ਪਾਕਿਸਤਾਨ ਦੇ ਮਿਡਲ ਆਰਡਰ ਲਈ ਪ੍ਰੇਸ਼ਾਨੀ ਦਾ ਸਬੱਬ ਬਣੇਗਾ ਭਾਰਤ ਦਾ ਸਪਿੰਨ ਹਮਲਾ : ਵਸੀਮ ਅਕਰਮ
Friday, Sep 12, 2025 - 10:35 PM (IST)

ਸਪੋਰਟਸ ਡੈਸਕ-ਏਸ਼ੀਆ ਕੱਪ-2025 ਦੇ ਗਰੁੱਪ-ਏ ਮੁਕਾਬਲੇ ਵਿਚ 14 ਸਤੰਬਰ ਨੂੰ ਭਾਰਤ-ਪਾਕਿਸਤਾਨ ਵਿਚਾਲੇ ਮੁਕਾਬਲਾ ਹੋਣਾ ਹੈ, ਜਿਸਦਾ ਸਿੱਧਾ ਪ੍ਰਸਾਰਣ ਸੋਨੀ ਸਪੋਰਟਸ ਟੈੱਨ-3 ਹਿੰਦੀ ਚੈਨਲ ’ਤੇ ਰਾਤ 8 ਵਜੇ ਤੋਂ ਹੋਵੇਗਾ। ਮੈਚ ਤੋਂ ਪਹਿਲਾਂ ਪਾਕਿਸਤਾਨ ਦੇ ਸਾਬਕਾ ਕਪਤਾਨ ਵਸੀਮ ਅਕਰਮ ਨੇ ਇਸ ਮੁਕਾਬਲੇ ਲਈ ਕਿਹਾ ਕਿ ਟੀ-20 ਵਿਚ ਕੋਈ ਵੀ ਟੀਮ ਜਿੱਤ ਸਕਦੀ ਹੈ।
ਉਸ ਨੇ ਕਿਹਾ ਕਿ ਭਾਰਤ ਦਾ ਸਪਿੰਨ ਹਮਲਾ ਜਿਸ ਵਿਚ ਕੁਲਦੀਪ ਯਾਦਵ ਤੇ ਵਰੁਣ ਚੱਕਰਵਰਤੀ ਵਰਗੇ ਧਾਕੜ ਸ਼ਾਮਲ ਹਨ, ਪਾਕਿਸਤਾਨ ਦੇ ਮੱਧਕ੍ਰਮ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਸਕਦਾ ਹੈ। ਜੇਕਰ ਤੁਸੀਂ ਸਪਿੰਨ ਗੇਂਦਬਾਜ਼ਾਂ ਨੂੰ ਪੜ੍ਹ ਨਹੀਂ ਸਕੇ ਤੇ ਗੇਂਦ ਪਿੱਚ ਹੋ ਗਈ ਤਦ ਬਹੁਤ ਦੇਰ ਹੋ ਜਾਂਦੀ ਹੈ। ਇਹ ਮੇਰੇ ਲਈ ਤੇ ਪਾਕਿਸਤਾਨ ਲਈ ਚਿੰਤਾ ਦੀ ਗੱਲ ਹੈ।’’
ਅਕਰਮ ਨੇ ਨਾਲ ਹੀ ਪਾਕਿਸਤਾਨ ਨੂੰ ਭਾਰਤ ਤੋਂ ਬਾਅਦ ਦੂਜੀ ਸਬ ਤੋਂ ਵੱਡੀ ਏਸ਼ੀਆਈ ਟੀਮ ਕਰਾਰ ਦਿੱਤਾ। ਉਸ ਨੇ ਕਿਹਾ ਕਿ ਪਾਕਿਸਤਾਨ ਅਜੇ ਵੀ ਨੰਬਰ-2 ਹੈ ਪਰ ਅਫਗਾਨਿਸਤਾਨ ਵੀ ਬਰਾਬਰੀ ’ਤੇ ਹੈ। ਉਸਦੀ ਸਪਿੰਨ ਗੇਂਦਬਾਜ਼ੀ ਸ਼ਾਨਦਾਰ ਹੈ। ਸ਼੍ਰੀਲੰਕਾ ਨੂੰ ਵੀ ਨਾ ਭੁੱਲੋ, ਉਹ ਵੀ ਬਹੁਤ ਖਤਰਨਾਕ ਟੀਮ ਹੈ।’’
ਅਕਰਮ ਨੇ ਨਾਲ ਹੀ ਕਿਹਾ ਕਿ ਅੱਜ ਦੀ ਤਾਰੀਕ ਵਿਚ ਭਾਰਤ ਦੁਨੀਆ ਦੀ ਸਭ ਤੋਂ ਮਜ਼ਬੂਤ ਟੀਮ ਹੈ। ਪਹਿਲਾਂ ਸਾਡੇ ਸਮੇਂ ਵਿਚ ਪਾਕਿਸਤਾਨ ਫੇਵਰਟ ਟੀਮ ਹੋਇਆ ਕਰਦਾ ਸੀ ਪਰ ਹੁਣ ਭਾਰਤ ਹੈ।