ਭਾਰਤ ਦੀਆਂ ''ਸ਼ੇਰਨੀਆਂ'' ਨੇ ਰਚ ਦਿੱਤਾ ਇਤਿਹਾਸ, ਆਸਟ੍ਰੇਲੀਆ ਨੂੰ 102 ਦੌੜਾਂ ਨਾਲ ਹਰਾਇਆ
Thursday, Sep 18, 2025 - 12:14 AM (IST)

ਮੁੱਲਾਂਪੁਰ (ਭਾਸ਼ਾ)– ਉਪ ਕਪਤਾਨ ਸਮ੍ਰਿਤੀ ਮੰਧਾਨਾ ਨੇ ਕਿਸੇ ਭਾਰਤੀ ਮਹਿਲਾ ਬੱਲੇਬਾਜ਼ ਦਾ ਦੂਜਾ ਸਭ ਤੋਂ ਤੇਜ਼ ਵਨ ਡੇ ਸੈਂਕੜਾ ਲਾਇਆ, ਜਿਸ ਨਾਲ ਮੇਜ਼ਬਾਨ ਟੀਮ ਨੇ ਬੁੱਧਵਾਰ ਨੂੰ ਇੱਥੇ ਦੂਜੇ ਵਨ ਡੇ ਕ੍ਰਿਕਟ ਮੈਚ ਵਿਚ ਆਸਟ੍ਰੇਲੀਆ ਨੂੰ 102 ਦੌੜਾਂ ਨਾਲ ਕਰਾਰੀ ਹਾਰ ਦੇ ਕੇ 3 ਮੈਚਾਂ ਦੀ ਲੜੀ 1-1 ਨਾਲ ਬਰਾਬਰ ਕਰ ਲਈ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਭਾਰਤ ਲਈ ਖੱਬੇ ਹੱਥ ਦੀ ਬੱਲੇਬਾਜ਼ ਮੰਧਾਨਾ ਨੇ 91 ਗੇਂਦਾਂ ਵਿਚ 117 ਦੌੜਾਂ ਬਣਾਈਆਂ, ਜਿਸ ਵਿਚ 14 ਚੌਕੇ ਤੇ 4 ਛੱਕੇ ਸ਼ਾਮਲ ਸਨ। ਉਸ ਨੇ ਆਪਣਾ ਸੈਂਕੜਾ ਸਿਰਫ 77 ਗੇਂਦਾਂ ਵਿਚ ਪੂਰਾ ਕੀਤਾ, ਜਿਸ ਨਾਲ ਮੇਜ਼ਬਾਨ ਟੀਮ ਨੇ 292 ਦੌੜਾਂ ਨਾਲ ਆਪਣਾ ਸਰਵੋਤਮ ਸਕੋਰ ਬਣਾਇਆ। ਇਸ ਤੋਂ ਬਾਅਦ ਕਈ ਕੈਚ ਛੁੱਟਣ ਦੇ ਬਾਵਜੂਦ ਮੇਜ਼ਬਾਨ ਟੀਮ ਨੇ ਆਸਟ੍ਰੇਲੀਆ ਨੂੰ 40.5 ਓਵਰਾਂ ਵਿਚ 190 ਦੌੜਾਂ ’ਤੇ ਆਊਟ ਕਰ ਕੇ ਵੱਡੀ ਜਿੱਤ ਦਰਜ ਕੀਤੀ। ਭਾਰਤ ਨੂੰ ਪਹਿਲੇ ਮੈਚ ਵਿਚ 8 ਵਿਕਟਾਂ ਨਾਲ ਹਾਰ ਝੱਲਣੀ ਪਈ ਸੀ। ਤੀਜਾ ਤੇ ਆਖਰੀ ਮੈਚ 20 ਸਤੰਬਰ ਨੂੰ ਨਵੀਂ ਦਿੱਲੀ ਵਿਚ ਖੇਡਿਆ ਜਾਵੇਗਾ।
ਆਸਟ੍ਰੇਲੀਆ ਦੀ ਟੀਮ ਟੀਚੇ ਦਾ ਪਿੱਛਾ ਕਰਦੇ ਹੋਏ ਲੈਅ ਵਿਚ ਨਹੀਂ ਦਿਸੀ। ਭਾਰਤ ਦੀ ਸ਼ਾਨਦਾਰ ਗੇਂਦਬਾਜ਼ੀ ਤੇ ਫੀਲਡਿੰਗ ਨੇ ਉਸ ਨੂੰ ਪਹਿਲੇ 10 ਓਵਰਾਂ ਵਿਚ 2 ਵਿਕਟਾਂ ’ਤੇ 25 ਦੌੜਾਂ ਹੀ ਬਣਾਉਣ ਦਿੱਤੀਆਂ। ਭਾਰਤੀ ਗੇਂਦਬਾਜ਼ ਕ੍ਰਾਂਤੀ ਗੌੜ ਨੇ 9.5 ਓਵਰਾਂ ਵਿਚ 28 ਦੌੜਾਂ ਦੇ ਕੇ 3 ਵਿਕਟਾਂ ਲਈਆਂ। ਦੀਪਤੀ ਸ਼ਰਮਾ ਨੇ 30ਵੇਂ ਓਵਰ ਤੋਂ ਬਾਅਦ 2 ਵਿਕਟਾਂ ਲੈ ਕੇ ਆਸਟ੍ਰੇਲੀਆ ਲਈ ਜਿੱਤ ਦਾ ਰਸਤਾ ਬੰਦ ਕਰ ਦਿੱਤਾ। ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਵਿਸ਼ਵ ਵਿਚ ਦਬਦਬਾ ਰੱਖਣ ਵਾਲੀ ਆਸਟ੍ਰੇਲੀਆਈ ਟੀਮ ਕੋਈ ਵਨ ਡੇ ਮੈਚ 100 ਜਾਂ ਉਸ ਤੋਂ ਵੱਧ ਦੌੜਾਂ ਨਾਲ ਹਾਰੀ ਹੈ। ਇਸ ਤੋਂ ਪਹਿਲਾਂ ਮੰਧਾਨਾ ਨੇ 77 ਗੇਂਦਾਂ ਵਿਚ ਆਪਣਾ ਸੈਂਕੜਾ ਪੂਰਾ ਕੀਤਾ। ਭਾਰਤ ਦੀ ਕਿਸੇ ਮਹਿਲਾ ਬੱਲੇਬਾਜ਼ ਦੇ ਸਭ ਤੋਂ ਤੇਜ਼ ਸੈਂਕੜੇ ਦਾ ਰਿਕਾਰਡ ਵੀ ਉਸਦੇ ਨਾਂ ਹੀ ਹੈ। ਉਸ ਨੇ ਰਾਜਕੋਟ ਵਿਚ ਇਸ ਸਾਲ ਜਨਵਰੀ ਵਿਚ ਆਇਰਲੈਂਡ ਵਿਰੁੱਧ 70 ਗੇਂਦਾਂ ਵਿਚ ਸੈਂਕੜਾ ਪੂਰਾ ਕੀਤਾ ਸੀ।