ਟੀ-20 ਕੌਮਾਂਤਰੀ ਮੈਚਾਂ ਵਿਚ ਭਾਰਤ ਦੀ ਸਭ ਤੋਂ ਕਾਮਯਾਬ ਬੱਲੇਬਾਜ਼ ਹੈ। ਸ੍ਰੀਲੰਕਾ ਦੀ ਟੀਮ ਲਗਾਤਾਰ ਦੂਜੀ ਸੀਰੀਜ਼ ਵਿਚ ਕਲੀਨ ਸਵੀਪ ਤੋਂ ਬਚਣ ਦੀ ਕੋਸ਼ਿਸ਼ ਕਰੇਗੀ। ਟੀਮ ਨੂੰ ਪਿਛਲੀ ਸੀਰੀਜ਼ ਵਿਚ ਪਾਕਿਸਤਾਨ ਨੇ 3-0 ਨਾਲ ਹਰਾਇਆ ਸੀ।

ਇਹ ਵੀ ਪੜ੍ਹੋ : ਫੀਡੇ ਕੈਂਡੀਡੇਟਸ ਸ਼ਤਰੰਜ : ਨੇਪੋਮਿੰਸੀ ਤੇ ਫਾਬੀਆਨੋ ਮੁੜ ਜਿੱਤੇ

ਦੋਵਾਂ ਟੀਮਾਂ 'ਚ ਸ਼ਾਮਲ ਖਿਡਾਰਨਾਂ
ਭਾਰਤ : ਹਰਮਨਪ੍ਰੀਤ ਕੌਰ (ਕਪਤਾਨ), ਸਮਿ੍ਤੀ ਮੰਧਾਨਾ, ਸਿਮਰਨ ਬਹਾਦੁਰ, ਯਸਤਿਕਾ ਭਾਟੀਆ, ਰਾਜੇਸ਼ਵਰੀ ਗਾਇਕਵਾੜ, ਰਿਚਾ ਘੋਸ਼, ਸਾਭਿਨੇਨੀ ਮੇਘਨਾ, ਮੇਘਨਾ ਸਿੰਘ, ਪੂਨਮ ਯਾਦਵ, ਰੇਣੂਕਾ ਸਿੰਘ, ਜੇਮਿਮਾ ਰਾਡ੍ਰੀਗੇਜ਼, ਸ਼ੇਫਾਲੀ ਵਰਮਾ, ਦੀਪਤੀ ਸ਼ਰਮਾ, ਪੂਜਾ ਵਸਤਰਾਕਾਰ ਤੇ ਰਾਧਾ ਯਾਦਵ।

ਸ੍ਰੀਲੰਕਾ : ਚਾਮਾਰੀ ਅਟਾਪੱਟੂ (ਕਪਤਾਨ), ਨਿਲਾਕਸ਼ੀ ਡਿਸਿਲਵਾ, ਕਵਿਸ਼ਾ ਦਿਲਹਾਰੀ, ਵਿਸ਼ਮੀ ਗੁਣਾਰਤਨੇ, ਅਮਾ ਕੰਚਨਾ, ਹੰਸਿਮਾ ਕਰੁਣਾਰਤਨੇ, ਅਚਿਨੀ ਕੁਲਸੂਰਿਆ, ਸੁਗੰਧਿਕਾ ਕੁਮਾਰੀ, ਹਰਸ਼ਿਤਾ ਮਦਵੀ, ਹਸਿਨੀ ਪਰੇਰਾ, ਉਦੇਸ਼ਿਕਾ ਪ੍ਰਬੋਧਨੀ, ਓਸ਼ਾਦੀ ਰਣਸਿੰਘੇ, ਇਨੋਕਾ ਰਣਵੀਰਾ, ਸਤਿਆ ਸੰਦੀਪਨੀ, ਅਨੁਸ਼ਕਾ ਸੰਜੀਵਨੀ, ਮਾਲਸ਼ਾ ਸ਼ੇਹਾਨੀ, ਥਾਰਿਕਾ ਸੇਵੰਡੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News