IND v ENG : ਰੂਟ ਦਾ 100ਵਾਂ ਟੈਸਟ ਸੈਂਕੜਾ, ਇੰਗਲੈਂਡ ਮਜ਼ਬੂਤ ਸਥਿਤੀ 'ਚ
Friday, Feb 05, 2021 - 07:44 PM (IST)
ਚੇਨਈ– ਕਪਤਾਨ ਜੋ ਰੂਟ (ਅਜੇਤੂ 128) ਦੇ 100ਵੇਂ ਟੈਸਟ ਵਿਚ ਸੈਂਕੜੇ ਦੇ ਅਦਭੁੱਤ ਕਾਰਨਾਮੇ ਤੇ ਉਸਦੀ ਡੋਮਿਨਿਕ ਸਿਬਲੀ (87) ਦੇ ਨਾਲ ਤੀਜੀ ਵਿਕਟ ਲਈ 200 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਦੀ ਬਦੌਲਤ ਇੰਗਲੈਂਡ ਨੇ ਭਾਰਤ ਵਿਰੁੱਧ ਇੱਥੇ ਐੱਮ. ਏ. ਚਿਦਾਂਬਰਮ ਸਟੇਡੀਅਮ ਵਿਚ ਪਹਿਲੇ ਟੈਸਟ ਦੇ ਪਹਿਲੇ ਦਿਨ ਸ਼ੁੱਕਰਵਾਰ ਨੂੰ 3 ਵਿਕਟਾਂ ’ਤੇ 263 ਦੌੜਾਂ ਦਾ ਮਜ਼ਬੂਤ ਸਕੋਰ ਬਣਾ ਲਿਆ।
ਪਹਿਲੇ ਟੈਸਟ ਦਾ ਪਹਿਲਾ ਦਿਨ ਪੂਰੀ ਤਰ੍ਹਾਂ ਇੰਗਲੈਂਡ ਦੇ ਕਪਤਾਨ ਜੋ ਰੂਟ ਦੀ ਰਿਕਾਰਡ ਬੱਲੇਬਾਜ਼ੀ ਦੇ ਨਾਂ ਰਿਹਾ। ਰੂਟ ਨੇ ਆਪਣਾ ਲਗਾਤਾਰ ਤੀਜਾ ਸੈਂਕੜਾ, ਭਾਰਤ ਵਿਰੁੱਧ 5ਵਾਂ ਸੈਂਕੜਾ ਤੇ ਓਵਰਆਲ ਆਪਣੇ ਕਰੀਅਰ ਦਾ 20ਵਾਂ ਸੈਂਕੜਾ ਬਣਾਇਆ। ਰੂਟ 197 ਗੇਂਦਾਂ ਵਿਚ 14 ਚੌਕਿਆਂ ਤੇ 1 ਛੱਕੇ ਦੀ ਮਦਦ ਨਾਲ 128 ਦੌੜਾਂ ਬਣਾ ਕੇ ਕ੍ਰੀਜ਼ ’ਤੇ ਹੈ। ਆਪਣੇ ਕਪਤਾਨ ਦਾ ਬਾਖੂਬੀ ਸਾਥ ਦੇਣ ਵਾਲਾ ਸਿਬਲੀ ਦਿਨ ਦੇ ਆਖਰੀ ਓਵਰ ਦੀ ਤੀਜੀ ਗੇਂਦ ’ਤੇ ਆਊਟ ਹੋਇਆ। ਸਿਬਲੀ ਨੇ 286 ਗੇਂਦਾਂ ’ਤੇ 12 ਚੌਕਿਆਂ ਦੀ ਮਦਦ ਨਾਲ 87 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਦੋਵਾਂ ਨੇ ਤੀਜੀ ਵਿਕਟ ਲਈ 390 ਗੇਂਦਾਂ ਵਿਚ 200 ਦੌੜਾਂ ਦੀ ਜ਼ਬਰਦਸਤ ਸਾਂਝੇਦਾਰੀ ਕਰਕੇ ਇੰਗਲੈਂਡ ਨੂੰ ਬੇਹੱਦ ਮਜ਼ਬੂਤ ਸਥਿਤੀ ਵਿਚ ਪਹੁੰਚਾ ਦਿੱਤਾ।
30 ਸਾਲਾ ਰੂਟ ਟੈਸਟ ਇਤਿਹਾਸ ਵਿਚ ਆਪਣੇ 100ਵੇਂ ਟੈਸਟ ਵਿਚ ਸੈਂਕੜਾ ਬਣਾਉਣ ਵਾਲੇ ਚੋਣਵੇਂ ਖਿਡਾਰੀਆਂ ਦੀ ਸ਼੍ਰੇਣੀ ਵਿਚ ਸ਼ਾਮਲ ਹੋ ਗਿਆ ਹੈ। ਉਹ ਇਹ ਉਪਲੱਬਧੀ ਹਾਸਲ ਕਰਨ ਵਾਲਾ ਟੈਸਟ ਇਤਿਹਾਸ ਦਾ 9ਵਾਂ ਬੱਲੇਬਾਜ਼ ਬਣ ਗਿਆ ਹੈ।
ਰੂਟ ਨੇ ਭਾਰਤ ਵਿਚ ਆਉਣ ਤੋਂ ਪਹਿਲਾਂ ਸ਼੍ਰੀਲੰਕਾ ਵਿਰੁੱਧ ਦੋ ਟੈਸਟਾਂ ਦੀ ਸੀਰੀਜ਼ ਵਿਚ ਲਗਾਤਾਰ ਦੋ ਮੈਚਾਂ ਵਿਚ 228 ਤੇ 186 ਦੌੜਾਂ ਬਣਾਈਆਂ ਸਨ। ਰੂਟ ਨੇ ਆਪਣੇ ਟੈਸਟ ਕਰੀਅਰ ਦਾ ਆਗਾਜ਼ ਭਾਰਤੀ ਧਰਤੀ ’ਤੇ ਕੀਤਾ ਸੀ। ਉਸ ਨੇ ਆਪਣਾ 50ਵਾਂ ਟੈਸਟ ਵੀ ਭਾਰਤ ਵਿਚ ਤੇ 100ਵਾਂ ਟੈਸਟ ਵੀ ਭਾਰਤ ਵਿਚ ਖੇਡਿਆ। ਭਾਰਤ ਵਿਰੁੱਧ ਉਸਦਾ ਇਹ 5ਵਾਂ ਸੈਂਕੜਾ ਹੈ। ਭਾਰਤ ਨੇ ਸਵੇਰ ਦੇ ਸੈਸ਼ਨ ਵਿਚ ਦਬਦਬਾ ਬਣਾਇਆ ਪਰ ਦਿਨ ਦੇ ਦੂਜੇ ਤੇ ਤੀਜੇ ਸੈਸ਼ਨ ਵਿਚ ਰੂਟ ਤੇ ਸਿਬਲੀ ਦੀ ਜੋੜੀ ਛਾਈ ਰਹੀ। ਉਸ ਨੇ ਭਾਰਤੀ ਗੇਂਦਬਾਜ਼ਾਂ ਨੂੰ ਕੋਈ ਮੌਕਾ ਨਹੀਂ ਦਿੱਤਾ। ਭਾਰਤੀ ਕਪਤਾਨ ਵਿਰਾਟ ਕੋਹਲੀ ਰਣਨੀਤੀ ਤੇ ਗੇਂਦਬਾਜ਼ੀ ਸੰਤੁਲਨ ਦੇ ਲਿਹਾਜ ਨਾਲ ਕਮਜ਼ੋਰ ਦਿਖਾਈ ਦਿੱਤਾ। ਭਾਰਤ ਨੇ ਤੀਜੇ ਸੈਸ਼ਨ ਵਿਚ 80 ਓਵਰ ਪੂਰੇ ਹੋਣ ਤੋਂ ਬਾਅਦ ਦੂਜੀ ਨਵੀਂ ਗੇਂਦ ਵੀ ਲੈ ਲਈ ਪਰ ਇਸਦਾ ਦੋਵਾਂ ਬੱਲੇਬਾਜ਼ਾਂ ’ਤੇ ਕੋਈ ਅਸਰ ਨਹੀਂ ਪਿਆ। ਦਿਨ ਦੇ ਆਖਰੀ ਓਵਰ ਵਿਚ ਜਸਪ੍ਰੀਤ ਬੁਮਰਾਹ ਨੇ ਸਿਬਲੀ ਨੂੰ ਐੱਲ. ਬੀ. ਡਬਲਯੂ. ਕਰਕੇ ਭਾਰਤ ਨੂੰ ਕੁਝ ਰਾਹਤ ਦਿਵਾਈ। ਬੁਮਰਾਹ ਦੀ ਭਾਰਤੀ ਧਰਤੀ ’ਤੇ ਇਹ ਦੂਜੀ ਵਿਕਟ ਹੈ। ਬੁਮਰਾਹ ਨੇ ਇਸ ਤੋਂ ਪਹਿਲਾਂ ਸਵੇਰ ਦੇ ਸੈਸ਼ਨ ਵਿਚ ਡੇਨੀਅਲ ਲੌਂਰੈਂਸ ਨੂੰ ਵੀ ਐੱਲ. ਬੀ. ਡਬਲਯੂ. ਕੀਤਾ ਸੀ। ਲੌਰੈਂਸ ਦਾ ਖਾਤਾ ਨਹੀਂ ਖੁੱਲ੍ਹਿਆ ਸੀ। ਓਪਨਰ ਰੋਰੀ ਬਰਨਸ 44 ਦੌੜਾਂ ਬਣਾ ਕੇ ਆਫ ਸਪਿਨਰ ਆਰ. ਅਸ਼ਵਿਨ ਦੀ ਗੇਂਦ ’ਤੇ ਆਊਟ ਹੋਇਆ ਸੀ।
ਵਿਸ਼ਵ ਰੈਂਕਿੰਗ ’ਚ 5ਵੇਂ ਨੰਬਰ ਦਾ ਬੱਲੇਬਾਜ਼ ਰੂਟ ਆਪਣੇ 100ਵੇਂ ਟੈਸਟ ਵਿਚ ਸੈਂਕੜਾ ਬਣਾਉਣ ਵਾਲਾ ਇੰਗਲੈਂਡ ਦਾ ਤੀਜਾ ਤੇ ਦੁਨੀਆ ਦਾ 9ਵਾਂ ਬੱਲੇਬਾਜ਼ ਬਣ ਗਿਆ ਹੈ। ਇੰਗਲੈਂਡ ਦੇ ਕੌਲਿਨ ਕਾਓਡ੍ਰੇ ਨੇ 1968 ਵਿਚ ਆਪਣੇ 100ਵੇਂ ਟੈਸਟ ਵਿਚ 104 ਦੌੜਾਂ, ਪਾਕਿਸਤਾਨ ਦੇ ਜਾਵੇਦ ਮਿਆਂਦਾਦ ਨੇ 1989 'ਚ 145 ਦੌੜਾਂ, ਵੈਸਟਇੰਡੀਜ਼ ਦੇ ਗਾਰਡਨਰ ਗ੍ਰੀਨਿਜ ਨੇ 1990 ਵਿਚ 149 ਦੌੜਾਂ, ਇੰਗਲੈਂਡ ਦੇ ਐਲੇਕ ਸਟੀਵਟਰ ਨੇ 2000 ਵਿਚ 105 ਦੌੜਾਂ, ਪਾਕਿਸਤਾਨ ਦੇ ਇੰਜ਼ਮਾਮ ਉਲ ਹੱਕ ਨੇ 2005 ਵਿਚ 184 ਦੌੜਾਂ, ਆਸਟਰੇਲੀਆ ਦੇ ਰਿਕੀ ਪੋਂਟਿੰਗ ਨੇ 2006 ਵਿਚ 120 ਅਤੇ ਅਜੇਤੂ 143 ਦੌੜਾਂ, ਦੱਖਣੀ ਅਫਰੀਕਾ ਦੇ ਗ੍ਰੀਮ ਸਮਿਥ ਨੇ 2012 ਵਿਚ 131 ਦੌੜਾਂ ਤੇ ਦੱਖਣੀ ਅਫਰੀਕਾ ਦੇ ਹਾਸ਼ਿਮ ਅਮਲਾ ਨੇ 2017 ਵਿਚ 134 ਦੌੜਾਂ ਬਣਾਈਆਂ ਸਨ।
ਨੋਟ- ਇਸ ਖਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।