ਭਾਰਤੀ ਮਹਿਲਾ ਟੀਮ ਨੇ ਸ਼੍ਰੀਲੰਕਾ ਨੂੰ 9 ਵਿਕਟਾਂ ਨਾਲ ਹਰਾਇਆ
Monday, Apr 28, 2025 - 02:38 PM (IST)

ਕੋਲੰਬੋ– ਸਨੇਹ ਰਾਣਾ (3 ਵਿਕਟਾਂ), ਦੀਪਤੀ ਸ਼ਰਮਾ ਤੇ ਸ਼੍ਰੀ ਚਰਣੀ (2-2 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਤੋਂ ਬਾਅਦ ਪ੍ਰਤਿਕਾ ਰਾਵਲ (ਅਜੇਤੂ 50), ਹਰਲੀਨ ਦਿਓਲ (ਅਜੇਤੂ 48) ਤੇ ਸਮ੍ਰਿਤੀ ਮੰਧਾਨਾ (43 ਦੌੜਾਂ) ਦੀ ਬਿਹਤਰੀਨ ਬੱਲੇਬਾਜ਼ੀ ਦੀ ਬਦੌਲਤ ਭਾਰਤੀ ਮਹਿਲਾ ਟੀਮ ਨੇ ਐਤਵਾਰ ਨੂੰ ਮੀਂਹ ਪ੍ਰਭਾਵਿਤ ਤਿਕੋਣੀ ਲੜੀ ਦੇ ਪਹਿਲੇ ਵਨ ਡੇ ਮੁਕਾਬਲੇ ਵਿਚ ਸ਼੍ਰੀਲੰਕਾ ਨੂੰ 56 ਗੇਂਦਾਂ ਬਾਕੀ ਰਹਿੰਦਿਆਂ 9 ਵਿਕਟਾਂ ਨਾਲ ਹਰਾ ਦਿੱਤਾ।
148 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਲਈ ਪ੍ਰਤਿਕਾ ਰਾਵਲ ਤੇ ਸਮ੍ਰਿਤੀ ਮੰਧਾਨਾ ਦੀ ਸਲਾਮੀ ਜੋੜੀ ਨੇ ਚੰਗੀ ਸ਼ੁਰੂਆਤ ਕਰਦੇ ਹੋਏ ਪਹਿਲੀ ਵਿਕਟ ਲਈ 54 ਦੌੜਾਂ ਜੋੜੀਆਂ। 10ਵੇਂ ਓਵਰ ਵਿਚ ਇਨੋਕਾ ਰਨਾਵੀਰਾ ਨੇ ਅਰਧ ਸੈਂਕੜੇ ਵੱਲ ਵੱਧ ਰਹੀ ਸਮ੍ਰਿਤੀ ਮੰਧਾਨਾ ਨੂੰ ਆਊਟ ਕਰ ਕੇ ਸ਼੍ਰੀਲੰਕਾ ਨੂੰ ਪਹਿਲੀ ਸਫਲਤਾ ਦਿਵਾਈ। ਸਮ੍ਰਿਤੀ ਨੇ 46 ਗੇਂਦਾਂ ਵਿਚ 6 ਚੌਕੇ ਲਾਉਂਦੇ ਹੋਏ 43 ਦੌੜਾਂ ਦੀ ਪਾਰੀ ਖੇਡੀ। ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਆਈ ਹਰਲੀਨ ਦਿਓਲ ਨੇ ਪ੍ਰਤਿਕਾ ਰਾਵਲ ਦੇ ਸਬਰ ਨਾਲ ਬੱਲੇਬਾਜ਼ੀ ਕਰਦੇ ਹੋਏ ਆਪਣੀ ਭਾਰਤੀ ਟੀਮ ਨੂੰ 29.4 ਓਵਰਾਂ ਵਿਚ 1 ਵਿਕਟ ’ਤੇ 149 ਦੌੜਾਂ ਬਣਾ ਕੇ 9 ਵਿਕਟਾਂ ਨਾਲ ਜਿੱਤ ਦਿਵਾ ਦਿੱਤੀ। ਪ੍ਰਤਿਕਾ ਰਾਵਲ ਨੇ 62 ਗੇਂਦਾਂ ਵਿਚ 7 ਚੌਕੇ ਲਾਉਂਦੇ ਹੋਏ ਅਜੇਤੂ 50 ਦੌੜਾਂ ਬਣਾਈਆਂ। ਉੱਥੇ ਹੀ, ਹਰਲੀਨ ਦਿਓਲ ਨੇ 71 ਗੇਂਦਾਂ ਵਿਚ 4 ਚੌਕੇ ਲਾਉਂਦੇ ਹੋਏ 48 ਦੌੜਾਂ ਦੀ ਪਾਰੀ ਖੇਡੀ।
ਇਸ ਤੋਂ ਪਹਿਲਾਂ ਅੱਜ ਇੱਥੇ ਭਾਰਤੀ ਮਹਿਲਾ ਟੀਮ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਮੀਂਹ ਕਾਰਨ ਇਸ ਵਨ ਡੇ ਮੁਕਾਬਲੇ ਨੂੰ 39-39 ਓਵਰਾਂ ਦਾ ਕਰ ਦਿੱਤਾ ਗਿਆ ਸੀ। ਭਾਰਤੀ ਟੀਮ ਨੇ 39ਵੇਂ ਓਵਰ ਵਿਚ ਸ਼੍ਰੀਲੰਕਾ ਦੀ ਪਾਰੀ ਨੂੰ 147 ਦੌੜਾਂ ’ਤੇ ਸਮੇਟ ਦਿੱਤਾ ਸੀ। ਭਾਰਤੀ ਮਹਿਲਾ ਟੀਮ ਲਈ ਸਨੇਹ ਰਾਣਾ ਨੇ 3 ਵਿਕਟਾਂ ਲਈਆਂ। ਸ਼੍ਰੀ ਚਰਣੀ ਤੇ ਦੀਪਤੀ ਸ਼ਰਮਾ ਨੇ 2-2 ਵਿਕਟਾਂ ਲਈਆਂ।