ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਬੈਲਜੀਅਮ ਨੂੰ 3-2 ਨਾਲ ਹਰਾਇਆ
Monday, Jun 09, 2025 - 10:51 AM (IST)

ਐਂਟਵਰਪ- ਭਾਰਤੀ ਜੂਨੀਅਰ ਮਹਿਲਾ ਹਾਕੀ ਟੀਮ ਨੇ ਐਤਵਾਰ ਨੂੰ ਇੱਥੇ ਮੇਜ਼ਬਾਨ ਬੈਲਜੀਅਮ ’ਤੇ 3-2 ਦੀ ਜਿੱਤ ਦੇ ਨਾਲ ਆਪਣੇ ਯੂਰਪੀਅਨ ਦੌਰੇ ਦੀ ਹਾਂ-ਪੱਖੀ ਸ਼ੁਰੂਆਤ ਕੀਤੀ। ਭਾਰਤ ਨੇ ਗੀਤਾ ਯਾਦਵ (11ਵੇਂ ਮਿੰਟ) ਦੇ ਗੋਲ ਨਾਲ ਬੜ੍ਹਤ ਬਣਾਈ। ਹਾਲਾਂਕਿ ਦੂਜੇ ਕੁਆਰਟਰ ਵਿਚ ਬੈਲਜੀਅਮ ਨੇ ਮੈਰੀ ਗੋਏਨਜ਼ (25ਵੇਂ ਮਿੰਟ) ਦੇ ਗੋਲ ਨਾਲ ਬਰਾਬਰੀ ਹਾਸਲ ਕਰ ਲਈ।
ਜਲਦ ਹੀ ਬੈਲਜੀਅਮ ਨੇ ਲੂਈਸ ਵੈਨ ਹੇਕੇ (34ਵੇਂ ਮਿੰਟ) ਦੇ ਗੋਲ ਦੀ ਮਦਦ ਨਾਲ ਸਕੋਰ 2-1 ਕਰ ਦਿੱਤਾ। ਭਾਰਤ ਨੇ ਇਸ ਤੋਂ ਬਾਅਦ ਵਾਪਸੀ ਕੀਤੀ ਤੇ ਸੋਨਮ (40ਵੇਂ ਮਿੰਟ) ਦੇ ਗੋਲ ਨਾਲ ਸਕੋਰ 2-2 ਕਰ ਦਿੱਤਾ। ਮਹਿਮਾਨ ਟੀਮ ਨੇ ਲਗਾਤਾਰ ਹਮਲੇ ਜਾਰੀ ਰੱਖੇ ਤੇ ਉਸਦੀ ਰਣਨੀਤੀ ਕਾਰਗਰ ਸਾਬਤ ਹੋਈ ਜਦੋਂ ਉਸ ਨੂੰ ਪੈਨਲਟੀ ਕਾਰਨਰ ਮਿਲਿਆ ਤੇ ਲਾਲਥੰਤਲੂਆਂਗੀ (45ਵੇਂ ਮਿੰਟ) ਨੇ ਇਸ ਨੂੰ ਗੋਲ ਵਿਚ ਬਦਲ ਕੇ ਭਾਰਤ ਨੂੰ 3-2 ਨਾਲ ਅੱਗੇ ਕਰ ਦਿੱਤਾ ਜਿਹੜਾ ਫੈਸਲਾਕੁੰਨ ਸਕੋਰ ਸਾਬਤ ਹੋਇਆ। ਇਸ ਤੋਂ ਬਾਅਦ ਭਾਰਤੀ ਟੀਮ ਨੇ ਮਜ਼ਬੂਤ ਡਿਫੈਂਸ ਦੇ ਨਾਲ ਬੈਲਜੀਅਮ ਨੂੰ ਬਰਾਬਰੀ ਹਾਸਲ ਨਹੀਂ ਕਰਨ ਦਿੱਤੀ। ਭਾਰਤ ਆਪਣੇ ਯੂਰਪੀਅਨ ਦੌਰੇ ਦੇ ਦੂਜੇ ਮੈਚ ਵਿਚ 10 ਜੂਨ ਨੂੰ ਫਿਰ ਬੈਲਜੀਅਮ ਨਾਲ ਖੇਡੇਗਾ।