IND vs WI : ਸੀਰੀਜ਼ ਜਿੱਤਣ ਤੇ 120 ਅੰਕ ਹਾਸਲ ਕਰਨ ਉਤਰੇਗਾ ਭਾਰਤ
Friday, Aug 30, 2019 - 12:15 AM (IST)

ਜਮਾਇਕਾ- ਵੈਸਟਇੰਡੀਜ਼ ਵਿਰੁੱਧ ਸ਼ੁੱਕਰਵਾਰ ਤੋਂ ਇੱਥੇ ਹੋਣ ਵਾਲੇ ਦੂਜੇ ਤੇ ਆਖਰੀ ਟੈਸਟ ਵਿਚ ਭਾਰਤੀ ਟੀਮ ਦੀਆਂ ਨਜ਼ਰਾਂ ਸੀਰੀਜ਼ ’ਤੇ ਕਬਜ਼ਾ ਕਰ ਕੇ ਆਈ. ਸੀ. ਸੀ. ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ 120 ਅੰਕ ਹਾਸਲ ਕਰਨ ’ਤੇ ਹੋਣਗੀਆਂ। ਭਾਰਤੀ ਟੀਮ ਨੇ ਪਹਿਲੇ ਟੈਸਟ ਮੈਚ ਵਿਚ ਵਿੰਡੀਜ਼ ਨੂੰ 318 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਕੇ ਟੈਸਟ ਚੈਂਪੀਅਨਸ਼ਿਪ ਦੀ ਜੇਤੂ ਸ਼ੁਰੂਆਤ ਕੀਤੀ ਸੀ ਤੇ ਹੁਣ ਦੂਜੇ ਟੈਸਟ ਮੁਕਾਬਲੇ ਵਿਚ ਵਿਰਾਟ ਸੈਨਾ ਦੀਆਂ ਨਜ਼ਰਾਂ ਜੇਤੂ ਲੈਅ ਬਰਕਰਾਰ ਰੱਖਦੇ ਹੋਏ ਸੀਰੀਜ਼ ਜਿੱਤਣ ਤੇ ਟੈਸਟ ਚੈਂਪੀਅਨਸ਼ਿਪ ਵਿਚ 120 ਅੰਕ ਹਾਸਲ ਕਰਨ ’ਤੇ ਟਿਕੀਆਂ ਹੋਣਗੀਆਂ। ਜੇਕਰ ਭਾਰਤੀ ਟੀਮ ਵਿੰਡੀਜ਼ ਵਿਰੁੱਧ ਇਹ ਮੁਕਾਬਲਾ ਜਿੱਤ ਜਾਂਦੀ ਹੈ ਤਾਂ ਉਹ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਪਹਿਲੀ ਸੀਰੀਜ਼ ਜਿੱਤਣ ਵਾਲੀ ਪਹਿਲੀ ਟੀਮ ਹੋਵੇਗੀ।
ਭਾਰਤੀ ਟੀਮ ਨੇ ਭਾਵੇਂ ਹੀ ਪਹਿਲੇ ਟੈਸਟ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਵੱਡੀ ਜਿੱਤ ਹਾਸਲ ਕੀਤੀ ਪਰ ਉਸਦੇ ਸਲਾਮੀ ਬੱਲੇਬਾਜ਼ ਸ਼ੁਰੂਆਤੀ ਸਾਂਝੇਦਾਰੀ ਕਰਨ ਵਿਚ ਅਸਫਲ ਰਹੇ। ਲੋਕੇਸ਼ ਰਾਹੁਲ ਤੇ ਮਯੰਕ ਅਗਰਵਾਲ ਦੋਵਾਂ ਪਾਰੀਆਂ ਵਿਚ ਵੱਡਾ ਸਕੋਰ ਨਹੀਂ ਬਣਾ ਸਕੇ ਸੀ। ਹਾਲਾਂਕਿ ਰਾਹੁਲ ਨੇ ਸ਼ੁਰੂਆਤ ਚੰਗੀ ਕੀਤੀ ਪਰ ਉਸ ਨੂੰ ਅੰਜਾਮ ਤਕ ਪਹੁੰਚਾਉਣ ਤੋਂ ਪਹਿਲਾਂ ਹੀ ਆਪਣੀ ਵਿਕਟ ਗੁਆ ਦਿੱਤੀ।
ਦੂਜੇ ਮੁਕਾਬਲੇ ਵਿਚ ਰਾਹੁਲ ਤੇ ਮਯੰਕ ਦੇ ਉੱਪਰ ਭਾਰਤ ਨੂੰ ਮਜ਼ਬੂਤ ਸ਼ੁਰੂਆਤ ਦਿਵਾਉਣ ਦੀ ਜ਼ਿੰਮੇਵਾਰੀ ਹੋਵੇਗੀ, ਜਿਸ ਨਾਲ ਟੀਮ ਦੇ ਮੱਧ¬ਕ੍ਰਮ ਦੇ ਬੱਲੇਬਾਜ਼ਾਂ ’ਤੇ ਜ਼ਿਆਦਾ ਦਬਾਅ ਨਾ ਬਣ ਸਕੇ। ਤੀਜੇ ਨੰਬਰ ਦਾ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਵੀ ਪਹਿਲੇ ਮੁਕਾਬਲੇ ਦੀਆਂ ਦੋਵਾਂ ਪਾਰੀਆਂ ਵਿਚ ਪੂਰੀ ਤਰ੍ਹਾਂ ਅਸਫਲ ਰਿਹਾ ਸੀ ਤੇ ਉਸ ਨੇ ਪਹਿਲੀ ਤੇ ਦੂਜੀ ਪਾਰੀ ਵਿਚ ¬ਕ੍ਰਮਵਾਰ 2 ਤੇ 25 ਦੌੜਾਂ ਬਣਾਈਆਂ ਸਨ।
ਵਿਰਾਟ ਤੇ ਰਹਾਨੇ ਦੀ ਫਾਰਮ ਟੀਮ ਲਈ ਚੰਗੀ ਗੱਲ
ਭਾਰਤੀ ਟੀਮ ਲਈ ਚੰਗੀ ਗੱਲ ਇਹ ਹੈ ਕਿ ਕਪਤਾਨ ਵਿਰਾਟ ਕੋਹਲੀ ਤੇ ਉਪ ਕਪਤਾਨ ਰਹਾਨੇ ਆਪਣੀ ਫਾਰਮ ਵਿਚ ਹਨ ਤੇ ਲਗਾਤਾਰ ਵੱਡੀਆਂ ਪਾਰੀਆਂ ਖੇਡ ਕੇ ਟੀਮ ਨੂੰ ਸੰਕਟ ਤੋਂ ਬਚਾਅ ਰਹੇ ਹਨ। ਵਿਰਾਟ ਪਹਿਲੀ ਪਾਰੀ ਵਿਚ ਭਾਵੇਂ ਹੀ ਸਸਤੇ ਵਿਚ ਆਊਟ ਹੋਇਆ ਸੀ ਪਰ ਉਸਨੇ ਦੂਜੀ ਪਾਰੀ ਵਿਚ ਰਹਾਨੇ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਸੰਭਾਲਿਆ ਤੇ ਮਜ਼ਬੂਤ ਸਕੋਰ ਤਕ ਪਹੁੰਚਾਇਆ। ਉਥੇ ਹੀ ਰਹਾਨੇ ਨੇ ਦੋਵਾਂ ਪਾਰੀਆਂ ਵਿਚ ਬਿਹਤਰੀਨ ਖੇਡ ਦਾ ਪ੍ਰਦਰਸ਼ਨ ਕਰ ਕੇ ਲੜਖੜਾਉਂਦੀ ਭਾਰਤੀ ਪਾਰੀ ਨੂੰ ਨਾ ਸਿਰਫ ਸੰਭਾਲਿਆ, ਸਗੋਂ ਮਜ਼ਬੂਤ ਸਕੋਰ ਤਕ ਲਿਜਾਣ ਵਿਚ ਅਹਿਮ ਭੂਮਿਕਾ ਨਿਭਾਈ ਸੀ।
ਵਿੰਡੀਜ਼ ਦੀ ਗੇਂਦਬਾਜ਼ੀ ਉਸਦੀ ਬੱਲੇਬਾਜ਼ੀ ਦੇ ਮੁਕਾਬਲੇ ਬਿਹਤਰ
ਸਟਇੰਡੀਜ਼ ਲਈ ਹਾਂ-ਪੱਖੀ ਗੱਲ ਇਹ ਹੈ ਕਿ ਉਸਦੀ ਗੇਂਦਬਾਜ਼ੀ ਬੱਲੇਬਾਜ਼ੀ ਦੇ ਮੁਕਾਬਲੇ ਬਿਹਤਰ ਹੈ ਤੇ ਉਸਦੇ ਗੇਂਦਬਾਜ਼ਾਂ ਨੇ ਭਾਰਤੀ ਟੀਮ ਨੂੰ ਪਹਿਲੀ ਪਾਰੀ ਵਿਚ ਢਹਿ-ਢੇਰੀ ਕਰ ਕੇ ਇਸਦਾ ਸਬੂਤ ਦਿੱਤਾ ਸੀ। ਵਿੰਡੀਜ਼ ਕੋਲ ਕੇਮਾਰ ਰੋਚ, ਸ਼ੈਨੋਨ ਗੈਬ੍ਰੀਏਲ ਤੇ ਜੈਸਨ ਹੋਲਡਰ ਦੇ ਰੂਪ ਵਿਚ ਬਿਹਤਰੀਨ ਗੇਂਦਬਾਜ਼ੀ ਹਮਲਾ ਹੈ, ਜਿਹੜਾ ਭਾਰਤੀ ਟੀਮ ਲਈ ਪ੍ਰੇਸ਼ਾਨੀ ਖੜ੍ਹਾ ਕਰ ਸਕਦਾ ਹੈ। ਵਿੰਡੀਜ਼ ਦੀਆਂ ਨਜ਼ਰਾਂ ਵੀ ਇਸ ਮੁਕਾਬਲੇ ਨੂੰ ਜਿੱਤ ਕੇ ਵਿਸ਼ਵ ਟੈਸਟ ਚੈਂਪੀਅਨਸ਼ਿਪ ਵਿਚ ਆਪਣਾ ਖਾਤਾ ਖੋਲ੍ਹਣ ’ਤੇ ਲੱਗੀਆਂ ਹੋਣਗੀਆਂ। ਜੇਕਰ ਵਿੰਡੀਜ਼ ਇਹ ਮੁਕਾਬਲਾ ਜਿੱਤਣ ਵਿਚ ਸਫਲ ਹੁੰਦੀ ਹੈ ਤਾਂ ਉਹ ਨਾ ਸਿਰਫ ਸੀਰੀਜ਼ 1-1 ਨਾਲ ਬਰਾਬਰ ਕਰ ਲਵੇਗੀ, ਸਗੋਂ 17 ਸਾਲਾਂ ਬਾਅਦ ਭਾਰਤ ਵਿਰੁੱਧ ਪਹਿਲਾ ਟੈਸਟ ਮੈਚ ਜਿੱਤ ਕੇ ਟੈਸਟ ਜਿੱਤ ਦਾ ਸੋਕਾ ਖਤਮ ਕਰ ਲਵੇਗੀ। ਜੇਕਰ ਵਿੰਡੀਜ਼ ਨੂੰ ਭਾਰਤ ਵਿਰੁੱਧ ਮੁਕਾਬਲਾ ਜਿੱਤਣਾ ਹੈ ਤਾਂ ਉਸਦੇ ਬੱਲੇਬਾਜ਼ਾਂ ਨੂੰ ਸਬਰ ਨਾਲ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਗੇਂਦਬਾਜ਼ੀ ਦਾ ਬਿਹਤਰ ਤਰੀਕੇ ਨਾਲ ਸਾਹਮਣਾ ਕਰਨਾ ਹੋਵੇਗਾ।
ਪੰਤ ਕੋਲ ਦਾਅਵੇਦਾਰੀ ਪੇਸ਼ ਕਰਨ ਦਾ ਚੰਗਾ ਮੌਕਾ
ਮ ਦੇ ਨੌਜਵਾਨ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਕੋਲ ਵੀ ਇਸ ਮੁਕਾਬਲੇ ਵਿਚ ਆਪਣੇ ਦਾਅਵੇਦਾਰੀ ਪੇਸ਼ ਕਰਨ ਦਾ ਚੰਗਾ ਮੌਕਾ ਹੋਵੇਗਾ। ਹਾਲਾਂਕਿ ਉਸ ਨੂੰ ਪਹਿਲੇ ਟੈਸਟ ਵਿਚ ਰਿਧੀਮਾਨ ਸਾਹਾ ਦੇ ਬਦਲੇ ਟੀਮ ਵਿਚ ਸ਼ਾਮਲ ਕੀਤਾ ਗਿਆ ਸੀ ਪਰ ਉਹ ਬੱਲੇਬਾਜ਼ੀ ਵਿਚ ਫੇਲ ਸਾਬਤ ਹੋਇਆ ਸੀ। ਪੰਤ ਪਹਿਲੀ ਪਾਰੀ ਵਿਚ 24 ਤੇ ਦੂਜੀ ਪਾਰੀ ਵਿਚ ਸਿਰਫ 7 ਦੌੜਾਂ ਹੀ ਬਣਾ ਸਕਿਆ ਸੀ। ਦੂਜੇ ਮੁਕਾਬਲੇ ਵਿਚ ਇਕ ਵਾਰ ਫਿਰ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਵਿਕਟਕੀਪਰ ਦੇ ਰੂਪ ਵਿਚ ਟੀਮ ਵਿਚ ਪੰਤ ਤੇ ਸਾਹਾ ’ਚੋਂ ਕਿਸ ਨੂੰ ਮੌਕਾ ਦਿੱਤਾ ਜਾਂਦਾ ਹੈ।
ਗੇਂਦਬਾਜ਼ ਆਪਣੀ ਫਾਰਮ ਵਿਚ
ਰਤੀ ਟੀਮ ਦੇ ਗੇਂਦਬਾਜ਼ ਆਪਣੀ ਫਾਰਮ ਵਿਚ ਹਨ। ਪਹਿਲੇ ਟੈਸਟ ਵਿਚ ਕਪਤਾਨ ਵਿਰਾਟ 3 ਗੇਂਦਬਾਜ਼ਾਂ ਨਾਲ ਉਤਰਿਆ ਸੀ ਤੇ ਗੇਂਦਬਾਜ਼ਾਂ ਨੇ ਉਸ ਨੂੰ ਨਿਰਾਸ਼ ਨਹੀਂ ਕੀਤਾ ਸੀ। ਪਹਿਲੀ ਪਾਰੀ ਵਿਚ ਜਿੱਥੇ ਇਸ਼ਾਂਤ ਸ਼ਰਮਾ ਵੈਸਟਇੰਡੀਜ਼ ਦੇ ਬੱਲੇਬਾਜ਼ਾਂ ’ਤੇ ਕਹਿਰ ਵਰ੍ਹਾ ਰਿਹਾ ਸੀ, ਉਥੇ ਹੀ ਦੂਜੀ ਪਾਰੀ ਵਿਚ ਜਸਪ੍ਰੀਤ ਬੁਮਰਾਹ ਨੇ ਸਿਰਫ 7 ਦੌੜਾਂ ’ਤੇ 5 ਵਿਕਟਾਂ ਲੈ ਕੇ ਮੇਜ਼ਬਾਨ ਟੀਮ ਦੀ ਪਾਰੀ ਨੂੰ ਢਹਿ-ਢੇਰੀ ਕਰ ਦਿੱਤਾ ਸੀ। ਟੀਮ ਦੇ ਤਿੰਨਾਂ ਗੇਂਦਬਾਜ਼ਾਂ ਬੁਮਰਾਹ, ਇਸ਼ਾਂਤ ਤੇ ਮੁਹੰਮਦ ਸ਼ੰਮੀ ਨੇ ਮਿਲ ਕੇ ਕੁਲ 18 ਵਿਕਟਾਂ ਲਈਆਂ ਸਨ। ਦੂਜੀ ਪਾਰੀ ਵਿਚ ਤਾਂ ਵਿੰਡੀਜ਼ ਦੀਆਂ ਸਾਰੀਆਂ 10 ਵਿਕਟਾਂ ਤੇਜ਼ ਗੇਂਦਬਾਜ਼ਾਂ ਨੇ ਲਈਆਂ ਸਨ।
ਟੀਮਾਂ ਇਸ ਤਰ੍ਹਾਂ ਹੈ —
ਭਾਰਤ- ਵਿਰਾਟ ਕੋਹਲੀ (ਕਪਤਾਨ), ਕੇ. ਐੱਲ. ਰਾਹੁਲ, ਮਯੰਕ ਅਗਰਵਾਲ, ਚੇਤੇਸ਼ਵਰ ਪੁਜਾਰਾ, ਅਜਿੰਕਯ ਰਹਾਨੇ, ਹਨੁਮਾ ਵਿਹਾਰੀ, ਰਿਸ਼ਭ ਪੰਤ, ਰਵਿੰਦਰ ਜਡੇਜਾ, ਮੁਹੰਮਦ ਸ਼ੰਮੀ, ਇਸ਼ਾਂਤ ਸ਼ਰਮਾ, ਜਸਪ੍ਰੀਤ ਬੁਮਰਾਹ, ਰਿਧੀਮਾਨ ਸਾਹਾ, ਰਵੀਚੰਦਰਨ ਅਸ਼ਵਿਨ, ਉਮੇਸ਼ ਯਾਦਵ।
ਵੈਸਟਇੰਡੀਜ਼— ਜੈਸਨ ਹੋਲਡਰ (ਕਪਤਾਨ), ¬ਕ੍ਰੇਗ ਬ੍ਰੈੱਥਵੇਟ, ਡੈਰੇਨ ਬ੍ਰਾਵੋ, ਸ਼ਮਾਰਾ ਬਰੁੱਕਸ, ਜਾਨ ਕੈਪਬੈੱਲ, ਰੋਸਟਨ ਚੇਜ਼, ਰਕਹੀਮ ਕਾਰਨਵਾਲ, ਸ਼ੇਨ ਡੋਰਿਚ, ਸ਼ੈਨੋਨ ਗੈਬ੍ਰੀਏਲ, ਸ਼ਿਮਰੋਨ ਹੈੱਟਮਾਇਰ, ਸ਼ਾਈ ਹੋਪ, ਕੀਮੋ ਪੌਲ, ਕੇਮਾਰ ਰੋਚ।