ਆਪਣਾ 950ਵਾਂ ਵਨ ਡੇ ਜਿੱਤਣ ਉਤਰੇਗਾ ਭਾਰਤ
Wednesday, Oct 24, 2018 - 02:49 AM (IST)

ਵਿਸ਼ਾਖਾਪਟਨਮ— ਕਪਤਾਨ ਵਿਰਾਟ ਕੋਹਲੀ ਤੇ ਓਪਨਰ ਰੋਹਿਤ ਸ਼ਰਮਾ ਦੇ ਦਮਦਾਰ ਸੈਂਕੜਿਆਂ ਨਾਲ ਪਹਿਲਾ ਵਨ ਡੇ 8 ਵਿਕਟਾਂ ਨਾਲ ਜਿੱਤ ਚੁੱਕੀ ਟੀਮ ਇੰਡੀਆ ਬੁੱਧਵਾਰ ਨੂੰ ਵੈਸਟਇੰਡੀਜ਼ ਵਿਰੁੱਧ ਇਥੇ ਹੋਣ ਵਾਲੇ ਦੂਜੇ ਵਨ ਡੇ ਵਿਚ ਜਿੱਤ ਦੀ ਲੈਅ ਨੂੰ ਬਰਕਰਾਰ ਰੱਖਦਿਆਂ 2-0 ਦੀ ਬੜ੍ਹਤ ਬਣਾਉਣ ਦੇ ਇਰਾਦੇ ਨਾਲ ਉਤਰੇਗੀ। ਇਹ ਭਾਰਤ ਦਾ 950ਵਾਂ ਵਨ ਡੇ ਹੋਵੇਗਾ ਤੇ ਉਹ ਇਸ ਨੂੰ ਯਾਦਗਾਰ ਬਣਾਉਣ ਦੀ ਕੋਸ਼ਿਸ਼ ਕਰੇਗਾ।
ਭਾਰਤ ਨੇ ਵੈਸਟਇੰਡੀਜ਼ ਤੋਂ ਪਹਿਲਾਂ ਦੋਵੇਂ ਟੈਸਟ 3 ਦਿਨਾਂ ਦੇ ਅੰਦਰ ਜਿੱਤ ਲਏ ਸਨ ਤੇ ਪਹਿਲੇ ਵਨ ਡੇ ਵਿਚ ਵਿੰਡੀਜ਼ ਦੀਆਂ 322 ਦੌੜਾਂ ਦੇ ਸਕੋਰ ਦੇ ਬਾਵਜੂਦ 42.1 ਓਵਰਾਂ ਵਿਚ ਹੀ ਜਿੱਤ ਹਾਸਲ ਕਰ ਲਈ ਸੀ।
ਭਾਰਤ ਦੇ ਚੋਟੀਕ੍ਰਮ ਦੇ ਬੱਲੇਬਾਜ਼ਾਂ ਨੇ ਹੀ ਮੁਕਾਬਲੇ ਨੂੰ ਇਸ ਹੱਦ ਤਕ ਖਤਮ ਕਰ ਦਿੱਤਾ ਕਿ ਮੱਧਕ੍ਰਮ ਨੂੰ ਅਜ਼ਮਾਉਣ ਦੀ ਲੋੜ ਹੀ ਨਹੀਂ ਪਈ। ਵਿੰਡੀਜ਼ ਦੇ ਗੇਂਦਬਾਜ਼ਾਂ ਨੇ ਹਾਲਾਂਕਿ ਪਹਿਲੇ ਹੀ ਓਵਰ ਵਿਚ ਧਵਨ ਦੀ ਵਿਕਟ ਕੱਢ ਲਈ ਸੀ ਪਰ ਇਸ ਤੋਂ ਬਾਅਦ ਉਨ੍ਹਾਂ ਦੇ ਸਾਰੇ ਗੇਂਦਬਾਜ਼ਾਂ ਦੀ ਵਿਰਾਟ ਤੇ ਰੋਹਿਤ ਦੀ ਜੋੜੀ ਨੇ ਰੱਜ ਕੇ ਕਲਾਸ ਲਾਈ।
ਵਿਰਾਟ-ਰੋਹਿਤ ਹੈ ਜ਼ਬਰਦਸਤ ਫਾਰਮ ਵਿਚ, ਪਹਿਲੇ ਵਨ ਡੇ 'ਚ ਲਾਏ ਸੀ ਸੈਂਕੜੇ
ਵੈਸਟਇੰਡੀਜ਼ ਨੇ ਜੇਕਰ 5 ਮੈਚਾਂ ਦੀ ਸੀਰੀਜ਼ ਨੂੰ ਮੁਕਾਬਲੇਬਾਜ਼ੀ ਦੇ ਲਿਹਾਜ਼ ਨਾਲ ਰੋਮਾਂਚਕ ਬਣਾਉਣਾ ਹੈ ਤਾਂ ਉਸ ਨੂੰ ਭਾਰਤੀ ਬੱਲੇਬਾਜ਼ੀ ਦੇ 2 ਬ੍ਰਹਮਅਸਤਰਾਂ ਵਿਰਾਟ ਤੇ ਰੋਹਿਤ ਨੂੰ ਰੋਕਣ ਲਈ ਆਪਣੇ ਤਰਕਸ਼ ਦੇ ਤੀਰਾਂ ਦੀ ਮਾਰਕ ਸਮਰੱਥਾ ਵਧਾਉਣੀ ਪਵੇਗੀ। ਵਿਰਾਟ ਨੇ ਪਹਿਲੇ ਮੁਕਾਬਲੇ ਵਿਚ 140 ਤੇ ਰੋਹਿਤ ਨੇ ਅਜੇਤੂ 152 ਦੌੜਾਂ ਬਣਾ ਕੇ ਵੈਸਟਇੰਡੀਜ਼ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਕਪਤਾਨ ਵਿਰਾਟ ਭਾਰਤ ਦੇ 950ਵੇਂ ਵਨ ਡੇ ਮੈਚ ਵਿਚ ਸ਼ਾਨਦਾਰ ਜਿੱਤ ਨਾਲ ਇਸ ਨੂੰ ਯਾਦਗਾਰ ਬਣਾਉਣਾ ਚਾਹੇਗਾ। ਵਨ ਡੇ ਰੈਂਕਿੰਗ ਵਿਚ ਵਿਸ਼ਵ ਦੀ ਦੂਜੇ ਨੰਬਰ ਦੀ ਟੀਮ ਭਾਰਤ 950 ਵਨ ਡੇ ਖੇਡਣ ਵਾਲੀ ਪਹਿਲੀ ਟੀਮ ਬਣੇਗੀ। ਵਨ ਡੇ ਕ੍ਰਿਕਟ ਵਿਚ ਹੁਣ ਤਕ ਕਿਸੇ ਵੀ ਦੇਸ਼ ਨੇ 950 ਵਨ ਡੇ ਨਹੀਂ ਖੇਡੇ ਹਨ। ਭਾਰਤ ਇਹ ਉਪਲੱਬਧੀ ਹਾਸਲ ਕਰਨ ਵਾਲਾ ਪਹਿਲਾ ਦੇਸ਼ ਬਣੇਗਾ।
ਰੋਹਿਤ ਤੋੜੇਗਾ ਸਚਿਨ ਦਾ ਰਿਕਾਰਡ!
193 ਛੱਕੇ ਹੋ ਗਏ ਹਨ ਰੋਹਿਤ ਸ਼ਰਮਾ ਦੇ ਨਾਂ ਵਨ ਡੇ ਕ੍ਰਿਕਟ ਵਿਚ, 3 ਛੱਕੇ ਲਾ ਕੇ ਉਹ ਸਚਿਨ ਤੇਂਦੁਲਕਰ (195) ਦਾ ਰਿਕਾਰਡ ਤੋੜ ਸਕਦਾ ਹੈ। ਰੋਹਿਤ ਜੇਕਰ ਦੂਜੇ ਵਨ ਡੇ ਵਿਚ ਸੈਂਕੜੇ ਲਾਉਂਦਾ ਹੈ ਤਾਂ ਉਹ ਸੌਰਭ ਗਾਂਗੁਲੀ (22) ਦੇ ਨੇੜੇ ਆ ਜਾਵੇਗਾ ਕਿਉਂਕਿ ਉਸ ਦੇ ਨਾਂ ਹੁਣ 20 ਸੈਂਕੜੇ ਹਨ।
ਭਾਰਤ ਕਰੇਗਾ ਗੇਂਦਬਾਜ਼ਾਂ ਦੀ ਸਮੀਖਿਆ, ਕੁਲਦੀਪ ਨੂੰ ਮਿਲ ਸਕਦੈ ਮੌਕਾ
ਪਹਿਲਾ ਵਨ ਡੇ ਆਸਾਨੀ ਨਾਲ ਜਿੱਤ ਲੈਣ ਤੋਂ ਬਾਅਦ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਕਪਤਾਨ ਵਿਰਾਟ ਕੋਹਲੀ ਆਖਰੀ-11 ਵਿਚ ਕੋਈ ਬਦਲਾਅ ਕਰਦਾ ਹੈ ਜਾਂ ਨਹੀਂ। ਪਿਛਲੇ ਮੈਚ ਵਿਚ ਚਾਈਨਾਮੈਨ ਗੇਂਦਬਾਜ਼ ਕੁਲਦੀਪ ਯਾਦਵ ਨੂੰ ਬੈਂਚ 'ਤੇ ਰੱਖਿਆ ਗਿਆ ਸੀ ਤੇ ਭਾਰਤੀ ਗੇਂਦਬਾਜ਼ਾਂ ਨੇ 50 ਓਵਰਾਂ 'ਚ 322 ਦੌੜਾਂ ਦਿੱਤੀਆਂ ਸਨ। ਭਾਰਤ ਦੇ ਆਸਾਨੀ ਨਾਲ ਮੈਚ ਜਿੱਤ ਲੈਣ ਕਾਰਨ ਗੇਂਦਬਾਜ਼ਾਂ ਦੇ ਪ੍ਰਦਰਸ਼ਨ 'ਤੇ ਕੋਈ ਖਾਸ ਚਰਚਾ ਨਹੀਂ ਹੋਈ ਸੀ ਪਰ ਉਲਟਫੇਰ ਦੀ ਸਥਿਤੀ ਵਿਚ ਕੁਲਦੀਪ ਨੂੰ ਬਾਹਰ ਰੱਖਣ ਦੇ ਫੈਸਲੇ 'ਤੇ ਬਹਿਸ ਛਿੜ ਸਕਦੀ ਸੀ। ਵੈਸੇ ਵਿਰਾਟ ਨੇ ਆਪਣੇ ਗੇਂਦਬਾਜ਼ਾਂ ਦਾ ਬਚਾਅ ਕਰਦਿਆਂ ਕਿਹਾ ਸੀ ਕਿ ਗੁਹਾਟੀ ਦੀ ਪਿੱਚ 'ਤੇ ਗੇਂਦਬਾਜ਼ਾਂ ਤੋਂ ਵੱਧ ਉਮੀਦ ਨਹੀਂ ਕੀਤੀ ਜਾ ਸਕਦੀ ਸੀ। ਵੈਸਟਇੰਡੀਜ਼ ਦੇ ਕਪਤਾਨ ਜੈਸਨ ਹੋਲਡਰ ਆਪਣੇ ਬੱਲੇਬਾਜ਼ਾਂ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ ਨਜ਼ਰ ਆਇਆ ਸੀ ਪਰ ਉਸ ਦਾ ਮੰਨਣਾ ਹੈ ਕਿ ਉਸ ਦੇ ਗੇਂਦਬਾਜ਼ਾਂ ਨੂੰ ਵਿਚਾਲੇ ਦੇ ਓਵਰਾਂ ਵਿਚ ਬਿਹਤਰ ਪ੍ਰਦਰਸ਼ਨ ਕਰਨਾ ਪਵੇਗਾ।
ਭਾਰਤ-ਵੈਸਟਇੰਡੀਜ਼ ਰਿਕਾਰਡ
122 ਵਨ ਡੇ ਹੋਏ ਦੋਵਾਂ ਵਿਚਾਲੇ
57 ਜਿੱਤੇ ਹਨ ਭਾਰਤ
61 ਮੈਚਾਂ ਵਿਚ ਮਿਲੀ ਹਾਰ
01 ਮੈਚ ਰਿਹਾ ਟਾਈ
03 ਬੇਨਤੀਜਾ ਰਹੇ
ਵਿਸ਼ਾਖਾਪਟਨਮ ਵਿਚ ਸਿਰਫ ਵਿੰਡੀਜ਼ ਤੋਂ ਹਾਰਿਆ ਹੈ ਭਾਰਤ
ਵਿਸ਼ਾਖਾਪਟਨਮ ਦੇ ਇਸ ਮੈਦਾਨ 'ਤੇ ਭਾਰਤ ਨੇ 8 ਮੈਚ ਖੇਡੇ ਹਨ, ਜਿਨ੍ਹਾਂ 'ਚੋਂ ਉਸ ਨੇ 6 ਜਿੱਤੇ ਹਨ, ਇਕ ਹਾਰਿਆ ਹੈ ਤੇ ਇਕ ਰੱਦ ਰਿਹਾ ਹੈ। ਭਾਰਤ ਨੂੰ ਇਸ ਮੈਦਾਨ 'ਤੇ ਜਿਹੜੀ ਇਕੌਲਤੀ ਹਾਰ ਮਿਲੀ ਹੈ, ਉਹ ਵੈਸਟਇੰਡੀਜ਼ ਹੱਥੋਂ ਮਿਲੀ ਹੈ। ਵੈਸਟਇੰਡੀਜ਼ ਨੇ 24 ਨਵੰਬਰ 2013 ਨੂੰ ਇਥੇ ਖੇਡਿਆ ਗਿਆ ਮੈਚ 2 ਵਿਕਟਾਂ ਨਾਲ ਜਿੱਤਿਆ ਸੀ। ਭਾਰਤ ਨੇ ਕੈਰੇਬੀਆਈ ਟੀਮ ਨੂੰ 2 ਦਸੰਬਰ 2011 ਨੂੰ 5 ਵਿਕਟਾਂ ਨਾਲ ਹਰਾਇਆ ਸੀ, ਜਦਕਿ 14 ਅਕਤੂਬਰ 2014 ਦਾ ਮੈਚ ਰੱਦ ਰਿਹਾ ਸੀ।
ਵੱਡੀ ਜਿੱਤ ਹਾਸਲ ਕੀਤੀ ਹੈ ਭਾਰਤ ਨੇ :
ਭਾਰਤ ਨੇ 2016 ਤੇ 2017 ਵਿਚ ਨਿਊਜ਼ੀਲੈਂਡ ਤੇ ਸ਼੍ਰੀਲੰਕਾ ਨੂੰ ਇਸ ਮੈਦਾਨ 'ਤੇ ਪਿਛਲੇ 2 ਮੈਚਾਂ ਵਿਚ ਲਗਾਤਾਰ ਆਸਾਨੀ ਨਾਲ 190 ਦੌੜਾਂ ਤੇ 8 ਵਿਕਟਾਂ ਨਾਲ ਹਰਾਇਆ ਸੀ। ਉਮੀਦ ਹੈ ਕਿ ਜਿੱਤ ਦਾ ਇਹ ਰੱਥ ਇਸ ਮੈਚ ਵਿਚ ਵੀ ਜਾਰੀ ਰਹੇਗਾ ਤੇ ਭਾਰਤ 2-0 ਦੀ ਬੜ੍ਹਤ ਬਣਾ ਲਵੇਗਾ।