IND vs PAK : ਸ਼ਾਹੀਨ ਅਫ਼ਰੀਦੀ ਨੇ ਭਾਰਤ ਖ਼ਿਲਾਫ਼ ਬਿਹਤਰੀਨ ਗੇਂਦਬਾਜ਼ੀ ਦਾ ਖੋਲਿਆ ਰਾਜ਼

Monday, Oct 25, 2021 - 10:58 AM (IST)

IND vs PAK : ਸ਼ਾਹੀਨ ਅਫ਼ਰੀਦੀ ਨੇ ਭਾਰਤ ਖ਼ਿਲਾਫ਼ ਬਿਹਤਰੀਨ ਗੇਂਦਬਾਜ਼ੀ ਦਾ ਖੋਲਿਆ ਰਾਜ਼

ਸਪੋਰਟਸ ਡੈਸਕ- ਟੀ-20 ਵਰਲਡ ਕੱਪ 'ਚ ਪਾਕਿਸਤਾਨ ਦੀ ਟੀਮ ਨੇ ਭਾਰਤ ਨੂੰ 10 ਵਿਕਟਾਂ ਨਾਲ ਕਰਾਰੀ ਹਾਰ ਦਿੱਤੀ ਹੈ। ਪਾਕਿਸਤਾਨ ਦੀ ਟੀਮ ਨੇ 152 ਦੌੜਾਂ ਦੇ ਟੀਚੇ ਨੂੰ ਬਿਨਾ ਕੋਈ ਵਿਕਟ ਗੁਆਏ ਹਾਸਲ ਕਰ ਲਿਆ। ਪਾਕਿਸਤਾਨ ਦੀ ਟੀ-20 ਵਰਲਡ ਕੱਪ 'ਚ ਭਾਰਤ 'ਤੇ ਇਹ ਪਹਿਲੀ ਜਿੱਤ ਹੈ। ਇਸ ਜਿੱਤ 'ਚ ਪਾਕਿਸਤਾਨ ਦੇ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਦਾ ਅਹਿਮ ਯੋਗਦਾਨ ਰਿਹਾ। ਉਨ੍ਹਾਂ ਨੇ ਭਾਰਤੀ ਬੱਲੇਬਾਜ਼ੀ ਕ੍ਰਮ ਤੋੜ ਕੇ ਰੱਖ ਦਿੱਤਾ। ਸ਼ਾਹੀਨ ਅਫਰੀਦੀ ਨੇ ਰੋਹਿਤ ਸ਼ਰਮਾ, ਕੇ. ਐੱਲ. ਰਾਹੁਲ ਤੇ ਵਿਰਾਟ ਕੋਹਲੀ ਦੇ ਵਿਕਟ ਕੱਢ ਕੇ ਜਿੱਤ ਦੀ ਨੀਂਹ ਰੱਖ ਦਿੱਤੀ। ਇਸ ਤੋਂ ਬਾਅਦ ਬਾਕੀ ਕਸਰ ਕਪਤਾਨ ਬਾਬਰ ਆਜ਼ਮ ਤੇ ਮੁਹੰਮਦ ਰਿਜ਼ਵਾਨ ਦੀ ਜੋੜੀ ਨੇ ਬਿਨਾ ਕੋਈ ਵਿਕਟ ਗੁਆਏ ਟੀਚੇ ਨੂੰ ਹਾਸਲ ਕਰਕੇ ਪੂਰੀ ਕਰ ਦਿੱਤੀ। 

ਪਹਿਲੇ ਹੀ ਓਵਰ 'ਚ ਵਿਕਟ ਕੱਢ ਕੇ ਭਾਰਤੀ ਟੀਮ 'ਤੇ ਦਬਾਅ ਬਣਾਉਣ ਵਾਲੇ ਸ਼ਾਹੀਨ ਅਫ਼ਰੀਦੀ ਨੂੰ 3 ਵਿਕਟਾਂ ਲੈਣ ਕਾਰਨ ਮੈਨ ਆਫ਼ ਦਿ ਮੈਚ ਚੁਣਿਆ ਗਿਆ। ਮੈਚ ਖ਼ਤਮ ਹੋਣ ਦੇ ਬਾਅਦ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੇ ਮਾਤਾ-ਪਿਤਾ ਤੇ ਸਾਰੇ ਪਾਕਿਸਤਾਨੀਆਂ ਦੀਆਂ ਸ਼ੁੱਭਕਾਮਨਾਵਾਂ ਹਨ। ਮੈਂ ਆਪਣੇ ਪ੍ਰਦਰਸ਼ਨ ਤੋਂ ਬਹੁਤ ਖ਼ੁਸ਼ ਹਾਂ। ਯੋਜਨਾ ਗੇਂਦ ਨੂੰ ਅੰਦਰ ਲਿਆਉਣ ਦੀ ਸੀ। ਮੈਂ ਬਸ ਸਵਿੰਗ ਕਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ ਤੇ ਮਨ 'ਚ ਟੀਮ ਨੂੰ ਸਫਲਤਾ ਦਿਵਾਉਣ ਦੀ ਗੱਲ ਸੀ। 

ਸ਼ਾਹੀਨ ਨੇ ਅੱਗੇ ਕਿਹਾ ਕਿ ਮੈਂ ਮੈਚ ਤੋਂ ਪਹਿਲਾਂ ਵੀ ਨੈਟਸ 'ਤੇ ਇਸੇ ਦਾ ਅਭਿਆਸ ਕੀਤਾ ਸੀ। ਨਵੀਂ ਗੇਂਦ ਖ਼ਿਲਾਫ਼ ਬੱਲੇਬਾਜ਼ੀ ਕਰਨਾ ਮੁਸ਼ਕਲ ਹੁੰਦਾ ਹੈ। ਬਾਬਰ ਤੇ ਰਿਜ਼ਵਾਨ ਨੇ ਜਿਸ ਤਰ੍ਹਾਂ ਨਾਲ ਖੇਡਿਆ ਉਸ ਦਾ ਸਿਹਰਾ ਉਨ੍ਹਾਂ ਨੰ ਜਾਂਦਾ ਹੈ। ਟੂਰਨਾਮੈਂਟ 'ਚ ਸਾਰੀਆਂ ਟੀਮਾਂ ਚੰਗੀਆਂ ਹਨ ਤੇ ਅਸੀਂ ਇਸ ਜੇਤੂ ਲੈਅ ਨੂੰ ਅੱਗੇ ਵਧਾ ਕੇ ਫ਼ਾਈਨਲ ਤਕ ਲੈ ਜਾਣ ਦੀ ਕੋਸ਼ਿਸ਼ ਕਰਾਂਗੇ।


author

Tarsem Singh

Content Editor

Related News