IND vs AUS : ਕੋਹਲੀ ਦੀ ਭਾਰਤ 'ਚ ਖੇਡਦੇ ਹੋਏ ਵੱਡੀ ਉਪਲੱਬਧੀ, ਅਜਿਹਾ ਕਰਨ ਵਾਲੇ ਬਣੇ 5ਵੇਂ ਭਾਰਤੀ
Saturday, Mar 11, 2023 - 08:22 PM (IST)
ਸਪੋਰਟਸ ਡੈਸਕ- ਵਿਰਾਟ ਕੋਹਲੀ ਨੇ ਲੰਬੇ ਸਮੇਂ ਬਾਅਦ ਆਸਟ੍ਰੇਲੀਆ ਖਿਲਾਫ ਚੌਥੇ ਟੈਸਟ ਮੈਚ ਵਿੱਚ ਅਰਧ ਸੈਂਕੜਾ ਜੜਿਆ। ਕੋਹਲੀ ਨੇ 5 ਚੌਕਿਆਂ ਦੀ ਮਦਦ ਨਾਲ ਆਪਣਾ ਅਰਧ ਸੈਂਕੜਾ ਪੂਰਾ ਕੀਤਾ। ਇਸ ਅਰਧ ਸੈਂਕੜੇ ਤੋਂ ਪਹਿਲਾਂ ਵੀ ਉਹ ਇੱਕ ਖ਼ਾਸ ਰਿਕਾਰਡ ਆਪਣੇ ਨਾਂ ਕਰ ਚੁੱਕੇ ਸਨ। ਦਰਅਸਲ ਇਸ ਮੈਚ ਦੇ ਜ਼ਰੀਏ ਕਿੰਗ ਕੋਹਲੀ ਨੇ ਘਰੇਲੂ ਟੈਸਟ ਮੈਚਾਂ 'ਚ 4,000 ਦੌੜਾਂ ਦਾ ਅੰਕੜਾ ਪਾਰ ਕਰ ਲਿਆ। ਕੋਹਲੀ ਘਰੇਲੂ ਟੈਸਟ ਮੈਚਾਂ 'ਚ 4,000 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ ਪੰਜਵੇਂ ਭਾਰਤੀ ਬੱਲੇਬਾਜ਼ ਬਣ ਗਏ ਹਨ। ਉਸ ਨੇ ਇਹ ਰਿਕਾਰਡ 50 ਮੈਚਾਂ ਦੀਆਂ 77 ਪਾਰੀਆਂ ਵਿੱਚ ਹਾਸਲ ਕੀਤਾ।
ਇਹ ਵੀ ਪੜ੍ਹੋ : ਧੋਨੀ ਲਈ ਅਨੋਖਾ ਕ੍ਰੇਜ਼, ਫੈਨ ਨੇ ਛਪਵਾ ਲਈ ਵਿਆਹ ਦੇ ਕਾਰਡ 'ਤੇ ਧੋਨੀ ਦੀ ਤਸਵੀਰ
ਇਸ ਦੌਰਾਨ ਉਨ੍ਹਾਂ ਨੇ 13 ਸੈਂਕੜੇ ਅਤੇ 12 ਅਰਧ ਸੈਂਕੜੇ ਲਗਾਏ ਹਨ। ਇਸ 'ਚ ਉਸ ਦਾ ਸਰਵਉੱਚ ਸਕੋਰ 245* ਦੌੜਾਂ ਰਿਹਾ ਹੈ। ਸਾਬਕਾ ਭਾਰਤੀ ਬੱਲੇਬਾਜ਼ ਸਚਿਨ ਤੇਂਦੁਲਕਰ ਘਰੇਲੂ ਟੈਸਟ ਮੈਚਾਂ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਹਨ। ਉਸ ਨੇ 94 ਘਰੇਲੂ ਟੈਸਟ ਮੈਚਾਂ ਦੀਆਂ 153 ਪਾਰੀਆਂ ਵਿੱਚ 22 ਸੈਂਕੜੇ ਅਤੇ 32 ਅਰਧ ਸੈਂਕੜਿਆਂ ਦੀ ਮਦਦ ਨਾਲ ਕੁੱਲ 7216 ਦੌੜਾਂ ਬਣਾਈਆਂ ਹਨ।
ਘਰੇਲੂ ਟੈਸਟ 'ਚ 4,000 ਦੌੜਾਂ ਦਾ ਅੰਕੜਾ ਪਾਰ ਕਰਨ ਵਾਲੇ ਭਾਰਤੀ ਬੱਲੇਬਾਜ਼
ਸਚਿਨ ਤੇਂਦੁਲਕਰ - 7216 ਦੌੜਾਂ
ਰਾਹੁਲ ਦ੍ਰਾਵਿੜ - 5598 ਦੌੜਾਂ
ਸੁਨੀਲ ਗਾਵਸਕਰ - 5067 ਦੌੜਾਂ
ਵਰਿੰਦਰ ਸਹਿਵਾਗ - 4656 ਦੌੜਾਂ
ਵਿਰਾਟ ਕੋਹਲੀ - 4000* ਦੌੜਾਂ
ਇਹ ਵੀ ਪੜ੍ਹੋ : ਰੋਹਿਤ ਸ਼ਰਮਾ 17 ਹਜ਼ਾਰ ਅੰਤਰਰਾਸ਼ਟਰੀ ਦੌੜਾਂ ਪੂਰੀਆਂ ਕਰਨ ਵਾਲੇ ਛੇਵੇਂ ਭਾਰਤੀ ਬੱਲੇਬਾਜ਼ ਬਣੇ
ਵਿਰਾਟ ਕੋਹਲੀ ਦਾ ਅੰਤਰਰਾਸ਼ਟਰੀ ਕਰੀਅਰ
ਵਿਰਾਟ ਕੋਹਲੀ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਵਿੱਚ ਹੁਣ ਤੱਕ ਕੁੱਲ 107 ਟੈਸਟ, 271 ਵਨਡੇ ਅਤੇ 115 ਟੀ-20 ਅੰਤਰਰਾਸ਼ਟਰੀ ਮੈਚ ਖੇਡੇ ਹਨ। ਉਸਨੇ ਟੈਸਟ ਵਿੱਚ 48.12 ਦੀ ਔਸਤ ਨਾਲ 8230 ਦੌੜਾਂ, ਵਨਡੇ ਵਿੱਚ 57.69 ਦੀ ਔਸਤ ਨਾਲ 12809 ਦੌੜਾਂ ਅਤੇ ਟੀ-20 ਅੰਤਰਰਾਸ਼ਟਰੀ ਵਿੱਚ 52.73 ਦੀ ਔਸਤ ਅਤੇ 137.96 ਦੀ ਸਟ੍ਰਾਈਕ ਰੇਟ ਨਾਲ 4008 ਦੌੜਾਂ ਬਣਾਈਆਂ ਹਨ। ਟੈਸਟ ਕ੍ਰਿਕਟ 'ਚ ਲੰਬੇ ਸਮੇਂ ਬਾਅਦ ਵਿਰਾਟ ਕੋਹਲੀ ਨੇ ਅਰਧ ਸੈਂਕੜਾ ਲਗਾਇਆ ਹੈ। ਇਸ ਤੋਂ ਪਹਿਲਾਂ ਜਨਵਰੀ 2022 'ਚ ਦੱਖਣੀ ਅਫਰੀਕਾ ਖਿਲਾਫ ਖੇਡੇ ਗਏ ਮੈਚ 'ਚ ਉਸ ਨੇ 12 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 79 ਦੌੜਾਂ ਦੀ ਪਾਰੀ ਖੇਡੀ ਸੀ। ਹੁਣ ਇਕ ਸਾਲ ਤੋਂ ਜ਼ਿਆਦਾ ਸਮੇਂ ਬਾਅਦ ਉਸ ਦੇ ਬੱਲੇ ਨੇ ਟੈਸਟ ਕ੍ਰਿਕਟ 'ਚ ਅਰਧ ਸੈਂਕੜਾ ਲਗਾਇਆ ਹੈ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਆਪਣੀ ਰਾਏ।