ਵੇਲਾਮਲ ਮਹਿਲਾ ਗ੍ਰੈਂਡ ਮਾਸਟਰ ਸ਼ਤਰੰਜ : ਮੰਗੋਲੀਆ ਦੀ ਉਰਤਸ਼ੇਖ ਨੂੰ ਹਰਾ ਕੇ ਭਾਰਤ ਦੀ ਮੈਰੀ ਨੇ ਬਣਾਈ ਸਿੰਗਲ ਬੜ੍ਹਤ
Thursday, Mar 21, 2024 - 12:27 PM (IST)
ਚੇਨਈ, (ਨਿਕਲੇਸ਼ ਜੈਨ)- ਭਾਰਤੀ ਸ਼ਤਰੰਜ ਦੀ ਰਾਜਧਾਨੀ ਕਹੇ ਜਾਣ ਵਾਲੇ ਚੇਨਈ ਵਿਚ ਵੇਲਾਮਲ ਏ. ਆਈ. ਸੀ. ਐੱਫ. ਮਹਿਲਾ ਗ੍ਰੈਂਡ ਮਾਸਟਰ ਸ਼ਤਰੰਜ ਰਾਊਂਡ ਰਾਬਿਨ ਟੂਰਨਾਮੈਂਟ ਦੇ 4 ਰਾਊਂਡਾਂ ਤੋਂ ਬਾਅਦ ਭਾਰਤ ਦੀ 3 ਵਾਰ ਦੀ ਰਾਸ਼ਟਰੀ ਚੈਂਪੀਅਨ ਮਹਿਲਾ ਮਹਿਲਾ ਗ੍ਰੈਂਡ ਮਾਸਟਰ ਮੈਰੀ ਐਨ ਗੋਮਸ ਨੇ 3 ਜਿੱਤਾਂ ਅਤੇ 1 ਡਰਾਅ ਦੇ ਨਾਲ 3.5 ਅੰਕ ਬਣਾਉਂਦੇ ਹੋਏ ਸਿੰਗਲ ਬੜ੍ਹਤ ਹਾਸਲ ਕਰ ਲਈ ਹੈ। ਮੈਰੀ ਨੇ ਕਾਲੇ ਮੋਹਰਿਆਂ ਨਾਲ ਮੰਗੋਲੀਆ ਦੀ ਤੀਸਰਾ ਦਰਜਾ ਪ੍ਰਾਪਤ ਉਰਤਸ਼ੇਖ ਉਰੀਇਨਤੁਯਾ ਖਿਲਾਫ ਖੇਡਦੇ ਹੋਏ ਸਿਸਿਲੀਅਨ ਓਪਨਿੰਗ ’ਚ 46 ਚਾਲਾਂ ’ਚ ਜਿੱਤ ਦਰਜ ਕੀਤੀ। ਇਸ ਜਿੱਤ ਨਾਲ ਮੈਰੀ ਹੁਣ ਤੱਕ ਟੂਰਨਾਮੈਂਟ ’ਚ 2531 ਰੇਟਿੰਗ ਦੇ ਲੈਵਲ ਦਾ ਪ੍ਰਦਰਸ਼ਨ ਕਰਦੇ ਹੋਏ ਖਿਤਾਬੀ ਦੌੜ ’ਚ ਸਭ ਤੋਂ ਅੱਗੇ ਚੱਲ ਰਹੀ ਹੈ।
ਚੌਥੇ ਰਾਊਂਡ ’ਚ ਭਾਰਤ ਦੀ ਟਾਪ ਸੀਡ ਵੇਲਪੁਲਾ ਸੁਰਾਯੁ ਨੂੰ ਇਟਲੀ ਦੀ ਤਜੁਰਬੇਕਾਰ ਇੰਟਰਨੈਸ਼ਨਲ ਮਾਸਟਰ ਸੇਦਿਨਾ ਏਲੇਨਾ ਨੇ ਡਰਾਅ ’ਤੇ ਰੋਕ ਲਿਆ। ਸਫੇਦ ਮੋਹਰਿਆਂ ਨਾਲ ਖੇਡ ਰਹੀ ਵੇਲੁਪਲਾ ਨੂੰ ਫ੍ਰੈਂਚ ਓਪਨਿੰਗ ’ਚ ਸਿਰਫ 27 ਚਾਲਾਂ ’ਚ ਸੇਦਿਨਾ ਨੇ ਅੰਕ ਵੰਡਣ ਲਈ ਮਜਬੂਰ ਕਰ ਦਿੱਤਾ। ਹੋਰ ਨਤੀਜਿਆਂ ’ਚ ਭਾਰਤ ਦੀ ਮੌਨਿਕਾ ਅਕਸ਼ਯਾ ਨੇ ਹਮਵਤਨ ਮੋਨਿਸ਼ਾ ਜੀ. ਕੇ. ਨੂੰ, ਭਾਰਤ ਦੀ ਸਾਕਸ਼ੀ ਚਿਤਲਾਂਗੇ ਨੇ ਹਮਵਤਨ ਮਹਾਲਕਸ਼ਮੀ ਐੱਮ. ਨੂੰ ਹਰਾਇਆ, ਜਦਕਿ ਕੋਲੰਬੀਆ ਦੀ ਏਂਜੇਲਾ ਫਰਾਂਕੋ ਅਤੇ ਮੰਗੋਲੀਆ ਦੀ ਏਂਖਤੁਲ ਅਲਤਾਨ ਵਿਚਾਲੇ ਬਾਜ਼ੀ ਡਰਾਅ ਰਹੀ।