ਦੂਜਾ ਟੈਸਟ ਲੜੀ ਦੀ ਕਿਸਮਤ ਤੈਅ ਕਰਨ ਦੇ ਲਿਹਾਜ ਨਾਲ ਮਹੱਤਵਪੂਰਨ : ਬਰਨਸ

Tuesday, Dec 22, 2020 - 12:30 AM (IST)

ਐਡੀਲੇਡ -  ਆਸਟਰੇਲੀਆ ਦੇ ਸਲਾਮੀ ਬੱਲੇਬਾਜ਼ ਜੋ ਬਰਨਸ ਦਾ ਮੰਨਣਾ ਹੈ ਕਿ ਭਾਰਤ ਵਿਰੁੱਧ 26 ਦਸੰਬਰ ਤੋਂ ਮੈਲਬੋਰਨ ਵਿਚ ਸ਼ੁਰੂ ਹੋਣ ਵਾਲਾ ਦੂਜਾ ਟੈਸਟ ਕ੍ਰਿਕਟ ਮੈਚ 4 ਮੈਚਾਂ ਦੀ ਲੜੀ ਦੀ ਕਿਸਮਤ ਤੈਅ ਕਰਨ ਦੇ ਲਿਹਾਜ ਨਾਲ ਬੇਹੱਦ ਮਹੱਤਵਪੂਰਨ ਹੋਵੇਗਾ ਤੇ ਇਸ ਲਈ ਉਸਦੀ ਟੀਮ ਇਸ ਵਿਚ ਕੋਈ ਕਸਰ ਨਹੀਂ ਛੱਡੇਗੀ।
ਭਾਰਤੀ ਟੀਮ ਪਹਿਲੇ ਟੈਸਟ ਮੈਚ ਵਿਚ 8 ਵਿਕਟਾਂ ਦੀ ਸ਼ਰਮਨਾਕ ਹਾਰ ਤੋਂ ਬਾਅਦ ਹੁਣ ਆਪਣੇ ਪਹਿਲੇ ਬੱਚੇ ਦਨ ਜਨਮ ਕਾਰਣ ਵਤਨ ਪਰਤਣ ਵਾਲੇ ਵਿਰਾਟ ਕੋਹਲੀ ਦੇ ਬਿਨਾਂ ਦੂਜੇ ਮੈਚ ਵਿਚ ਉਤਰੇਗੀ। ਲੜੀ ਦੇ ਬਾਕੀ ਮੈਚਾਂ ਵਿਚ ਅਜਿੰਕਯ ਰਹਾਨੇ ਟੀਮ ਦੀ ਅਗਵਾਈ ਕਰੇਗਾ। ਬਰਨਸ ਨੇ ਪੱਤਰਕਾਰ ਸੰਮੇਲਨ ਵਿਚ ਕਿਹਾ,‘‘ਸਾਨੂੰ ਵੀ ਆਪਣੀ ਟੀਮ ਵਿਚ ਕੁਝ ਕਮੀਆਂ ਨਜ਼ਰ ਆਈਅਆਂ ਹਨ। ਅਸੀਂ ਸਿਰਫ ਚੰਗੀ ਤਿਆਰੀ ਕਰਨੀ ਹੈ, ਚੰਗੀ ਸ਼ੁਰੂਆਤ ਕਰਨੀ ਹੈ ਤੇ ਪਿਛਲੇ ਮੈਚ ਦੀ ਲੈਅ ਨੂੰ ਅੱਗੇ ਵਧਾਉਣਾ ਹੈ।’’
ਉਸ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਭਾਰਤੀ ਟੀਮ ਅਗਲੇ ਟੈਸਟ ਵਿਚ ਵਾਪਸੀ ਕਰਨ ਵਿਚ ਕੋਈ ਕਸਰ ਨਹੀਂ ਛੱਡੇਗੀ ਕਿਉਂਕਿ ਇਹ ਮੈਚ ਲੜੀ ਦੀ ਕਿਸਮਤ ਤੈਅ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗਾ।’’ ਬਰਨਸ ਨੇ ਮੰਨਿਆ ਕਿ ਕੋਹਲੀ ਤੇ ਜ਼ਖ਼ਮੀ ਮੁਹੰਮਦ ਸ਼ੰਮੀ ਦੀ ਗੈਰ-ਹਾਜ਼ਰੀ ‘ਵੱਡਾ ਨੁਕਸਾਨ’ ਹੈ ਪਰ ਉਸ ਨੂੰ ਭਾਰਤ ਤੋਂ ਦਮਦਾਰ ਵਾਪਸੀ ਦੀ ਉਮੀਦ ਹੈ। ਉਸ ਨੇ ਕਿਹਾ,‘‘ਨਿਸ਼ਚਿਤ ਤੌਰ ’ਤੇ ਸ਼ੰਮੀ ਤੇ ਵਿਰਾਟ ਦੀ ਗੈਰ-ਹਾਜਰੀ ਭਾਰਤ ਲਈ ਵੱਡਾ ਨੁਕਸਾਨ ਹੈ ਪਰ ਭਾਰਤੀ ਟੀਮ ਵਿਚ ਬਹੁਤ ਚੰਗੇ ਖਿਡਾਰੀ ਹਨ ਤੇ ਇਸ ਲਈ ਉਹ ਅਜੇ ਵੀ ਸਖਤ ਚੁਣੌਤੀ ਪੇਸ਼ ਕਰਨਗੇ।’’ ਬਰਨਸ ਨੇ ਕਿਹਾ,‘‘ਉਨ੍ਹਾਂ ਵਰਗੇ ਵਿਸ਼ਵ ਪੱਧਰੀ ਖਿਡਾਰੀਆਂ ਦੀ ਜਗ੍ਹਾ ਭਰਨਾ ਹਮੇਸ਼ਾ ਮੁਸ਼ਕਿਲ ਹੁੰਦਾ ਹੈ ਪਰ ਜਦੋਂ ਦੇਖਦੇ ਹਾਂ ਕਿ ਉਨ੍ਹਾਂ ਦੀ ਜਗ੍ਹਾ ਕੌਣ ਖਿਡਾਰੀ ਲੈਣ ਵਾਲਾ ਹੈ ਤਾਂ ਫਿਰ ਅਸੀਂ ਅਗਲੇ ਮੈਚ ਲਈ ਬਹੁਤ ਚੰਗੀ ਤਿਆਰੀ ਕਰਾਂਗੇ। ਅਸੀਂ ਜਾਣਦੇ ਹਾਂ ਕਿ ਭਾਰਤ ਮਜ਼ਬੂਤ ਵਾਪਸੀ ਕਰੇਗਾ।’’
ਪਹਿਲੇ ਟੈਸਟ ਮੈਚ ਦੌਰਾਨ ਸ਼ੰਮੀ ਦੀ ਬਾਂਹ ਵਿਚ ਫ੍ਰੈਕਚਰ ਹੋ ਗਿਆ, ਜਿਸ ਨਾਲ ਉਹ ਲੜੀ ਦੇ ਬਾਕੀ ਮੈਚਾਂ ਵਿਚੋਂ ਬਾਹਰ ਹੋ ਗਿਆ। ਬਰਨਸ ਲੜੀ ਤੋਂ ਪਹਿਲਾਂ ਖਰਾਬ ਫਾਰਮ ਵਿਚ ਚੱਲ ਰਿਹਾ ਸੀ ਪਰ ਐਡੀਲੇਡ ਓਵਲ ਵਿਚ ਦੂਜੀ ਪਾਰੀ ਵਿਚ ਅਰਧ ਸੈਂਕੜਾ ਲਾ ਕੇ ਉਸ ਨੇ ਚੰਗੀ ਵਾਪਸੀ ਕੀਤੀ। ਬਰਨਸ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਉਮੇਸ਼ ਯਾਦਵ ਦੀ ਗੇਂਦ ’ਤੇ ਖੇਡੇ ਗਏ ਪੁਲ ਸ਼ਾਟ ਤੋਂ ਬਾਅਦ ਉਹ ਆਪਣੀ ਪੁਰਾਣੀ ਲੈਅ ਵਿਚ ਆ ਗਿਆ।’’ ਉਸ ਨੇ ਕਿਹਾ, ‘‘ਇਹ ਕਿੰਨਾ ਦਿਲਚਸਪ ਹੈ ਕਿ ਅਕਸਰ ਇਕ ਸ਼ਾਟ ਤੁਹਾਨੂੰ ਉਹ ਦੇ ਦਿੰਦੀ ਹੈ ਜੋ ਇਕ ਬੱਲੇਬਾਜ਼ ਦੇ ਤੌਰ ’ਤੇ ਤੁਸੀਂ ਲੱਭ ਰਹੇ ਹੁੰਦੇ ਹੋ। ਉਮੇਸ਼ ਯਾਦਵ ’ਤੇ ਮੇਰੀ ਪਹਿਲਾ ਪੁਲ ਸ਼ਾਟ ਅਜਿਹੀ ਹੀ ਸੀ, ਜਿਸ ਤੋਂ ਬਾਅਦ ਮੈਂ ਬਹੁਤ ਕੁਝ ਮਹਿਸੂਸ ਕਰ ਰਿਹਾ ਸੀ।’’
ਦੁਧੀਆ ਰੌਸ਼ਨੀ ਵਿਚ ਖੇਡੇ ਗਏ ਪਹਿਲੇ ਟੈਸਟ ਦੀ ਦੂਜੀ ਪਾਰੀ ਵਿਚ ਜੋਸ਼ ਹੇਜ਼ਲਵੁਡ (8 ਦੌੜਾਂ ਦੇ ਕੇ 5 ਵਿਕਟਾਂ) ਤੇ ਪੈਟ ਕਮਿੰਸ (21 ਦੌੜਾਂ ਦੇ ਕੇ 4 ਵਿਕਟਾਂ) ਦੀ ਘਾਤਕ ਗੇਂਦਬਾਜ਼ੀ ਦੇ ਸਾਹਮਣੇ ਭਾਰਤੀ ਟੀਮ ਆਪਣੇ ਸਭ ਤੋਂ ਘੱਟ ਸਕੋਰ 36 ਦੌੜਾਂ ’ਤੇ ਆਊਟ ਹੋ ਗਈ ਸੀ। ਬਰਨਸ ਨੇ ਕਿਹਾ,‘‘ਸਾਡੀ ਟੀਮ ਦੁਨੀਆ ਵਿਚ ਸਰਵਸ੍ਰੇਸ਼ਠ ਹੈ। ਅਸੀਂ ਹਰ ਕਿਸੇ ਵਿਰੁੱਧ ਕਿਸੇ ਵੀ ਸਥਾਨ ’ਤੇ ਆਤਮਵਿਸ਼ਵਾਸ ਦੇ ਨਾਲ ਖੇਡਦੇ ਹਾਂ। ਸਾਡੇ ਗੇਂਦਬਾਜ਼ਾਂ ਦਾ ਪ੍ਰਦਰਸ਼ਨ ਅਵਿਸ਼ਵਾਸਯੋਗ ਰਿਹਾ। ਉਨ੍ਹਾਂ ਨੇ ਪਹਿਲੀ ਪਾਰੀ ਵਿਚ ਵੀ ਚੰਗੀ ਗੇਂਦਬਾਜ਼ੀ ਕੀਤੀ ਸੀ।’’
ਭਾਰਤ ਦਾ ਨੌਜਵਾਨ ਸਲਾਮੀ ਬੱਲੇਬਾਜ਼ ਪ੍ਰਿਥਵੀ ਸ਼ਾਹ ਦੌੜਾਂ ਬਣਾਉਣ ਲਈ ਜੂਝ ਰਿਹਾ ਹੈ ਪਰ ਬਰਨਸ ਨੇ ਉਸ ਨੂੰ ਕਿਸੇ ਤਰ੍ਹਾਂ ਦੀ ਸਲਾਹ ਦੇਣ ਤੋਂ ਇਨਕਾਰ ਕਰ ਦਿੱਤਾ ਕਿਉਂਕਿ ਉਹ ਉਸ ਦੇ ਖਿਲਾਫ ਖੇਡ ਰਿਹਾ ਹੈ। ਉਸ ਨੇ ਕਿਹਾ, ‘‘ਮੈਂ ਉਸ ਨੂੰ ਕੋਈ ਸਲਾਹ ਨਹੀਂ ਦੇਵਾਂਗਾ। ਮੈਂ ਉਸਦੇ ਵਿਰੁੱਧ ਖੇਡ ਰਿਹਾ ਹਾਂ। ਮੈਂ ਨਹੀਂ ਜਾਣਦਾ ਕਿ ਉਹ ਅਸਲ ਵਿਚ ਕਿਸ ਤਰ੍ਹਾਂ ਦੀ ਫਾਰਮ ਵਿਚ ਹੈ। ਉਹ ਭਾਰਤ ਵਲੋਂ ਖੇਡ ਰਿਹਾ ਹੈ ਤੇ ਚੰਗਾ ਖਿਡਾਰੀ ਹੋਵੇਗਾ। ਪਾਰੀ ਦੀ ਸ਼ੁਰੂਆਤ ਕਰਨਾ ਚੁਣੌਤੀਪੂਰਨ ਹੁੰਦਾ ਹੈ ਪਰ ਮੈਂ ਲੜੀ ਦੇ ਆਖਿਰ ਵਿਚ ਉਸ ਨੂੰ ਕੁਝ ਸਲਾਹ ਦੇ ਸਕਦਾ ਹਾਂ ਪਰ ਅਜੇ ਨਹੀਂ।’’


ਨੋਟ- ਦੂਜਾ ਟੈਸਟ ਲੜੀ ਦੀ ਕਿਸਮਤ ਤੈਅ ਕਰਨ ਦੇ ਲਿਹਾਜ ਨਾਲ ਮਹੱਤਵਪੂਰਨ : ਬਰਨਸ । ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।


Gurdeep Singh

Content Editor

Related News