ਭਾਰਤ ਨੇ ਮਹਿਲਾ ਟੀ20 ਵਿਸ਼ਵ ਕੱਪ ਲਈ ਟੀਮ ਦਾ ਕੀਤਾ ਐਲਾਨ, ਜਾਣੋ ਕਿਸ ਨੂੰ ਮਿਲਿਆ ਮੌਕਾ
Tuesday, Aug 27, 2024 - 05:22 PM (IST)
ਸਪੋਰਟਸ ਡੈਸਕ : ਅਕਤੂਬਰ 'ਚ ਹੋਣ ਵਾਲੇ ICC ਮਹਿਲਾ ਟੀ-20 ਵਿਸ਼ਵ ਕੱਪ-2024 ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਬੀਸੀਸੀਆਈ ਮਹਿਲਾ ਚੋਣ ਕਮੇਟੀ ਨੇ ਮੰਗਲਵਾਰ ਨੂੰ 15 ਖਿਡਾਰਨਾਂ ਦੀ ਟੀਮ ਦਾ ਐਲਾਨ ਕੀਤਾ ਹੈ। ਹਰਮਨਪ੍ਰੀਤ ਕੌਰ ਨੂੰ ਟੀਮ ਦੀ ਕਮਾਨ ਸੌਂਪੀ ਗਈ ਹੈ, ਜਦਕਿ ਸਮ੍ਰਿਤੀ ਮੰਧਾਨਾ ਉਪ ਕਪਤਾਨ ਹੈ।
ਟੀਮ 'ਚ ਯਾਸਤਿਕਾ ਭਾਟੀਆ ਤੇ ਸ਼੍ਰੇਅੰਕਾ ਪਾਟਿਲ ਨੂੰ ਚੁਣਿਆ ਗਿਆ ਹੈ ਪਰ ਬੀਸੀਸੀਆਈ ਨੇ ਇਨ੍ਹਾਂ ਦੋਵਾਂ ਬਾਰੇ ਕਿਹਾ ਹੈ ਕਿ ਇਨ੍ਹਾਂ ਦੀ ਚੋਣ ਫਿਟਨੈੱਸ 'ਤੇ ਨਿਰਭਰ ਕਰਦੀ ਹੈ। ਤਿੰਨ ਖਿਡਾਰਨਾਂ ਨੂੰ ਟਰੈਵਲਿੰਗ ਰਿਜ਼ਰਵ 'ਚ ਚੁਣਿਆ ਗਿਆ ਹੈ ਜਦਕਿ ਦੋ ਖਿਡਾਰਨਾਂ ਨੂੰ ਨਾਨ-ਟ੍ਰੈਵਲਿੰਗ ਰਿਜ਼ਰਵ 'ਚ ਚੁਣਿਆ ਗਿਆ ਹੈ।
ਭਾਰਤ ਦਾ ਬੈਟਿੰਗ ਆਰਡਰ ਇਸ ਟੀਮ 'ਚ ਕਾਫੀ ਮਜ਼ਬੂਤ ਨਜ਼ਰ ਆ ਰਿਹਾ ਹੈ। ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਦੇ ਰੂਪ 'ਚ ਭਾਰਤ ਕੋਲ ਦੋ ਸ਼ਾਨਦਾਰ ਸਲਾਮੀ ਬੱਲੇਬਾਜ਼ ਹਨ। ਭਾਰਤ ਕੋਲ ਬੈਕਅੱਪ ਵਜੋਂ ਡਾਇਲਨ ਹੇਮਲਤਾ ਹੈ। ਮਿਡਲ ਆਰਡਰ ਨੂੰ ਸੰਭਾਲਣ ਲਈ ਜੇਮਿਮਾ ਰੌਡਰਿਗਜ਼, ਕਪਤਾਨ ਹਰਮਨਪ੍ਰੀਤ ਕੌਰ, ਦੀਪਤੀ ਸ਼ਰਮਾ ਮੌਜੂਦ ਹਨ। ਫਿਨੀਸ਼ਰ ਵਜੋਂ ਭਾਰਤ ਕੋਲ ਵਿਕਟਕੀਪਰ ਰਿਚਾ ਘੋਸ਼ ਹੈ। ਯਾਸਤਿਕ ਭਾਟੀਆ ਦੇ ਰੂਪ 'ਚ ਭਾਰਤ ਨੇ ਬੈਕਅੱਪ ਕੀਪਰ ਦੀ ਚੋਣ ਕੀਤੀ ਹੈ ਪਰ ਉਸ ਦਾ ਮਾਮਲਾ ਫਿਟਨੈਸ ’ਤੇ ਨਿਰਭਰ ਕਰਦਾ ਹੈ। ਇਸ ਕਾਰਨ ਵਿਕਟਕੀਪਰ ਉਮਾ ਛੇਤਰੀ ਨੂੰ ਵੀ ਟਰੈਵਲਿੰਗ ਰਿਜ਼ਰਵ 'ਚ ਜਗ੍ਹਾ ਮਿਲੀ ਹੈ।
ਭਾਰਤ ਦੀ ਤੇਜ਼ ਗੇਂਦਬਾਜ਼ੀ ਹਮਲਾਵਰ ਪੂਜਾ ਵਸਤਰਾਕਰ ਤੇ ਰੇਣੁਕਾ ਸਿੰਘ 'ਤੇ ਨਿਰਭਰ ਹੈ। ਇਨ੍ਹਾਂ ਦੋਵਾਂ ਤੋਂ ਇਲਾਵਾ ਸਾਰਿਆਂ ਦੀਆਂ ਨਜ਼ਰਾਂ ਅਰੁੰਧਤੀ ਰੈੱਡੀ 'ਤੇ ਵੀ ਰਹਿਣਗੀਆਂ। ਸਪਿਨ ਅਟੈਕ ਦੀ ਜ਼ਿੰਮੇਵਾਰੀ ਦੀਪਤੀ ਸ਼ਰਮਾ 'ਤੇ ਹੋਵੇਗੀ। ਰਾਧਾ ਯਾਦਵ, ਆਸ਼ਾ ਸ਼ੋਭਨਾ ਉਨ੍ਹਾਂ ਦਾ ਸਾਥ ਦੇਣਗੇ।
ਟੀ-20 ਵਿਸ਼ਵ ਕੱਪ ਲਈ ਭਾਰਤੀ ਮਹਿਲਾ ਟੀਮ
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ (ਉਪ-ਕਪਤਾਨ), ਸ਼ੈਫਾਲੀ ਵਰਮਾ, ਦੀਪਤੀ ਸ਼ਰਮਾ, ਜੇਮਿਮਾ ਰੌਡਰਿਗਜ਼, ਰਿਚਾ ਘੋਸ਼ (ਵਿਕਟਕੀਪਰ), ਯਸਤਿਕਾ ਭਾਟੀਆ (ਵਿਕਟਕੀਪਰ), ਪੂਜਾ ਵਸਤਰਾਕਰ, ਅਰੁੰਧਤੀ ਰੈਡੀ, ਰੇਣੂਕਾ ਸਿੰਘ ਠਾਕੁਰ, ਡਾਇਲਨ ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ , ਸ਼੍ਰੇਆਂਕਾ ਪਾਟਿਲ , ਸੰਜਨਾ ਸਜੀਵਨ
ਟ੍ਰੈਵਿਲੰਗ ਰਿਜ਼ਰਵ : ਉਮਾ ਛੇਤਰੀ (wk), ਤਨੁਜਾ ਕੰਵਰ, ਸਾਇਮਾ ਠਾਕੁਰ
ਨਾਨ-ਟ੍ਰੈਵਲਿੰਗ ਰਿਜ਼ਰਵ : ਰਾਘਵੀ ਬਿਸ਼ਟ, ਪ੍ਰਿਆ ਮਿਸ਼ਰਾ