ਟਾਟਾ ਸਟੀਲ ਮਾਸਟਰਸ ਸ਼ਤਰੰਜ : ਭਾਰਤ ਦੇ ਪ੍ਰਗਿਆਨੰਦਾ ਨੇ ਰਚਿਆ ਇਤਿਹਾਸ, ਵਿਸ਼ਵ ਨੰਬਰ-2 ਚੀਨ ਦੇ ਡਿੰਗ ਨੂੰ ਹਰਾਇਆ
Thursday, Jan 19, 2023 - 01:35 PM (IST)

ਵਾਈ ਕਾਨ ਜੀ (ਨੀਦਰਲੈਂਡ), (ਨਿਕਲੇਸ਼ ਜੈਨ)– ਸ਼ਤਰੰਜ ਦਾ ਵਿੰਬਲਡਨ ਕਹੇ ਜਾਣ ਵਾਲੇ ਟਾਟਾ ਸਟੀਲ ਮਾਸਟਰਸ ਸ਼ਤਰੰਜ ਟੂਰਨਾਮੈਂਟ ਦੇ 85ਵੇਂ ਸੈਸ਼ਨ ਦੇ ਚੌਥੇ ਰਾਊਂਡ ਵਿਚ ਭਾਰਤ ਦੇ 17 ਸਾਲਾ ਆਰ.ਪ੍ਰਗਿਆਨੰਦਾ ਨੇ ਹੁਣ ਤਕ ਦਾ ਸਭ ਤੋਂ ਵੱਡਾ ਉਲਟਫੇਰ ਕਰਦੇ ਹੋਏ ਵਿਸ਼ਵ ਦੇ ਨੰਬਰ-2 ਖਿਡਾਰੀ ਡਿੰਗ ਲੀਰੇਨ ਨੂੰ ਹਰਾ ਦਿੱਤਾ ਹੈ। ਪ੍ਰਗਿਆਨੰਦਾ ਨੇ ਹਾਲ ਦੇ ਸਮੇਂ ਵਿਚ ਆਨਲਾਈਨ ਸ਼ਤਰੰਜ ਵਿਚ ਵੱਡੀਆਂ ਸਫਲਤਾਵਾਂ ਹਾਸਲ ਕੀਤੀਆਂ ਹਨ ਪਰ ਕਲਾਸੀਕਲ ਸ਼ਤਰੰਜ ਵਿਚ ਇਹ ਉਸਦੀ ਹੁਣ ਤਕ ਦੀ ਸਭ ਤੋਂ ਵੱਡੀ ਸਫਲਤਾ ਹੈ ਤੇ ਇਸਦੇ ਨਾਲ ਹੀ ਉਹ ਕਿਸੇ 2800 ਰੇਟਿੰਗ ਤੋਂ ਵੱਧ ਦੇ ਖਿਡਾਰੀ ਨੂੰ ਹਰਾਉਣ ਵਾਲਾ ਸਭ ਤੋਂ ਘੱਟ ਉਮਰ ਦਾ ਭਾਰਤੀ ਤੇ ਕੁਲ ਮਿਲਾ ਕੇ ਆਨੰਦ ਤੋਂ ਬਾਅਦ ਅਜਿਹਾ ਕਰਨ ਵਾਲਾ ਦੂਜਾ ਖਿਡਾਰੀ ਬਣ ਗਿਆ ਹੈ।
ਪ੍ਰਗਿਆਨੰਦਾ ਨੇ ਕਾਲੇ ਮੋਹਰਿਆਂ ਨਾਲ ਖੇਡਦੇ ਹੋਏ ਇਟਾਲੀਅਨ ਓਪਨਿੰਗ ਵਿਚ 73 ਚਾਲਾਂ ਵਿਚ ਜਿੱਤ ਦਰਜ ਕੀਤੀ। ਇਸ ਜਿੱਤ ਦੇ ਨਾਲ ਹੀ ਪ੍ਰਗਿਆਨੰਦਾ ਹੁਣ 2700 ਰੇਟਿੰਗ ਦੇ ਜਾਦੂਈ ਅੰਕੜੇ ਨੂੰ ਪਾਰ ਕਰਨ ਤੋਂ ਸਿਰਫ 8 ਅੰਕ ਦੂਰ ਹੈ। ਉੱਥੇ ਹੀ, ਚੌਥਾ ਰਾਊਂਡ ਨੀਦਰਲੈਂਡ ਦੇ ਅਨੀਸ਼ ਗਿਰੀ ਲਈ ਵੀ ਖਾਸ ਰਿਹਾ ਤੇ ਉਸ ਨੇ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਨੂੰ 12 ਸਾਲ ਬਾਅਦ ਹਰਾਇਆ ਜਦਕਿ ਉਜਬੇਕਿਸਤਾਨ ਦੇ ਅਬਦੁਸੱਤਾਰੋਵ ਨੋਦਿਰਬੇਕ ਨੇ ਈਰਾਨ ਦੇ ਪਰਹਮ ਮਘਸੂਦਲੂ ਨੂੰ ਹਰਾ ਕੇ ਪ੍ਰਤੀਯੋਗਿਤਾ ਵਿਚ ਆਪਣੀ ਦੂਜੀ ਜਿੱਤ ਦਰਜ ਕੀਤੀ ਤੇ ਹੁਣ ਉਹ ਅਨੀਸ਼ ਦੇ ਨਾਲ 3 ਅੰਕ ਬਣਾ ਕੇ ਸਾਂਝੀ ਬੜ੍ਹਤ ’ਤੇ ਹੈ। ਹੋਰਨਾਂ ਮੁਕਾਬਲਿਆਂ ਵਿਚ ਭਾਰਤ ਦੇ ਅਰਜੁਨ ਐਰਗਾਸੀ ਨੇ ਜਰਮਨੀ ਦੇ ਵਿਨਸੇਂਟ ਕੇਮਰ ਨਾਲ, ਡੀ. ਗੁਕੇਸ਼ ਨੇ ਨੀਦਰਲੈਂਡ ਦੇ ਜੌਰਡਨ ਵਾਨ ਫੋਰੈਸਟ ਨਾਲ, ਯੂ. ਐੱਸ. ਏ. ਦੇ ਵੇਸਲੀ ਸੋ ਨੇ ਹਮਵਤਨ ਲੇਵੋਨ ਅਰੋਨੀਅਨ ਨਾਲ ਤੇ ਯੂ. ਐੱਸ. ਏ. ਦੇ ਫਬਿਆਨੋ ਕਰੂਆਨਾ ਨੇ ਰੋਮਾਨੀਆ ਦੇ ਰਿਚਰਡ ਰਾਪਰਟੋ ਨਾਲ ਬਾਜ਼ੀ ਡਰਾਅ ਖੇਡੀ।
ਇਹ ਵੀ ਪੜ੍ਹੋ : ਸ਼ੁਭਮਨ ਗਿੱਲ ਦਾ ਦੋਹਰਾ ਸੈਂਕੜਾ, ਟੁੱਟਿਆ ਸਚਿਨ ਦਾ ਰਿਕਾਰਡ, 28 ਗੇਂਦਾਂ 'ਚ ਆਈਆਂ 130 ਦੌੜਾਂ
ਸ਼ਤਰੰਜ ਦਾ ਵਿੰਬਲਡਨ ਹੈ ਇਹ ਟੂਰਨਾਮੈਂਟ
1938 ਵਿਚ ਜਦੋਂ ਇਹ ਟੂਰਨਾਮੈਂਟ ਸ਼ੁਰੂ ਹੋਇਆ ਸੀ ਤਾਂ ਪਹਿਲਾਂ ਇਸ ਨੂੰ ਹੂਗੋਵੇਂਸ ਓਪਨ ਦੇ ਨਾਂ ਨਾਲ ਜਾਣਿਆ ਜਾਂਦਾ ਸੀ। 1999 ਤੋਂ ਇਸ ਨੂੰ ਕੋਰਸ ਇੰਟਰਨੈਸ਼ਨਲ ਦੇ ਨਾਂ ਨਾਲ ਜਾਣਿਆ ਜਾਣ ਲੱਗਾ। 2007 ਵਿਚ ਜਦੋਂ ਕੋਰਸ ਸਟੀਲ ਕੰਪਨੀ ਦਾ ਅਧਿਗ੍ਰਹਿਣ ਟਾਟਾ ਗਰੱੁਪ ਨੇ ਕੀਤਾ ਤਾਂ ਇਸ ਟੂਰਨਾਮੈਂਟ ਨੂੰ ਟਾਟਾ ਸਟੀਲ ਸ਼ਤਰੰਜ ਦੇ ਨਾਂ ਨਾਲ ਜਾਣਿਆ ਜਾਣ ਲੱਗਾ। ਇਸ ਨੂੰ ਸ਼ਤਰੰਜ ਦਾ ਵਿੰਬਲਡਨ ਵੀ ਮੰਨਿਆ ਜਾਂਦਾ ਹੈ। ਟੂਰਨਾਮੈਂਟ ਦੇ ਇਤਿਹਾਸ ਵਿਚ ਵਿਸ਼ਵ ਚੈਂਪੀਅਨ ਮੈਗਨਸ ਕਾਰਲਸਨ ਇਸ ਨੂੰ 8 ਵਾਰ ਜਿੱਤ ਚੁੱਕਾ ਹੈ ਜਦਕਿ ਭਾਰਤੀ ਰਿਕਾਰਡ ਵਿਸ਼ਵਨਾਥਨ ਆਨੰਦ ਨੇ ਇਸ ਨੂੰ 5 ਵਾਰ ਜਿੱਤਿਆ ਹੈ।
ਇਹ ਜਿੱਤ ਮੇਰੇ ਲਈ ਵੱਡੀ ਹੈ : ਪ੍ਰਗਿਆਨੰਦਾ
ਜਦੋਂ ਗੇਮ ਵਿਚ ਕੁਝ ਸੈਕੰਡ ਬਚੇ ਸਨ ਤਾਂ ਅਸੀਂ ਦੋਵੇਂ ਗਲਤੀਆਂ ਕਰ ਰਹੇ ਸੀ। ਮੈਨੂੰ ਨਹੀਂ ਪਤਾ ਕਿ ਮੇਰੀ ਤਕਨੀਕ ਕਿੰਨੀ ਸਟੀਕ ਸੀ ਪਰ ਸਹੀ ਚਾਲਾਂ ਲੱਭਣਾ ਤੇ ਉਨ੍ਹਾਂ ਦਾ ਮੁਲਾਂਕਣ ਕਰਨਾ ਸੌਖਾ ਨਹੀਂ ਹੁੰਦਾ। ਇਹ ਜਿੱਤ ਮੇਰੇ ਲਈ ਵੱਡੀ ਹੈ। ਅਜੇ ਸਿਰਫ 4 ਰਾਊਂਡ ਹੀ ਹੋਏ ਹਨ ਤੇ ਬਾਕੀ ਦੇ 9 ਰਾਊਂਡਾਂ ’ਤੇ ਹੁਣ ਮੇਰਾ ਧਿਆਨ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।