ਜੂਨੀਅਰ ਏਸ਼ੀਆ ਕੱਪ ਦੇ ਫ਼ਾਈਨਲ 'ਚ ਪਹੁੰਚਿਆ ਭਾਰਤ, ਕੋਰੀਆ 'ਤੇ ਹਾਸਲ ਕੀਤੀ ਵੱਡੀ ਜਿੱਤ

Wednesday, May 31, 2023 - 10:31 PM (IST)

ਜੂਨੀਅਰ ਏਸ਼ੀਆ ਕੱਪ ਦੇ ਫ਼ਾਈਨਲ 'ਚ ਪਹੁੰਚਿਆ ਭਾਰਤ, ਕੋਰੀਆ 'ਤੇ ਹਾਸਲ ਕੀਤੀ ਵੱਡੀ ਜਿੱਤ

ਸਪੋਰਟਸ ਡੈਸਕ: ਮੈਨਜ਼ ਜੂਨੀਅਰ ਏਸ਼ੀਆ ਕੱਪ 2023 'ਚ ਭਾਰਤ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਓਮਾਨ ਵਿਚ ਖੇਡੇ ਜਾ ਰਹੇ ਇਸ ਟੂਰਨਾਮੈਂਟ ਵਿਚ ਭਾਰਤੀ ਟੀਮ ਨੇ ਸੈਮੀਫ਼ਾਈਨਲ ਮੁਕਾਬਲੇ ਵਿਚ ਕੋਰੀਆ ਨੂੰ 9-1 ਦੇ ਵੱਡੇ ਫ਼ਾਸਲੇ ਨਾਲ ਹਰਾਇਆ ਅਤੇ ਫ਼ਾਈਨਲ ਵਿਚ ਆਪਣੀ ਜਗ੍ਹਾ ਬਣਾ ਲਈ ਹੈ। ਹੁਣ ਭਾਰਤ ਦਾ ਮੁਕਾਬਲਾ ਪਾਕਿਸਤਾਨ ਤੇ ਮਲੇਸ਼ੀਆ ਵਿਚਾਲੇ ਖੇਡੇ ਜਾ ਰਹੇ ਦੂਜੇ ਸੈਮੀਫ਼ਾਈਨਲ ਮੁਕਾਬਲੇ ਦੀ ਜੇਤੂ ਟੀਮ ਨਾਲ ਹੋਵੇਗਾ। 

ਇਹ ਖ਼ਬਰ ਵੀ ਪੜ੍ਹੋ - IPL ਫ਼ਾਈਨਲ ਤੋਂ ਬਾਅਦ ਵਰ੍ਹਿਆ 'ਨੋਟਾਂ ਦਾ ਮੀਂਹ', ਇਹ ਖਿਡਾਰੀ ਹੋਏ ਮਾਲੋਮਾਲ

ਕਪਤਾਨ ਉੱਤਮ ਸਿੰਘ ਦੀ ਅਗਵਾਈ ਵਾਲੀ ਟੀਮ ਸੈਮੀਫ਼ਾਈਨਲ ਮੁਕਾਬਲੇ ਵਿਚ ਸ਼ੁਰੂ ਤੋਂ ਹੀ ਵਿਰੋਧੀ ਟੀਮ 'ਤੇ ਹਾਵੀ ਰਹੀ। ਭਾਰਤ ਨੇ ਪਹਿਲੇ ਕੁਆਰਟਰ ਵਿਚ ਹੀ 1-0 ਦੀ ਲੀਡ ਬਣਾ ਲਈ ਫਿਰ ਇਸ ਲੀਡ ਨੂੰ ਅਖ਼ੀਰ ਤਕ ਟੁੱਟਣ ਨਾ ਦਿੱਤਾ। ਅਗਲੇ ਕੁਆਰਟਰ ਵਿਚ 1 ਹੋਰ ਗੋਲ ਕਰ ਲਿਆ ਤੇ ਇਸ ਤਰ੍ਹਾਂ ਹਾਫ਼ ਟਾਈਮ ਤਕ 2-0 ਨਾਲ ਅੱਗੇ ਰਹੀ। ਤੀਜੇ ਕੁਆਰਟਰ ਵਿਚ ਭਾਰਤ ਨੇ ਫਟਾਫਟ ਗੋਲ਼ ਕੀਤੇ ਤੇ 6-0 ਤਕ ਪਹੁੰਚ ਗਈ। ਹਾਲਾਂਕਿ ਇਸ ਵਾਰ ਕੋਰੀਆ ਨੇ ਵੀ ਇਕ ਗੋਲ ਦਾਗਿਆ ਪਰ ਇਸ ਤੋਂ ਬਾਅਦ ਭਾਰਤੀ ਟੀਮ ਨੇ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ। ਫੁੱਲ ਟਾਈਮ ਤਕ ਭਾਰਤ ਨੇ ਤਿੰਨ ਹੋਰ ਗੋਲ ਦਾਗ ਦਿੱਤੇ ਇਸ ਤਰ੍ਹਾਂ 9-1 ਨਾਲ ਇਹ ਮੁਕਾਬਲਾ ਆਪਣੇ ਨਾਂ ਕਰ ਲਿਆ। 

ਇਹ ਖ਼ਬਰ ਵੀ ਪੜ੍ਹੋ - IPL ਦੀ ਟਰਾਫ਼ੀ ਜਿੱਤਦਿਆਂ ਸਾਰ MS Dhoni ਦਾ ਵੱਡਾ ਬਿਆਨ, "ਇਹ ਸੰਨਿਆਸ ਲੈਣ ਦਾ ਸਭ ਤੋਂ ਵਧੀਆ ਸਮਾਂ..."

ਦੱਸ ਦੇਈਏ ਕਿ ਭਾਰਤੀ ਟੀਮ ਇਸ ਟੂਰਨਾਮੈਂਟ ਵਿਚ ਲਗਾਤਾਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਸੈਮੀਫ਼ਾਈਨਲ ਵਿਚ ਪਹੁੰਚਣ ਲਈ ਭਾਰਤ ਨੇ ਥਾਈਲੈਂਡ ਨੂੰ ਇਕਪਾਸੜ ਮੁਕਾਬਲੇ ਵਿਚ 17-0 ਦੇ ਵੱਡੇ ਫ਼ਾਸਲੇ ਨਾਲ ਪਸਤ ਕੀਤਾ ਸੀ। ਇਸ ਜਿੱਤ ਦੇ ਨਾਲ ਹੀ ਭਾਰਤ ਟੀਮ ਨੇ FIH ਜੂਨੀਅਰ ਹਾਕੀ ਮੈਨਜ਼ ਵਰਲਡ ਕੱਪ 2023 ਵਿਚ ਵੀ ਜਗ੍ਹਾ ਬਣਾ ਲਈ ਸੀ। ਇਹ ਮੁਕਾਬਲਾ 5 ਤੋਂ 16 ਦਸੰਬਰ ਤਕ ਮਲੇਸ਼ੀਆ ਵਿਚ ਖੇਡਿਆ ਜਾਵੇਗਾ। ਪੂਲ ਸਟੇਜ ਦੇ ਮੁਕਾਬਲਿਆਂ ਵਿਚ ਵੀ ਭਾਰਤ ਅਜੇਤੂ ਰਿਹਾ। ਉਸ ਨੇ ਪਹਿਲੇ ਮੁਕਾਬਲੇ ਵਿਚ ਚੀਨ ਨੂੰ 18-0, ਜਾਪਾਨ ਨੂੰ 3-1 ਨਾਲ ਹਰਾਇਆ। ਫ਼ਿਰ ਪਾਕਿਸਤਾਨ ਨਾਲ ਫੱਸਵਾਂ ਮੁਕਾਬਲਾ ਹੋਇਆ ਜੋ 1-1 ਨਾਲ ਬਰਾਬਰੀ 'ਤੇ ਰਿਹਾ ਤੇ ਫ਼ਿਰ ਥਾਈਲੈਂਡ ਨੂੰ 17-0 ਨਾਲ ਹਰਾ ਕੇ ਪੂਲ ਏ ਦੇ ਸਿਖ਼ਰ 'ਤੇ ਕਾਬਿਜ਼ ਰਿਹਾ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News