ਮਹਿਲਾ ਟੀ-20 ਏਸ਼ੀਆ ਕੱਪ ’ਚ ਅੱਜ ਮੁਕਾਬਲਾ ਨੇਪਾਲ ਨਾਲ, ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਉਤਰੇਗਾ ਭਾਰਤ

Tuesday, Jul 23, 2024 - 11:24 AM (IST)

ਦਾਂਬੁਲਾ–ਪਹਿਲੇ ਦੋ ਮੈਚਾਂ ਵਿਚ ਆਸਾਨ ਜਿੱਤ ਨਾਲ ਆਤਮਵਿਸ਼ਵਾਸ ਨਾਲ ਭਰੀ ਭਾਰਤੀ ਟੀਮ ਮਹਿਲਾ ਏਸ਼ੀਆ ਕੱਪ ਟੀ-20 ਕ੍ਰਿਕਟ ਟੂਰਨਾਮੈਂਟ ਦੇ ਗਰੁੱਪ-ਏ ਦੇ ਮੰਗਲਵਾਰ ਨੂੰ ਇੱਥੇ ਹੋਣ ਵਾਲੇ ਆਪਣੇ ਆਖਰੀ ਮੈਚ ਵਿਚ ਨੇਪਾਲ ਵਿਰੁੱਧ ਵੱਡੀ ਜਿੱਤ ਦਰਜ ਕਰਕੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਦੀ ਕੋਸ਼ਿਸ਼ ਕਰੇਗੀ।
ਭਾਰਤੀ ਟੀਮ ਨੇ ਆਪਣੇ ਪਹਿਲੇ ਮੈਚ ਵਿਚ ਪਾਕਿਸਤਾਨ ਨੂੰ 7 ਵਿਕਟਾਂ ਨਾਲ ਤੇ ਦੂਜੇ ਮੈਚ ਵਿਚ ਸੰਯੁਕਤ ਅਰਬ ਅਮੀਰਾਤ (ਯੂ. ਏ. ਈ.) ਨੂੰ 78 ਦੌੜਾਂ ਨਾਲ ਹਰਾਇਆ ਸੀ। ਨੇਪਾਲ ਆਪਣੇ ਪਹਿਲੇ ਮੈਚ ਵਿਚ ਅਮੀਰਾਤ ਨੂੰ ਹਰਾਉਣ ਵਿਚ ਸਫਲ ਰਿਹਾ ਸੀ ਪਰ ਦੂਜੇ ਮੈਚ ਵਿਚ ਉਸ ਨੂੰ ਪਾਕਿਸਤਾਨ ਹੱਥੋਂ 9 ਵਿਕਟਾਂ ਨਾਲ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਭਾਰਤ ਦਾ ਸੈਮੀਫਾਈਨਲ ਵਿਚ ਜਗ੍ਹਾ ਬਣਾਉਣਾ ਤੈਅ ਲੱਗ ਰਿਹਾ ਹੈ ਜਦਕਿ ਪਾਕਿਸਤਾਨ ਨੇ ਪਿਛਲੇ ਮੈਚ ਵਿਚ ਵੱਡੀਆਂ ਜਿੱਤਾਂ ਦਰਜ ਕਰਕੇ ਆਪਣੀ ਰਨ ਰੇਟ ਵਿਚ ਕਾਫੀ ਸੁਧਾਰ ਕੀਤਾ ਹੈ। ਭਾਰਤੀ ਟੀਮ ਹਾਲਾਂਕਿ ਹੋਰਨਾਂ ਟੀਮਾਂ ਦੀ ਸਥਿਤੀ ’ਤੇ ਗੌਰ ਕਰਨ ਦੀ ਬਜਾਏ ਆਪਣੀ ਜੇਤੂ ਮੁਹਿੰਮ ਨੂੰ ਜਾਰੀ ਰੱਖਣ ’ਤੇ ਧਿਆਨ ਦੇਵੇਗੀ। ਉਸ ਨੇ ਅਜੇ ਤਕ ਟੂਰਨਾਮੈਂਟ ਵਿਚ ਬੱਲੇਬਾਜ਼ੀ ਤੇ ਗੇਂਦਬਾਜ਼ੀ ਦੋਵਾਂ ਵਿਭਾਗਾਂ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ, ਜਿਸ ਨੂੰ ਉਹ ਜਾਰੀ ਰੱਖਣ ਲਈ ਪ੍ਰਤੀਬੱਧ ਹੋਵੇਗੀ।
ਸਮ੍ਰਿਤੀ ਮੰਧਾਨਾ ਤੇ ਸ਼ੈਫਾਲੀ ਵਰਮਾ ਦੀ ਸਲਾਮੀ ਜੋੜੀ ਨੇ ਪਾਕਿਸਤਾਨ ਵਿਰੁੱਧ ਸ਼ਾਨਦਾਰ ਬੱਲੇਬਾਜ਼ੀ ਕੀਤੀ ਸੀ ਜਦਕਿ ਅਮੀਰਾਤ ਵਿਰੁੱਧ ਕਪਤਾਨ ਹਰਮਨਪ੍ਰੀਤ ਕੌਰ ਤੇ ਰਿਚਾ ਘੋਸ਼ ਨੇ ਅਰਧ ਸੈਂਕੜੇ ਲਾਏ ਸਨ। ਧਮਾਕੇਦਾਰ ਬੱਲੇਬਾਜ਼ ਘੋਸ਼ ਨੇ ਅਮੀਰਾਤ ਵਿਰੁੱਧ 29 ਗੇਂਦਾਂ ’ਤੇ 64 ਦੌੜਾਂ ਬਣਾਈਆਂ ਸਨ, ਜਿਸ ਨਾਲ ਭਾਰਤ ਮਹਿਲਾ ਟੀ-20 ਕੌਮਾਂਤਰੀ ਕ੍ਰਿਕਟ ਵਿਚ ਪਹਿਲੀ ਵਾਰ 200 ਦੌੜਾਂ ਦਾ ਅੰਕੜਾ ਛੂਹਣ ਵਿਚ ਸਫਲ ਰਿਹਾ। ਹਰਮਨਪ੍ਰੀਤ ਨੇ 47 ਗੇਂਦਾਂ ’ਤੇ 66 ਦੌੜਾਂ ਬਣਾ ਕੇ ਸੂਤਰਧਾਰ ਦੀ ਭੂਮਿਕਾ ਨਿਭਾਈ ਸੀ।
ਜਿੱਥੋਂ ਤਕ ਭਾਰਤੀ ਗੇਂਦਬਾਜ਼ੀ ਦਾ ਸਵਾਲ ਹੈ ਤਾਂ ਰੇਣੂਕਾ ਸਿੰਘ, ਪੂਜਾ ਵਸਤਾਰਕਰ ਨੇ ਅਜੇ ਤਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਇੱਥੋਂ ਤਕ ਕਿ ਪਿਛਲੇ ਮੈਚ ਵਿਚ ਜ਼ਖ਼ਮੀ ਆਫ ਸਪਿਨਰ ਸ਼੍ਰੇਯੰਕਾ ਪਾਟਿਲ ਦੀ ਜਗ੍ਹਾ ਟੀਮ ਵਿਚ ਸ਼ਾਮਲ ਕੀਤੀ ਗਈ ਤਨੁਜਾ ਕੰਵਰ ਨੇ ਵੀ ਆਪਣੀ ਜ਼ਿੰਮੇਵਾਰੀ ਬਾਖੂਬੀ ਨਿਭਾਈ ਤੇ 4 ਓਵਰਾਂ ਵਿਚ ਸਿਰਫ 14 ਦੌੜਾਂ ਦਿੱਤੀਆਂ ਤੇ 1 ਵਿਕਟ ਵੀ ਲਈ। ਇੰਦੂ ਵਰਮਾ ਦੀ ਅਗਵਾਈ ਵਾਲੀ ਨੇਪਾਲ ਦੀ ਟੀਮ ਨੇ ਅਮੀਰਾਤ ਵਿਰੁੱਧ ਜਿੱਤ ਨਾਲ ਚੰਗੀ ਸ਼ੁਰੂਆਤ ਕੀਤੀ ਸੀ ਪਰ ਪਾਕਿਸਤਾਨ ਸਾਹਮਣੇ ਉਸਦੀ ਇਕ ਨਹੀਂ ਚੱਲੀ। ਹੁਣ ਉਸਦੀ ਟੀਮ ਭਾਰਤ ਦੀ ਚੁਣੌਤੀ ਤੋਂ ਚੰਗੀ ਤਰ੍ਹਾਂ ਨਾਲ ਜਾਣੂ ਹੋਵੇਗੀ ਤੇ ਜੇਕਰ ਉਸ ਨੂੰ ਭਾਰਤੀ ਟੀਮ ਨੂੰ ਪ੍ਰੇਸ਼ਾਨੀ ਵਿਚ ਪਾਉਣਾ ਹੈ ਤਾਂ ਉਸਦੀਆਂ ਖਿਡਾਰਨਾਂ ਨੂੰ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਪਵੇਗਾ।
ਟੀਮ ਇਸ ਤਰ੍ਹਾਂ ਹੈ
ਭਾਰਤ-
ਹਰਮਨਪ੍ਰੀਤ ਕੌਰ (ਕਪਤਾਨ), ਸਮ੍ਰਿਤੀ ਮੰਧਾਨਾ, ਸ਼ੈਫਾਲੀ ਵਰਮਾ, ਜੇਮਿਮਾ ਰੋਡ੍ਰਿਗੇਜ਼, ਰਿਚਾ ਘੋਸ਼ (ਵਿਕਟਕੀਪਰ), ਓਮਾ ਸ਼ੇਤਰੀ (ਵਿਕਟਕੀਪਰ), ਪੂਜਾ ਵਸਤਾਰਕਰ, ਦੀਪਤੀ ਸ਼ਰਮਾ, ਅਰੁੰਧਤੀ ਰੈੱਡੀ, ਰੇਣੂਕਾ ਸਿੰਘ, ਡੀ. ਹੇਮਲਤਾ, ਆਸ਼ਾ ਸ਼ੋਭਨਾ, ਰਾਧਾ ਯਾਦਵ, ਤਨੁਜਾ ਕੰਵਰ, ਸਜਨਾ ਸੰਜੀਵਨ।
ਨੇਪਾਲ : ਇੰਦਾ ਵਰਮਾ (ਕਪਤਾਨ), ਕਾਜੋਲ ਸ਼੍ਰੇਸ਼ਠ, ਰੂਬੀਨਾ ਸ਼ੇਤਰੀ, ਸ਼ਬਨਮ ਰਾਏ, ਸੀਤਾ ਰਾਣਾ ਮਗਰ, ਰਾਜਮਤੀ ਐਰੀ, ਪੂਜਾ ਮਹਤੋ, ਬਿੰਦੂ ਰਾਵਲ, ਰੋਮਾ ਥਾਪਾ, ਮਮਤਾ ਚੌਧਰੀ, ਕਵਿਤਾ ਜੋਸ਼ੀ, ਕਵਿਤਾ ਕੁੰਵਰ, ਡਾਲੀ ਭੱਟਾ, ਕ੍ਰਿਤਿਕਾ ਮਰਾਸਿਨੀ, ਸਮਝਾਨਾ ਖੜਕਾ।


Aarti dhillon

Content Editor

Related News