ਦਿਓਲ ਤੇ ਘੋਸ਼ ਦੀ ਮਦਦ ਨਾਲ ਭਾਰਤ 247 ਦੌੜਾਂ ਤੱਕ ਪਹੁੰਚਿਆ
Sunday, Oct 05, 2025 - 11:40 PM (IST)

ਕੋਲੰਬੋ (ਭਾਸ਼ਾ)– ਭਾਰਤ ਨੇ ਹਰਲੀਨ ਦਿਓਲ ਦੀ ਸਬਰ ਨਾਲ ਖੇਡੀ ਗਈ 46 ਦੌੜਾਂ ਦੀ ਪਾਰੀ ਤੇ ਅੰਤ ਵਿਚ ਰਿਚਾ ਘੋਸ਼ ਦੀਆਂ 20 ਗੇਂਦਾਂ ਵਿਚ ਬਣਾਈਆਂ ਗਈਆਂ 35 ਦੌੜਾਂ ਨਾਲ ਐਤਵਾਰ ਨੂੰ ਇੱਥੇ ਹੌਲੀ ਪਿੱਚ ’ਤੇ ਸੰਘਰਸ਼ ਕਰਦੇ ਹੋਏ ਆਈ. ਸੀ. ਸੀ. ਮਹਿਲਾ ਵਨ ਡੇ ਵਿਸ਼ਵ ਕੱਪ ਦੇ ਮੁਕਾਬਲੇ ਵਿਚ ਪਾਕਿਸਤਾਨ ਵਿਰੁੱਧ 247 ਦੌੜਾਂ ਦਾ ਚੁਣੌਤੀਪੂਰਨ ਸਕੋਰ ਬਣਾਇਆ।ਦਿਓਲ ਨੇ ਵਿਚਾਲੇ ਦੇ ਓਵਰਾਂ ਵਿਚ 65 ਗੇਂਦਾਂ ਦੀ ਪਾਰੀ ਨੂੰ ਸੰਭਾਲਿਆ ਜਦਕਿ ਘੋਸ਼ ਨੇ 20 ਗੇਂਦਾਂ ਵਿਚ 3 ਚੌਕਿਆਂ ਤੇ 2 ਛੱਕਿਆਂ ਦੀ ਮਦਦ ਨਾਲ ਭਾਰਤ ਨੂੰ 250 ਦੌੜਾਂ ਦੇ ਨੇੜੇ ਪਹੁੰਚਾਇਆ। ਹੌਲੀ ਪਿੱਚ ’ਤੇ ਭਾਰਤੀ ਟੀਮ ਦਾ ਚੋਟੀਕ੍ਰਮ ਲੜਖੜਾ ਗਿਆ। ਮੈਚ ਦੌਰਾਨ ਧਮੱਕੜਾਂ ਨੂੰ ਭਜਾਉਣ ਲਈ ‘ਫਿਊਮਿਗੇਸ਼ਨ ਬ੍ਰੇਕ’ ਨਾਲ ਵੀ ਅੜਿੱਕਾ ਪਿਆ।
ਪਿੱਚ ’ਤੇ ਕਾਫੀ ਨੇੜਲੇ ਫੈਸਲੇ ਲਏ ਗਏ ਤੇ ਗਲਤਫਹਿਮੀ ਵੀ ਹੋਈ, ਜਿਸ ਨਾਲ ਭਾਰਤੀ ਖਿਡਾਰਨਾਂ ਦੀ ਲੈਅ ਹੋਰ ਵਿਗੜ ਗਈ। ਸਲਾਮੀ ਬੱਲੇਬਾਜ਼ ਪ੍ਰਤਿਕਾ ਰਾਵਲ (31) ਨੇ ਡਾਇਨਾ ਬੇਗ ਦੀਆਂ ਗੇਂਦਾਂ ’ਤੇ ਲਗਾਤਾਰ 3 ਚੌਕੇ ਲਾ ਕੇ ਭਾਰਤ ਨੂੰ ਤੇਜ਼ ਸ਼ੁਰੂਆਤ ਕਰਵਾਈ ਪਰ ਸਟਾਰ ਬੱਲੇਬਾਜ਼ ਸਮ੍ਰਿਤੀ ਮੰਧਾਨਾ (23) ਇਕ ਵਾਰ ਫਿਰ ਪਾਵਰਪਲੇਅ ਦੇ ਅੰਦਰ ਆਊਟ ਹੋ ਗਈ, ਜਿਸ ਨਾਲ ਚੋਟੀਕ੍ਰਮ ਸ਼ੁਰੂਆਤ ਵਿਚ ਹੀ ਦਬਾਅ ਵਿਚ ਆ ਗਿਆ। ਬੇਗ ਦੀ ਗੇਂਦ ’ਤੇ ਐੱਲ. ਬੀ. ਡਬਲਯੂ. ਦੀ ਅਪੀਲ ਤੋਂ ਬਚਣ ਤੋਂ ਬਾਅਦ ਮੰਧਾਨਾ ਨੌਵੇਂ ਓਵਰ ਵਿਚ ਕਪਤਾਨ ਫਾਤਿਮਾ ਸਨਾ ਦੀ ਗੇਂਦ ’ਤੇ ਐੱਲ. ਬੀ. ਡਬਲਯੂ. ਆਊਟ ਹੋ ਗਈ।
ਪਾਕਿਸਤਾਨ ਦੀਆਂ ਅਨੁਸ਼ਾਸਿਤ ਗੇਂਦਬਾਜ਼ਾਂ ਨੇ ਕਸੀ ਹੋਈ ਲਾਈਨ, ਗਤੀ ਤੇ ਚਲਾਕੀ ਨਾਲ ਬਦਲਾਅ ਕਰਦੇ ਹੋਏ ਬੱਲੇਬਾਜ਼ਾਂ ’ਤੇ ਲਗਾਮ ਕੱਸੀ ਰੱਖੀ। ਉਨ੍ਹਾਂ ਨੇ ਭਾਰਤੀ ਬੱਲੇਬਾਜ਼ਾਂ ਨੂੰ ਲੈਅ ਵਿਚ ਨਹੀਂ ਆਉਣ ਦਿੱਤਾ ਤੇ ਨਿਯਮਤ ਫਰਕ ’ਤੇ ਵਿਕਟਾਂ ਲਈਆਂ।ਤੇਜ਼ ਗੇਂਦਬਾਜ਼ ਬੇਗ ਨੇ 69 ਦੌੜਾਂ ਦੇ ਕੇ 4 ਜਦਕਿ ਫਾਤਿਮਾ ਸਨਾ ਨੇ 38 ਦੌੜਾਂ ਦੇ ਕੇ 2 ਵਿਕਟਾਂ ਲਈਆਂ।ਰਾਵਲ ਆਊਟ ਹੋਣ ਵਾਲੀ ਅਗਲੀ ਬੱਲੇਬਾਜ਼ ਰਹੀ। ਉਹ ਸਾਦੀਆ ਇਕਬਾਲ ਦੀ ਗੇਂਦ ’ਤੇ ਬੋਲਡ ਹੋ ਗਈ। ਦਿਓਲ ਨੇ ਸਬਰ ਨਾਲ ਖੇਡਦੇ ਹੋਏ ਕਪਤਾਨ ਹਰਮਨਪ੍ਰੀਤ ਕੌਰ (19) ਦੇ ਨਾਲ 39 ਦੌੜਾਂ ਦੀ ਸਾਂਝੇਦਾਰੀ ਕੀਤੀ ਤੇ ਫਿਰ ਜੇਮਿਮਾ ਰੋਡ੍ਰਿਗਜ਼ (32) ਦੇ ਨਾਲ 45 ਦੌੜਾਂ ਜੋੜੀਆਂ।ਹਰਮਨਪ੍ਰੀਤ ਲੈਅ ਵਿਚ ਦਿਸ ਰਹੀ ਸੀ ਪਰ ਡਾਇਨਾ ਬੇਗ ਦੀ ਗੇਂਦ ਉਸਦੇ ਬੱਲੇ ਦੇ ਅੰਦਰੂਨੀ ਕਿਨਾਰੇ ਨੂੰ ਛੂਹ ਕੇ ਵਿਕਟਕੀਪਰ ਦੇ ਹੱਥਾਂ ਵਿਚ ਚਲੀ ਗਈ। ਹਰਲੀਨ ਸ਼ਾਟ ਲਗਾਉਣ ਦੀ ਕੋਸ਼ਿਸ਼ ਵਿਚ ਆਊਟ ਹੋ ਗਈ।
ਪਾਕਿਸਤਾਨ ਨੇ ਲਗਾਤਾਰ ਦਬਾਅ ਬਣਾਈ ਰੱਖਿਆ। ਜੇਮਿਮਾ ਨੂੰ ਦੋ ਦੌੜਾਂ ’ਤੇ ਜੀਵਨਦਾਨ ਮਿਲਿਆ, ਉਹ 32 ਦੌੜਾਂ ਬਣਾ ਕੇ ਆਊਟ ਹੋਣ ਵਾਲੀ ਅਗਲੀ ਗੇਂਦਬਾਜ਼ ਰਹੀ। ਦੀਪਤੀ ਸ਼ਰਮਾ (25) ਤੇ ਸਨੇਹ ਰਾਣਾ (20) ਦੀ ਤਜਬੇਕਾਰ ਜੋੜੀ ਨੇ ਇਸ ਤੋਂ ਬਾਅਦ 42 ਦੌੜਾਂ ਦੀ ਸਾਂਝੇਦਾਰੀ ਕਰ ਕੇ ਪਾਰੀ ਨੂੰ ਸੰਭਾਲਿਆ। ਭਾਰਤੀ ਟੀਮ ਅੰਤ ਿਵਚ ਤੇਜ਼ੀ ਨਾਲ ਦੌੜਾਂ ਬਣਾਉਣ ਦੀ ਕੋਸ਼ਿਸ਼ ਵਿਚ ਸੀ ਪਰ ਸਨਾ ਤੇ ਬੇਗ ਨੇ ਡੈੱਥ ਓਵਰਾਂ ਵਿਚ ਵਾਪਸੀ ਕਰਦੇ ਹੋਏ ਦੋਵਾਂ ਨੂੰ ਆਊਟ ਕਰ ਦਿੱਤਾ।ਪਾਕਿਸਤਾਨ ਨੇ ਆਖਰੀ ਓਵਰਾਂ ਵਿਚ ਦਬਾਅ ਬਣਾਇਆ ਪਰ ਰਿਚਾ ਨੇ ਤਿੰਨ ਚੌਕੇ ਤੇ ਦੋ ਛੱਕੇ ਲਾ ਕੇ ਦੌੜਾਂ ਬਣਾ ਲਈਆਂ। ਭਾਰਤੀ ਪਾਰੀ ਆਖਰੀ ਗੇਂਦ ’ਤੇ ਸਿਮਟ ਗਈ ਤੇ ਰਿਚਾ ਅਜੇਤੂ ਰਹੀ।