ਹਾਕੀ ਵਿਸ਼ਵ ਕੱਪ 2023: ਕੁਆਰਟਰ ਫਾਈਨਲ ’ਚ ਸਿੱਧੇ ਜਗ੍ਹਾ ਬਣਾਉਣ ਲਈ ਭਾਰਤ ਨੂੰ ਵੱਡੀ ਜਿੱਤ ਦੀ ਲੋੜ

Thursday, Jan 19, 2023 - 11:51 AM (IST)

ਹਾਕੀ ਵਿਸ਼ਵ ਕੱਪ 2023: ਕੁਆਰਟਰ ਫਾਈਨਲ ’ਚ ਸਿੱਧੇ ਜਗ੍ਹਾ ਬਣਾਉਣ ਲਈ ਭਾਰਤ ਨੂੰ ਵੱਡੀ ਜਿੱਤ ਦੀ ਲੋੜ

ਭੁਵਨੇਸ਼ਵਰ (ਭਾਸ਼ਾ)– ਪਿਛਲੇ ਮੈਚ ਵਿਚ ਗੋਲ ਰਹਿਤ ਡਰਾਅ ਖੇਡਣ ਵਾਲੀ ਭਾਰਤੀ ਟੀਮ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ-2023 ਦੇ ਆਖਰੀ ਪੂਲ ਮੈਚ ਵਿਚ ਵੀਰਵਾਰ ਨੂੰ ਜਦੋਂ ਵੇਲਸ ਨਾਲ ਖੇਡੇਗੀ ਤਾਂ ਉਸਦਾ ਟੀਚਾ ਵੱਡੇ ਫਰਕ ਨਾਲ ਜਿੱਤ ਦਰਜ ਕਰਕੇ ਕੁਆਰਟਰ ਫਾਈਨਲ ਵਿਚ ਸਿੱਧੇ ਜਗ੍ਹਾ ਬਣਾਉਣ ਦਾ ਹੋਵੇਗਾ। ਭਾਰਤ ਤੇ ਇੰਗਲੈਂਡ ਦੇ ਦੋ ਮੈਚਾਂ ਵਿਚੋਂ ਇਕ-ਇਕ ਜਿੱਤ ਤੇ ਇਕ-ਇਕ ਡਰਾਅ ਦੇ ਨਾਲ 4-4 ਅੰਕ ਹਨ ਪਰ ਇੰਗਲੈਂਡ ਗੋਲ ਔਸਤ ਨਾਲ ਅੱਗੇ ਹੈ। ਇੰਗਲੈਂਡ ਦੀ ਗੋਲ ਔਸਤ +5 ਹੈ ਜਦਕਿ ਭਾਰਤ ਦੀ +2 ਹੈ।

ਭਾਰਤ ਲਈ ਫਾਇਦਾ ਇਹ ਹੋਵੇਗਾ ਕਿ ਮੈਚ ਤੋਂ ਪਹਿਲਾਂ ਉਸ ਨੂੰ ਪਤਾ ਹੋਵੇਗਾ ਕਿ ਉਸ ਨੂੰ ਕਿੰਨੇ ਗੋਲਾਂ ਨਾਲ ਜਿੱਤਣਾ ਹੈ ਕਿਉਂਕਿ ਇੰਗਲੈਂਡ ਤੇ ਸਪੇਨ ਦਾ ਮੈਚ ਉਸ ਤੋਂ ਪਹਿਲਾਂ ਹੈ। ਇੰਗਲੈਂਡ ਜੇਕਰ ਸਪੇਨ ਨੂੰ ਹਰਾ ਦਿੰਦਾ ਹੈ ਤਾਂ ਭਾਰਤ ਨੂੰ ਘੱਟ ਤੋਂ ਘੱਟ 5 ਗੋਲਾਂ ਦੇ ਫਰਕ ਨਾਲ ਜਿੱਤ ਦਰਜ ਕਰਨੀ ਹੀ ਪਵੇਗੀ। ਇੰਗਲੈਂਡ ਦੀ ਜਿੱਤ ਦੇ ਫਰਕ ਦੇ ਅਨੁਸਾਰ ਇਹ ਅੰਕੜਾ ਹੋਰ ਵੱਧ ਜਾਵੇਗਾ। ਜੇ ਦੋਵਾਂ ਟੀਮਾਂ ਦੇ ਬਰਾਬਰ ਗੋਲ ਤੇ ਬਰਾਬਰ ਜਿੱਤਾਂ ਰਹੀਆਂ ਤਾਂ ਪੂਲ ਗੇੜ ਵਿਚ ਰੈਂਕਿੰਗ ਦਾ ਫੈਸਲਾ ਗੋਲ ਔਸਤ ਦੇ ਔਧਾਰ ’ਤੇ ਹੋਵੇਗਾ। ਭਾਰਤ ਦੂਜੇ ਸਥਾਨ ’ਤੇ ਵੀ ਰਹਿੰਦਾ ਹੈ ਤਾਂ ਉਹ ਟੂਰਨਾਮੈਂਟ ਵਿਚੋਂ ਬਾਹਰ ਨਹੀਂ ਹੋਵੇਗਾ। ਅਜਿਹੇ ਵਿਚ ਪੂਲ-ਸੀ ਦੀ ਤੀਜੇ ਸਥਾਨ ਦੀ ਟੀਮ ਨਾਲ ਕ੍ਰਾਸਓਵਰ ਖੇਡਣਾ ਪਵੇਗਾ, ਜਿਹੜਾ ਨਿਊਜ਼ੀਲੈਂਡ ਜਾਂ ਮਲੇਸ਼ੀਆ ਨਾਲ ਹੋ ਸਕਦਾ ਹੈ।

ਭਾਰਤ ਨੇ ਸਪੇਨ ਨੂੰ 2-0 ਨਾਲ ਹਰਾਉਣ ਤੋਂ ਬਾਅਦ ਇੰਗਲੈਂਡ ਨਾਲ ਗੋਲ ਰਹਿਤ ਡਰਾਅ ਖੇਡਿਆ। ਰਾਓਰਕੇਲਾ ਦੇ ਬਿਰਸਾ ਮੁੰਡਾ ਸਟੇਡੀਅਮ ਵਿਚ ਦੋ ਮੈਚ ਖੇਡਣ ਤੋਂ ਬਾਅਦ ਹੁਣ ਟੀਮ ਕਲਿੰਗਾ ਸਟੇਡੀਅਮ ’ਤੇ ਇਸ ਵਿਸ਼ਵ ਕੱਪ ਦਾ ਆਪਣਾ ਪਹਿਲਾ ਮੈਚ ਖੇਡੇਗੀ। ਚਾਰੇ ਪੂਲਾਂ ਤੋਂ ਟਾਪ ਟੀਮਾਂ ਸਿੱਧੇ ਕੁਆਰਟਰ ਫਾਈਨਲ ਵਿਚ ਜਾਣਗੀਆਂ, ਜਦਕਿ ਦੂਜੇ ਤੇ ਤੀਜੇ ਸਥਾਨ ਦੀਆਂ ਟੀਮਾਂ ਕ੍ਰਾਸਓਵਰ ਮੈਚ ਖੇਡਣਗੀਆਂ। ਇਕ ਪੂਲ ਦੀ ਦੂਜੇ ਸਥਾਨ ਦੀ ਟੀਮ ਦੂਜੇ ਪੂਲ ਦੀ ਤੀਜੇ ਸਥਾਨ ਦੀ ਟੀਮ ਨਾਲ ਖੇਡੇਗੀ ਤੇ ਜੇਤੂ ਟੀਮ ਪੂਲ ਦੀ ਚੋਟੀ ਟੀਮ ਤੋਂ ਕੁਆਰਟਰ ਫਾਈਨਲ ਖੇਡੇਗੀ। ਭਾਰਤ ਪੂਲ-ਡੀ ਵਿਚ ਚੋਟੀ ’ਤੇ ਰਹਿ ਕੇ ਸਿੱਧੇ ਕੁਆਲੀਫਾਈ ਕਰ ਲੈਂਦਾ ਹੈ ਤਾਂ ਉਸ ਨੂੰ ਇਕ ਮੈਚ ਘੱਟ ਖੇਡਣਾ ਪਵੇਗਾ ਤੇ ਆਖਰੀ-8 ਵਿਚ ਟੀਮ ਤਰੋਤਾਜਾ ਹੋਵੇਗੀ।

ਮਿਡਫੀਲਡਰ ਤੇ ਸਾਬਕਾ ਕਪਤਾਨ ਮਨਪ੍ਰੀਤ ਸਿੰਘ ਨੇ ਕਿਹਾ, ‘‘ਜੇਕਰ ਅਸੀਂ ਪੂਲ ਵਿਚ ਚੋਟੀ ’ਤੇ ਰਹਿੰਦੇ ਹਾਂ ਤਾਂ ਇਕ ਮੈਚ ਘੱਟ ਖੇਡਾਂਗੇ, ਜਿਹੜਾ ਚੰਗਾ ਹੋਵੇਗਾ। ਅਸੀਂ ਆਪਣੀ ਸਰਵਸ੍ਰੇਸ਼ਠ ਖੇਡ ਦਿਖਾ ਕੇ ਰਣਨੀਤੀ ’ਤੇ ਅਮਲ ਕਰਨ ਦੀ ਕੋਸ਼ਿਸ਼ ਕਰਾਂਗੇ।’’ ਭਾਰਤ ਲਈ ਚਿੰਤਾ ਦਾ ਸਬੱਬ ਪੈਨਲਟੀ ਕਾਰਨਰ ਹੈ। ਹੁਣ ਤਕ ਮਿਲੇ 9 ਪੈਨਲਟੀ ਕਾਰਨਰ ਰਾਹੀਂ ਭਾਰਤੀ ਟੀਮ ਸਿੱਧੇ ਗੋਲ ਨਹੀਂ ਕਰ ਸਕੀ ਹੈ। ਅਮਿਤ ਰੋਹਿਦਾਸ ਨੇ ਸਪੇਨ ਵਿਰੁੱਧ ਗੋਲ ਕੀਤਾ ਸੀ ਪਰ ਹਰਮਨਪ੍ਰੀਤ ਸਿੰਘ ਦੀ ਡ੍ਰੈਗ ਫਲਿੱਕ ਅਸਫਲ ਰਹਿਣ ਤੋਂ ਬਾਅਦ ਰਿਬਾਊਂਡ ’ਤੇ ਉਹ ਗੋਲ ਹੋਇਆ ਸੀ। ਡ੍ਰੈਗ ਫਲਿੱਕਰ ਤੇ ਕਪਤਾਨ ਹਰਮਨਪ੍ਰੀਤ ਦੀ ਖਰਾਬ ਫਾਰਮ ਭਾਰਤ ਲਈ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ ਜਿਹੜਾ ਸਪੇਨ ਵਿਰੁੱਧ ਪੈਨਲਟੀ ਸਟ੍ਰੋਕ ’ਤੇ ਗੋਲ ਵੀ ਨਹੀਂ ਕਰ ਸਕਿਆ ਸੀ। ਭਾਰਤ ਨੂੰ ਫੀਲਡ ਗੋਲ ਕਰਨ ਦੇ ਮੌਕਿਆਂ ਦਾ ਵੀ ਫਾਇਦਾ ਚੁੱਕਣਾ ਪਵੇਗਾ। ਮੁੱਖ ਕੋਚ ਗ੍ਰਾਹਮ ਰੀਡ ਨੇ ਕਿਹਾ, ‘‘ਮੌਕੇ ਗਵਾਉਣ ਤੋਂ ਸਾਨੂੰ ਬਚਣਾ ਪਵੇਗਾ। ਵੇਲਸ ਵਿਰੁੱਧ ਸਾਨੂੰ ਭਾਰੀ ਫਰਕ ਨਾਲ ਜਿੱਤ ਦਰਜ ਕਰਨੀ ਪਵੇਗੀ।’’ ਮੈਚ ਤੋਂ ਪਹਿਲਾਂ ਭਾਰਤ ਨੂੰ ਝਟਕਾ ਲੱਗਾ ਹੈ ਕਿਉਂਕਿ ਮਿਡਫੀਲਡਰ ਹਾਰਦਿਕ ਸਿੰਘ ਸੱਟ ਦੇ ਕਾਰਨ ਇਹ ਮੈਚ ਨਹੀਂ ਖੇਡ ਸਕੇਗਾ। ਉਹ ਕ੍ਰਾਸਓਵਰ ਜਾਂ ਕੁਆਰਟਰ ਫਾਈਨਲ ਤਕ ਹੀ ਫਿੱਟ ਹੋ ਸਕੇਗਾ। ਉਸਦੀ ਜਗ੍ਹਾ ਵਿਵੇਕ ਸਾਗਰ ਪ੍ਰਸਾਦ ਖੇਡੇਗਾ। ਦੂਜੇ ਪਾਸੇ ਦੋਵੇਂ ਮੈਚ ਹਾਰ ਚੁੱਕੀ ਵੇਲਸ ਦੀ ਟੀਮ ਟੂਰਨਾਮੈਂਟ ਵਿਚੋਂ ਬਾਹਰ ਹੋ ਚੁੱਕੀ ਹੈ ਤੇ ਵੱਕਾਰ ਲਈ ਹੀ ਖੇਡੇਗੀ।


author

cherry

Content Editor

Related News