ਸੰਜੂ ਸੈਮਸਨ ਦੇ ਤੂਫਾਨੀ ਸੈਂਕੜੇ ਦੀ ਬਦੌਲਤ ਭਾਰਤ ਦਾ ਵੱਡਾ ਸਕੋਰ, ਦੱ. ਅਫਰੀਕਾ ਨੂੰ ਦਿੱਤਾ 203 ਦੌੜਾਂ ਦਾ ਟੀਚਾ
Friday, Nov 08, 2024 - 10:20 PM (IST)
ਸਪੋਰਟਸ ਡੈਸਕ- ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਚਾਰ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਡਰਬਨ ਦੇ ਕਿੰਗਸਮੀਡ ਮੈਦਾਨ 'ਤੇ ਖੇਡਿਆ ਜਾ ਰਿਹਾ ਹੈ। ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤੀ ਟੀਮ ਨੇ 20 ਓਵਰਾਂ 'ਚ 8 ਵਿਟਕਾਂ ਗੁਆ ਕੇ 202 ਦੌੜਾਂ ਬਣਾਈਆਂ। ਭਾਰਤੀ ਟੀਮ ਨੇ ਦੱਖਣੀ ਅਫਰੀਕਾ ਨੂੰ 203 ਦੌੜਾਂ ਦਾ ਟੀਚਾ ਦਿੱਤਾ ਹੈ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਭਾਰਤੀ ਟੀਮ ਦੀ ਸ਼ੁਰੂਆਤ ਸ਼ਾਨਦਾਰ ਰਹੀ। ਸੰਜੂ ਸੈਮਸਨ ਅਤੇ ਅਭਿਸ਼ੇਕ ਸ਼ਰਮਾ ਵਿਚਾਲੇ ਪਹਿਲੀ ਵਿਕਟ ਲਈ 24 ਦੌੜਾਂ ਦੀ ਸਾਂਝੇਦਾਰੀ ਹੋਈ। ਕੋਏਟਜ਼ੀ ਨੇ ਇਸ ਸਾਂਝੇਦਾਰੀ ਨੂੰ ਤੋੜ ਦਿੱਤਾ। ਉਸ ਨੇ ਅਭਿਸ਼ੇਕ ਨੂੰ ਆਪਣਾ ਸ਼ਿਕਾਰ ਬਣਾਇਆ। ਉਹ ਸਿਰਫ਼ 7 ਦੌੜਾਂ ਹੀ ਬਣਾ ਸਕਿਆ। ਇਸ ਤੋਂ ਬਾਅਦ ਸੂਰਿਆਕੁਮਾਰ ਯਾਦਵ ਨੇ ਪਾਰੀ ਸੰਭਾਲੀ। ਉਨ੍ਹਾਂ ਨੇ ਸੰਜੂ ਨਾਲ ਦੂਜੀ ਵਿਕਟ ਲਈ 66 ਦੌੜਾਂ ਦੀ ਸਾਂਝੇਦਾਰੀ ਕੀਤੀ। ਕਪਤਾਨ 17 ਗੇਂਦਾਂ ਵਿੱਚ 21 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਿਆ। ਇਸ ਤੋਂ ਬਾਅਦ ਤਿਲਕ ਵਰਮਾ ਨੇ ਸਲਾਮੀ ਬੱਲੇਬਾਜ਼ ਦਾ ਸਾਥ ਦਿੱਤਾ। ਦੋਵਾਂ ਵਿਚਾਲੇ 77 ਦੌੜਾਂ ਦੀ ਸਾਂਝੇਦਾਰੀ ਹੋਈ। ਤਿਲਕ 33 ਦੌੜਾਂ ਬਣਾ ਕੇ ਆਊਟ ਹੋ ਗਏ।
ਵਿਕਟਕੀਪਰ ਬੱਲੇਬਾਜ਼ ਸੈਮਸਨ ਨੇ ਤੂਫਾਨੀ ਪਾਰੀ ਖੇਡਦੇ ਹੋਏ 47 ਗੇਂਦਾਂ ਵਿੱਚ ਸੈਂਕੜਾ ਜੜਿਆ। ਇਹ ਉਨ੍ਹਾਂ ਦੇ ਟੀ-20 ਅੰਤਰਰਾਸ਼ਟਰੀ ਕਰੀਅਰ ਦਾ ਦੂਜਾ ਸੈਂਕੜਾ ਹੈ। ਉਨ੍ਹਾਂ ਨੇ ਲਗਾਤਾਰ ਦੂਜੇ ਮੈਚ ਵਿੱਚ ਸੈਂਕੜਾ ਲਗਾਇਆ। ਉਹ 214 ਦੇ ਸਟ੍ਰਾਈਕ ਰੇਟ ਨਾਲ 50 ਗੇਂਦਾਂ ਵਿੱਚ 107 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਤੋਂ ਇਲਾਵਾ ਭਾਰਤ ਲਈ ਹਾਰਦਿਕ ਪੰਡਯਾ ਨੇ 2 ਦੌੜਾਂ, ਰਿੰਕੂ ਸਿੰਘ ਨੇ 11 ਦੌੜਾਂ, ਅਕਸ਼ਰ ਪਟੇਲ ਨੇ 7 ਦੌੜਾਂ, ਰਵੀ ਬਿਸ਼ਨੋਈ ਨੇ 1 ਅਤੇ ਅਰਸ਼ਦੀਪ ਸਿੰਘ ਨੇ 5 ਦੌੜਾਂ ਬਣਾਈਆਂ।
ਦੱਖਣੀ ਅਫਰੀਕਾ ਲਈ ਗੇਰਾਲਡ ਕੋਏਟਜ਼ੀ ਨੇ ਤਿੰਨ ਵਿਕਟਾਂ ਲਈਆਂ। ਇਸ ਤੋਂ ਇਲਾਵਾ ਮਾਰਕੋ ਜੈਨਸਨ, ਕੇਸ਼ਵ ਮਹਾਰਾਜ, ਪੀਟਰ ਅਤੇ ਕਰੂਗਰ ਨੇ ਇਕ-ਇਕ ਵਿਕਟ ਲਈ।