ਵਿੰਬਲਡਨ 'ਚ ਕੀੜੇ ਅਤੇ ਮੱਛਰਾਂ ਨੇ ਕੀਤਾ ਹਾਲ-ਬੇਹਾਲ
Thursday, Jul 06, 2017 - 05:50 PM (IST)

ਲੰਡਨ— ਵਧਦੇ ਤਾਪਮਾਨ ਅਤੇ ਹੁੰਮਸ ਨੇ ਬੁੱਧਵਾਰ ਨੂੰ ਵਿੰਬਲਡਨ ਵਿਚ ਇਕ ਅਜੀਬ ਸਮੱਸਿਆ ਪੈਦਾ ਕਰ ਦਿੱਤੀ। ਆਲ ਇੰਗਲੈਂਡ ਕਲੱਬ ਵਿਚ ਕੀੜੇ-ਮੱਛਰਾਂ ਕਾਰਨ ਕਾਫੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਇਸ ਨਾਲ ਖਿਡਾਰੀ ਅਤੇ ਦਰਸ਼ਕਾਂ ਸਾਰਿਆਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸੇਂਟਰ ਕੋਰਟ ਉੱਤੇ ਚਲ ਰਹੇ ਮੁਕਾਬਲੇ 'ਚ ਡੋਨਾ ਵੇਕਿਕ ਆਪਣੇ ਮੈਚ ਦੇ ਦੌਰਾਨ ਮੱਛਰ ਭਜਾਉਣ ਦੀ ਦਵਾਈ ਦਾ ਇਸਤੇਮਾਲ ਕਰਦੀ ਹੋਈ ਦੇਖੀ ਗਈ ਹੈ।
ਕੁਝ ਖਿਡਾਰੀ ਅਜਿਹੇ ਵੀ ਸਨ ਜਿਨ੍ਹਾਂ ਦੇ ਕੋਲ ਮੱਛਰ ਭਜਾਉਣ ਦੀ ਇਹ ਦਵਾਈ ਮੌਜੂਦ ਨਹੀਂ ਸੀ। ਇਹ ਖਿਡਾਰੀ ਆਪਣੇ ਰੈਕੇਟ ਦੀ ਮਦਦ ਨਾਲ ਹੀ ਮੱਛਰ ਅਤੇ ਕੀੜੇ ਭਜਾਉਣ ਦੀ ਅਸਫਲ ਕੋਸ਼ਿਸ ਕਰਦੇ ਨਜ਼ਰ ਆਏ। ਇਕ ਖਿਡਾਰੀ ਨੇ ਕਿਹਾ, ''ਇੱਥੇ ਹਰ ਪਾਸੇ ਮੱਛਰ ਅਤੇ ਕੀੜੇ ਹੀ ਨਜ਼ਰ ਆ ਰਹੇ ਸਨ। ਉਹ ਕਦੇ ਮੇਰੇ ਕੰਨ ਵਿਚ ਦਾਖਲ ਹੋ ਜਾਂਦੇ ਅਤੇ ਕਦੀ ਮੇਰੀ ਨੱਕ 'ਚ। ਇਸ ਨਾਲ ਬਹੁਤ ਪਰੇਸ਼ਾਨੀ ਹੋ ਰਹੀ ਸੀ।''
ਅਮਰੀਕੀ ਖਿਡਾਰੀ ਸੈਮ ਕਵੇਰੀ ਨੂੰ 18ਵੇਂ ਕੋਰਟ 'ਤੇ ਵੀ ਅਜਿਹੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਕਿਹਾ, ''ਇਕ ਵਾਰ ਤਾਂ ਮੈਂ ਮੈਚ ਨੂੰ ਰੋਕਣਾ ਚਾਹੁੰਦਾ ਸੀ। ਜਦੋਂ ਤੁਸੀਂ ਗੇਂਦ ਨੂੰ ਹਿੱਟ ਕਰਨ ਦੇ ਬਿਲਕੁਲ ਨਜ਼ਦੀਕ ਹੁੰਦੇ ਹੋ ਤਾਂ ਉਸੇ ਵੱਲੇ ਉਹ ਤੁਹਾਡੇ ਚਿਹਰੇ ਉੱਤੇ ਆ ਜਾਂਦੇ ਹਨ। ਹਰ ਜਗ੍ਹਾ ਕੀੜੇ ਅਤੇ ਮੱਛਰ ਸਨ।''