ਟੋਕੀਓ ਓਲੰਪਿਕ 'ਚ ਤਮਗਾ ਜਿੱਤ ਸਕਦੈ ਭਾਰਤ : ਸਰਦਾਰ ਸਿੰਘ

Monday, Jul 20, 2020 - 09:16 PM (IST)

ਟੋਕੀਓ ਓਲੰਪਿਕ 'ਚ ਤਮਗਾ ਜਿੱਤ ਸਕਦੈ ਭਾਰਤ : ਸਰਦਾਰ ਸਿੰਘ

ਨਵੀਂ ਦਿੱਲੀ– ਭਾਰਤੀ ਹਾਕੀ ਟੀਮ ਦੇ ਸਾਬਕਾ ਕਪਤਾਨ ਸਰਦਾਰ ਸਿੰਘ ਨੇ ਕਿਹਾ ਹੈ ਕਿ ਭਾਰਤ ਕੋਲ ਅਗਲੇ ਸਾਲ ਜਾਪਾਨ ਦੇ ਟੋਕੀਓ ਵਿਚ ਹੋਣ ਵਾਲੀਆਂ ਖੇਡਾਂ ਦੇ ਮਹਾਕੁੰਭ ਓਲੰਪਿਕ ਵਿਚ ਤਮਗਾ ਜਿੱਤਣ ਦਾ ਸੁਨਹਿਰੀ ਮੌਕਾ ਹੈ। ਭਾਰਤੀ ਟੀਮ ਇਸ ਸਮੇਂ ਵਿਸ਼ਵ ਰੈਂਕਿੰਗ ਵਿਚ ਚੌਥੇ ਨੰਬਰ 'ਤੇ ਹੈ ਤੇ ਉਸ ਨੇ ਪਿਛਲੇ ਤਕਰੀਬਨ 2 ਸਾਲ ਵਿਚ ਕਾਫੀ ਚੰਗਾ ਪ੍ਰਦਰਸ਼ਨ ਕੀਤਾ ਹੈ। ਭਾਰਤ ਦਾ ਟੋਕੀਓ ਓਲੰਪਿਕ ਦੀ ਪੁਰਸ਼ ਹਾਕੀ ਪ੍ਰਤੀਯੋਗਿਤਾ ਵਿਚ ਪਹਿਲਾ ਮੁਕਾਬਲਾ 24 ਜੁਲਾਈ ਨੂੰ ਵਿਸ਼ਵ ਦੀ 8ਵੇਂ ਨੰਬਰ ਦੀ ਟੀਮ ਨਿਊਜ਼ੀਲੈਂਡ ਨਾਲ ਹੋਵੇਗਾ। ਭਾਰਤ ਦੀ ਪੁਰਸ਼ ਟੀਮ ਨੂੰ ਪੂਲ-ਏ ਵਿਚ ਦੂਜੇ ਨੰਬਰ ਦੀ ਟੀਮ ਆਸਟਰੇਲੀਆ, ਓਲੰਪਿਕ ਚੈਂਪੀਅਨ ਅਰਜਨਟੀਨਾ, ਨੌਵੇਂ ਨੰਬਰ ਦੀ ਟੀਮ ਸਪੇਨ, ਅੱਠਵੇਂ ਨੰਬਰ ਦੀ ਟੀਮ ਨਿਊਜ਼ੀਲੈਂਡ ਤੇ ਏਸ਼ੀਆਈ ਖੇਡਾਂ ਦੇ ਚੈਂਪੀਅਨ ਤੇ ਮੇਜ਼ਬਾਨ ਜਾਪਾਨ ਦੇ ਨਾਲ ਰੱਖਿਆ ਗਿਆ ਹੈ। ਪੂਲ-ਬੀ ਵਿਚ ਬੈਲਜੀਅਮ, ਹਾਲੈਂਡ, ਜਰਮਨੀ, ਬ੍ਰਿਟੇਨ, ਕੈਨੇਡਾ ਤੇ ਦੱਖਣੀ ਅਫਰੀਕਾ ਦੇ ਨਾਲ ਰੱਖਿਆ ਗਿਆ ਹੈ।
ਸਰਦਾਰ ਨੂੰ ਭਰੋਸਾ ਹੈ ਕਿ ਮੌਜੂਦਾ ਟੀਮ ਵਿਚ ਓਲੰਪਿਕ ਤਮਗਾ ਜਿੱਤਣ ਦੀ ਸਮਰੱਥਾ ਹੈ। ਸਾਬਕਾ ਕਪਤਾਨ ਸਰਦਾਰ ਤੋਂ ਪਹਿਲਾਂ ਭਾਰਤੀ ਹਾਕੀ ਟੀਮ ਦੇ ਤਜਰਬੇਕਾਰ ਗੋਲਕੀਪਰ ਪੀ. ਆਰ. ਸ਼੍ਰੀਜੇਸ਼ ਨੇ ਕਿਹਾ ਸੀ ਕਿ ਜੇਕਰ ਟੀਮ ਆਪਣੀ ਲੈਅ ਵਿਚ ਖੇਡੇਗੀ ਤਾਂ ਟੋਕੀਓ ਓਲੰਿਪਕ ਖੇਡਾਂ ਵਿਚ ਤਮਗਾ ਹਾਸਲ ਕਰ ਕੇ 40 ਸਾਲ ਦਾ ਤਮਗਾ ਸੋਕਾ ਖਤਮ ਕਰ ਸਕਦੀ ਹੈ। ਭਾਰਤ ਨੇ ਆਖਰੀ ਵਾਰ ਓਲੰਪਿਕ ਵਿਚ ਤਮਗਾ 1980 ਦੀਆਂ ਮਾਸਕੋ ਓਲੰਪਿਕ ਵਿਚ ਸੋਨ ਤਮਗੇ ਦੇ ਰੂਪ ਵਿਚ ਜਿੱਤਿਆ ਸੀ ਪਰ ਉਸ ਤੋਂ ਬਾਅਦ ਭਾਰਤ ਫਿਰ ਕਦੇ ਓਲੰਪਿਕ ਪੋਡੀਅਮ 'ਤੇ ਨਹੀਂ ਪਹੁੰਚ ਸਕਿਆ। ਸਰਦਾਰ ਨੇ ਆਪਣੇ 10 ਸਾਲ ਦੇ ਸ਼ਾਨਦਾਰ ਕਰੀਅਰ 'ਤੇ ਨਜ਼ਰ ਪਾਉਂਦੇ ਹੋਏ ਕਿਹਾ,''ਪਿਛਲੇ ਇਕ ਦਹਾਕੇ ਦੇ ਮੇਰੇ ਕਰੀਅਰ ਵਿਚ ਮੈਂ ਕਈ ਸ਼ਾਨਦਾਰ ਤੇ ਯਾਦਗਾਰ ਮੁਕਾਬਲੇ ਖੇਡੇ ਹਨ। ਸਾਲ 2014 ਦੀਆਂ ਏਸ਼ੀਆਈ ਖੇਡਾਂ ਵਿਚ ਟੀਮ ਦੀ ਅਗਵਾਈ ਕਰਦੇ ਹੋਏ ਸੋਨ ਤਮਗਾ ਜਿੱਤਣਾ ਤੇ ਸਿੱਧੇ ਰੀਓ ਓਲੰਪਿਕ ਲਈ ਕੁਆਲੀਫਾਈ ਕਰਨਾ ਮੇਰੇ ਕਰੀਅਰ ਦੇ ਯਾਦਗਾਰ ਮੁਕਾਬਲਿਆਂ ਦੀ ਸੂਚੀ ਵਿਚ ਸਭ ਤੋਂ ਉੱਪਰ ਰਹੇਗਾ।''
ਉਸ ਨੇ ਕਿਹਾ,''ਇਹ ਮੁਕਾਬਲਾ ਯਾਦਗਾਰ ਸਿਰਫ ਇਸ ਲਈ ਨਹੀਂ ਰਹੇਗਾ ਕਿ ਅਸੀਂ 16 ਸਾਲ ਬਾਅਦ ਸੋਨਾ ਜਿੱਤਿਆ ਤੇ ਫਾਈਨਲ ਵਿਚ ਪਾਕਿਸਤਾਨ ਨੂੰ ਹਰਾਇਆ ਸੀ ਸਗੋਂ ਇਸ ਲਈ ਕਿਉਂਕਿ ਇਸ ਮੁਕਾਬਲੇ ਤੋਂ ਬਾਅਦ ਭਾਰਤੀ ਪੁਰਸ਼ ਹਾਕੀ ਟੀਮ ਦੀ ਨਵੀਂ ਸ਼ੁਰੂਆਤ ਹੋਈ। ਸਾਲ 2014 ਟੀਮ ਲਈ ਬਹੁਤ ਸਾਰੀਆਂ ਚੰਗੀਆਂ ਚੀਜ਼ਾਂ ਲੈ ਕੇ ਆਇਆ ਸੀ ਤੇ ਇਸ ਤੋਂ ਬਾਅਦ ਟੀਮ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ।'' ਸਰਦਾਰ ਨੇ ਕਿਹਾ,''ਮੇਰਾ ਕਰੀਅਰ ਇਸ ਲਈ ਸੰਤੁਸ਼ਟੀ ਭਰਿਆ ਰਹੇਗਾ ਕਿਉਂਕਿ ਮੈਂ ਉਸ ਦੌਰ ਦੌਰਾਨ ਟੀਮ ਨਾਲ ਜੁੜਿਆ ਸੀ ਜਦੋਂ ਟੀਮ ਦਾ ਇਕ ਤਰ੍ਹਾਂ ਨਾਲ ਨਵਾਂ ਜਨਮ ਹੋਇਆ ਸੀ। ਲੰਡਨ ਓਲੰਪਿਕ 2012 ਵਿਚ ਅਸੀਂ 12ਵੇਂ ਤੇ ਆਖਰੀ ਸਥਾਨ 'ਤੇ ਰਹੇ ਸੀ ਪਰ ਉਸ ਤੋਂ ਬਾਅਦ ਅਸੀਂ ਲੰਬਾ ਸਫਰ ਤੈਅ ਕੀਤਾ। ਮੈਂ ਜਦੋਂ 2018 ਵਿਚ ਸੰਨਿਆਸ ਲਿਆ ਤਦ ਅਸੀਂ ਵਿਸ਼ਵ ਰੈਂਕਿੰਗ ਵਿਚ 6ਵੇਂ ਸਥਾਨ 'ਤੇ ਪਹੁੰਚ ਚੁੱਕੇ ਸੀ। ਸਾਡੀ ਮੌਜੂਦਾ ਰੈਂਕਿੰਗ ਨੰਬਰ-4 ਹੈ, ਜਿਸ ਨਾਲ ਨਿਸ਼ਚਿਤ ਰੂਪ ਨਾਲ ਟੀਮ ਦਾ ਆਤਮਵਿਸ਼ਵਾਸ ਵਧਿਆ ਹੈ ਤੇ ਇਹ ਆਤਮਵਿਸ਼ਵਾਸ ਹੀ ਟੋਕੀਓ ਓਲੰਪਿਕ ਵਿਚ ਕੰਮ ਆਵੇਗਾ।'' ਸਾਬਕਾ ਕਪਤਾਨ ਨੇ ਕਿਹਾ,''ਮੈਂ 314 ਕੌਮਾਂਤਰੀ ਮੁਕਾਬਲੇ ਖੇਡੇ ਹਨ ਪਰ ਮੈਨੂੰ ਓਲੰਪਿਕ ਤਮਗਾ ਨਾ ਜਿੱਤ ਸਕਣ ਦਾ ਅਜੇ ਤਕ ਅਫਸੋਸ ਹੈ। ਟੀਮ ਨੇ ਪਿਛਲੇ ਕੁਝ ਸਮੇਂ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ਤੇ ਇਸ ਸਾਲ ਐੱਫ. ਆਈ. ਐੱਚ. ਪ੍ਰੋ-ਹਾਕੀ ਲੀਗ ਵਿਚ ਟੀਮ ਦੇ ਪ੍ਰਦਰਸ਼ਨ ਨੂੰ ਦੇਖ ਕੇ ਲੱਗਦਾ ਹੈ ਕਿ ਅਸੀਂ ਓਲੰਿਪਕ ਤਮਗਾ ਜਿੱਤ ਲਵਾਂਗੇ। ਮੈਨੂੰ ਲੱਗਦਾ ਹੈ ਕਿ ਮੌਜੂਦਾ ਟੀਮ ਕੋਲ ਟੋਕੀਓ ਵਿਚ ਤਮਗਾ ਜਿੱਤਣ ਦਾ ਸੁਨਹਿਰੀ ਮੌਕਾ ਹੈ।''


author

Gurdeep Singh

Content Editor

Related News