ਭਾਰਤ ਦੀ ਮਿਤਾਲੀ ਰਾਜ ਨੇ ਕੌਮਾਂਤਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਕੀਤਾ ਐਲਾਨ

06/08/2022 4:07:07 PM

ਸਪੋਰਟਸ ਡੈਸਕ- ਭਾਰਤ ਦੀ ਵਨ-ਡੇ ਤੇ ਟੈਸਟ ਕਪਤਾਨ ਮਿਤਾਲੀ ਰਾਜ ਨੇ ਬੁੱਧਵਾਰ ਨੂੰ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈਟਾਂ ਤੋਂ ਸੰਨਿਆਸ ਦਾ ਐਲਾਨ ਕਰ ਦਿੱਤਾ ਹੈ। ਮਿਤਾਲੀ (39 ਸਾਲਾ) ਮਹਿਲਾ ਵਨ-ਡੇ ਮੈਚਾਂ 'ਚ ਸਭ ਤੋਂ ਜ਼ਿਆਦਾ ਦੌੜਾਂ (7805 ਦੌੜਾਂ) ਬਣਾਉਣ ਵਾਲੀ ਖਿਡਾਰੀ ਹੈ। ਉਨ੍ਹਾਂ ਨੇ 89 ਟੀ20 ਕੌਮਾਂਤਰੀ ਮੈਚਾਂ 'ਚ 2364 ਦੌੜਾਂ ਜਦਕਿ 12 ਟੈਸਟ ਮੈਚਾਂ 'ਚ 699 ਦੌੜਾਂ ਬਣਾਈਆਂ ਹਨ। ਮਿਤਾਲੀ ਰਾਜ ਦੀ ਅਗਵਾਈ 'ਚ ਭਾਰਤ 2017 'ਚ ਮਹਿਲਾ ਵਨ-ਡੇ ਵਿਸ਼ਵ ਕੱਪ ਦੇ ਫਾਈਨਲ 'ਚ ਪੁੱਜਾ ਸੀ।

ਇਹ ਵੀ ਪੜ੍ਹੋ : ਕੋਹਲੀ ਇੰਸਟਾ 'ਤੇ 200 ਮਿਲੀਅਨ ਫਾਲੋਅਰਸ ਵਾਲੇ ਪਹਿਲੇ ਭਾਰਤੀ ਬਣੇ, ਇਕ ਪੋਸਟ ਤੋਂ ਕਮਾਉਂਦੇ ਨੇ ਇੰਨੇ ਕਰੋੜ

ਮਿਤਾਲੀ ਰਾਜ ਨੇ ਜੂਨ 1999 'ਚ ਡੈਬਿਊ ਕੀਤਾ ਸੀ ਤੇ ਭਾਰਤ ਲਈ ਸਭ ਤੋਂ ਕੁਸ਼ਲ ਕ੍ਰਿਕਟਰਾਂ 'ਚੋਂ ਇਕ ਦੇ ਤੌਰ 'ਤੇ ਰਿਟਾਇਰਮੈਂਟ ਲਈ। ਉਨ੍ਹਾਂ ਨੇ ਭਾਰਤ ਲਈ ਆਪਣਾ ਆਖ਼ਰੀ ਮੈਚ ਵਰਲਡ ਕੱਪ 'ਚ ਦੱਖਣੀ ਅਫਰੀਕਾ ਦੇ ਖ਼ਿਲਾਫ਼ ਖੇਡਿਆ ਸੀ। ਭਾਰਤ ਵਿਸ਼ਵ ਕੱਪ ਗਰੁੱਪ ਪੜਾਅ ਤੋਂ ਅੱਗੇ ਨਿਕਲਣ 'ਚ ਅਸਫਲ ਰਿਹਾ, ਪਰ ਮਿਤਾਲੀ ਨੇ 84 ਗੇਂਦਾਂ 'ਚ 68 ਦੌੜਾਂ ਬਣਾਈਆਂ ਜੋ ਕਿ ਦੇਸ਼ ਲਈ ਉਨ੍ਹਾਂ ਦਾ ਆਖ਼ਰੀ ਮੈਚ ਸੀ।

ਮਿਤਾਲੀ ਨੇ ਟਵਿੱਟਰ 'ਤੇ ਪੋਸਟ ਕੀਤੇ ਗਏ ਭਾਵਨਾਤਮਕ ਨੋਟ 'ਚ ਕਿਹਾ, ਉਨ੍ਹਾਂ ਨੇ ਦੇਸ਼ ਲਈ ਆਪਣਾ ਸਰਵਸ੍ਰੇਸ਼ਠ ਦਿੱਤਾ ਹੈ। ਸਾਲਾਂ ਤੋਂ ਤੁਹਾਡੇ ਸਾਰਿਆਂ ਦੇ ਪਿਆਰ ਤੇ ਸਮਰਥਨ ਲਈ ਧੰਨਵਾਦ! ਮੈਂ ਤੁਹਾਡੇ ਆਸ਼ੀਰਵਾਦ ਤੇ ਸਮਰਥਨ ਨਾਲ ਆਪਣੀ ਦੂਜੀ ਪਾਰੀ ਲਈ ਅੱਗੇ ਹਾਂ। ਮਿਤਾਲੀ ਵਲੋਂ ਟਵਿੱਟਰ 'ਤੇ ਸ਼ੇਅਰ ਕੀਤੇ ਗਏ ਨੋਟ 'ਚ ਲਿਖਿਆ ਗਿਆ ਹੈ, ਮੈਂ ਭਾਰਤੀ ਟੀਮ ਦੀ ਯਾਤਰਾ ਤੇ ਇਕ ਛੋਟੀ ਲੜਕੀ ਦੇ ਤੌਰ 'ਤੇ ਨਿਕਲੀ ਜਿਸ ਦੇ ਲਈ ਦੇਸ਼ ਦੀ ਨੁਮਾਇੰਦਗੀ ਕਰਨਾ ਸਰਵਉੱਚ ਸਨਮਾਨ ਹੈ। ਯਾਤਰਾ ਉਤਰਾਅ-ਚੜ੍ਹਾਅ ਭਰੀ ਸੀ। ਹਰੇਕ ਘਟਨਾ ਨੇ ਮੈਨੂੰ ਕੁਝ ਅਨੋਖੀ ਸਿੱਖਿਆ ਦਿੱਤੀ ਤੇ ਪਿਛਲੇ 23 ਸਾਲ ਮੇਰੀ ਜ਼ਿੰਦਗੀ ਦੇ ਚੁਣੌਤੀਪੂਰਨ ਤੇ ਸੁਖਦ ਸਾਲਾਂ 'ਚ ਰਹੇ। ਸਾਰੀਆਂ ਯਾਤਰਾਵਾਂ ਦੀ ਤਰ੍ਹਾਂ, ਇਸ ਨੂੰ ਵੀ ਸਮਾਪਤ ਹੋਣਾ ਸੀ।

PunjabKesari

ਉਨ੍ਹਾਂ ਕਿਹਾ, ਅੱਜ ਦੇ ਦਿਨ ਮੈਂ ਕੌਮਾਂਤਰੀ ਕ੍ਰਿਕਟ ਦੇ ਸਾਰੇ ਫਾਰਮੈਟ ਤੋਂ ਸੰਨਿਆਸ ਲੈ ਰਹੀ ਹਾਂ। ਹਰ ਵਾਰ ਜਦੋਂ ਮੈਂ ਮੈਦਾਨ 'ਤੇ ਕਦਮ ਰੱਖਿਆ, ਮੈਂ ਭਾਰਤ ਨੂੰ ਜਿਤਾਉਣ 'ਚ ਮਦਦ ਕਰਨ ਦੇ ਇਰਾਦੇ ਨਾਲ ਆਪਣਾ ਸਰਵਸ੍ਰੇਸ਼ਠ ਦਿੱਤਾ। ਮੈਂ ਹਮੇਸ਼ਾ ਤਿਰੰਗੇ ਦੀ ਨੁਮਾਇੰਦਗੀ ਕਰਨ ਲਈ ਦਿੱਤੇ ਗਏ ਮੌਕਿਆਂ ਦੀ ਯਾਦ ਨੂੰ ਸੰਭਾਲ ਕੇ ਰੱਖਾਂਗੀ। ਮੈਨੂੰ ਲਗਦਾ ਹੈ ਕਿ ਇਹ ਸਹੀ ਸਮਾਂ ਹੈ ਕਿਉਂਕਿ ਟੀਮ ਬਹੁਤ ਹੀ ਪ੍ਰਤਿਭਾਸ਼ਾਲੀ ਯੁਵਾ ਖਿਡਾਰੀਆਂ ਦੇ ਹੱਥਾਂ 'ਚ ਹੈ ਤੇ ਭਾਰਤੀ ਕ੍ਰਿਕਟ ਦਾ ਭਵਿੱਖ ਸ਼ਾਨਦਾਰ ਹੈ। 

ਇਹ ਵੀ ਪੜ੍ਹੋ : ਮਹਿਲਾ ਵਨ-ਡੇ ਰੈਂਕਿੰਗ 'ਚ ਮਿਤਾਲੀ ਸਤਵੇਂ ਜਦਕਿ ਮੰਧਾਨਾ ਨੌਵੇਂ ਸਥਾਨ 'ਤੇ

PunjabKesari

ਮਿਤਾਲੀ ਨੇ ਅੱਗੇ ਲਿਖਿਆ, ਮੈਂ ਬੀ. ਸੀ. ਸੀ. ਆਈ. ਤੇ ਜੈ ਸ਼ਾਹ ਸਰ (ਬੀ. ਸੀ. ਸੀ. ਆਈ. ਸਕੱਤਰ) ਨੂੰ ਸਮਰਥਨ ਲਈ ਧੰਨਵਾਦ ਦੇਣਾ ਚਾਹੁੰਦੀ ਹਾਂ। ਪਹਿਲਾਂ ਇਕ ਖਿਡਾਰੀ ਦੇ ਤੌਰ 'ਤੇ ਤੇ ਫਿਰ ਭਾਰਤੀ ਮਹਿਲਾ ਕ੍ਰਿਕਟ ਟੀਮ ਦੀ ਕਪਤਾਨ ਦੇ ਤੌਰ 'ਤੇ। ਮਿਤਾਲੀ ਨੇ ਆਪਣੇ ਪੱਤਰ 'ਚ ਲਿਖਿਆ, ਇੰਨੇ ਸਾਲਾਂ ਤਕ ਟੀਮ ਦੀ ਨੁਮਾਇੰਦਗੀ ਕਰਨਾ ਸਨਮਾਨ ਦੀ ਗੱਲ ਸੀ। ਇਸ ਨੇ ਮੈਨੂੰ ਯਕੀਨੀ ਤੌਰ 'ਤੇ ਇਕ ਵਿਅਕਤੀ ਦੇ ਤੌਰ 'ਤੇ ਆਕਾਰ ਦਿੱਤਾ ਤੇ ਉਮੀਦ ਹੈ ਕਿ ਭਾਰਤੀ ਮਹਿਲਾ ਕ੍ਰਿਕਟ ਨੂੰ ਵੀ ਆਕਾਰ ਦੇਣ 'ਚ ਮਦਦ ਮਿਲੇਗੀ।  

ਮਿਤਾਲੀ ਰਾਜ ਨੇ ਆਪਣੇ ਕੌਮਾਂਤਰੀ ਕਰੀਅਰ ਦਾ ਅੰਤ 7 ਵਨ-ਡੇ ਸੈਂਕੜੇ ਤੇ ਇਕ ਟੈਸਟ ਸੈਂਕੜੇ ਦੇ ਨਾਲ ਕੀਤਾ। ਟੈਸਟ 'ਚ ਉਨ੍ਹਾਂ ਨੇ 4 ਅਰਧ ਸੈਂਕੜੇ ਬਣਾਏ ਜਦਕਿ ਵਨ-ਡੇ 64 ਅਰਧ ਸੈਂਕੜੇ ਤੇ ਟੀ-20 ਕੌਮਾਂਤਰੀ 'ਚ 17 ਅਰਧ ਸੈਂਕੜੇ ਬਣਾਏ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


 


Tarsem Singh

Content Editor

Related News