ICC ODI ਰੈਂਕਿੰਗ: ਮਿਤਾਲੀ 7ਵੇਂ ਸਥਾਨ 'ਤੇ ਖਿਸਕੀ, ਮੰਧਾਨਾ 9ਵੇਂ ਸਥਾਨ 'ਤੇ ਪੁੱਜੀ
Tuesday, Apr 05, 2022 - 05:56 PM (IST)

ਦੁਬਈ (ਭਾਸ਼ਾ)- ਭਾਰਤੀ ਕਪਤਾਨ ਮਿਤਾਲੀ ਰਾਜ ਮੰਗਲਵਾਰ ਨੂੰ ਜਾਰੀ ਆਈ.ਸੀ.ਸੀ. ਮਹਿਲਾ ਇੱਕ ਰੋਜ਼ਾ ਕੌਮਾਂਤਰੀ ਬੱਲੇਬਾਜ਼ਾਂ ਦੀ ਰੈਂਕਿੰਗ ਵਿੱਚ ਇੱਕ ਸਥਾਨ ਖਿਸਕ ਕੇ 7ਵੇਂ, ਜਦਕਿ ਸਟਾਰ ਸਲਾਮੀ ਬੱਲੇਬਾਜ਼ ਸਮ੍ਰਿਤੀ ਮੰਧਾਨਾ 9ਵੇਂ ਸਥਾਨ ’ਤੇ ਪਹੁੰਚ ਗਈ ਹੈ। ਹਾਲ ਹੀ ਵਿਚ ਸਮਾਪਤ ਹੋਏ ਮਹਿਲਾ ਵਿਸ਼ਵ ਕੱਪ ਵਿੱਚ ਉਮੀਦ ਮੁਤਾਬਕ ਪ੍ਰਦਰਸ਼ਨ ਕਰਨ ਵਿੱਚ ਨਾਕਾਮ ਰਹੀ ਮਿਤਾਲੀ ਦੇ 686 ਰੇਟਿੰਗ ਅੰਕ ਹਨ।
ਉਹ ਵਿਸ਼ਵ ਕੱਪ ਵਿੱਚ 7 ਮੈਚਾਂ ਵਿੱਚ 26 ਦੀ ਔਸਤ ਨਾਲ 182 ਦੌੜਾਂ ਬਣਾ ਸਕੀ ਸੀ। ਮੰਧਾਨਾ ਨੇ ਵਿਸ਼ਵ ਕੱਪ ਵਿੱਚ 7 ਮੈਚਾਂ ਵਿੱਚ 46.71 ਦੀ ਔਸਤ ਨਾਲ 327 ਦੌੜਾਂ ਬਣਾਈਆਂ, ਜਿਸ ਨਾਲ ਉਸ ਦੇ 669 ਅੰਕ ਹੋ ਗਏ। ਟੂਰਨਾਮੈਂਟ ਵਿੱਚ ਉਸਦਾ ਸਰਵੋਤਮ ਸਕੋਰ 123 ਦੌੜਾਂ ਸੀ। ਭਾਰਤੀ ਉਪ ਕਪਤਾਨ ਹਰਮਨਪ੍ਰੀਤ ਕੌਰ ਵੀ ਇੱਕ ਸਥਾਨ ਦੇ ਫਾਇਦੇ ਨਾਲ 14ਵੇਂ ਸਥਾਨ 'ਤੇ ਪਹੁੰਚ ਗਈ ਹੈ। ਹਰਮਨਪ੍ਰੀਤ 7 ਮੈਚਾਂ ਵਿੱਚ 318 ਦੌੜਾਂ ਬਣਾ ਕੇ ਵਿਸ਼ਵ ਕੱਪ ਵਿੱਚ ਭਾਰਤ ਦੀ ਦੂਜੀ ਸਰਵੋਤਮ ਬੱਲੇਬਾਜ਼ ਰਹੀ। ਆਸਟ੍ਰੇਲੀਆ ਦੀ ਵਿਕਟਕੀਪਰ ਬੱਲੇਬਾਜ਼ ਐਲੀਸਾ ਹੀਲੀ ਇੰਗਲੈਂਡ ਖ਼ਿਲਾਫ਼ ਫਾਈਨਲ 'ਚ 170 ਦੌੜਾਂ ਦੀ ਸ਼ਾਨਦਾਰ ਪਾਰੀ ਦੀ ਬਦੌਲਤ ਬੱਲੇਬਾਜ਼ਾਂ ਦੀ ਰੈਂਕਿੰਗ 'ਚ ਚੋਟੀ 'ਤੇ ਪਹੁੰਚ ਗਈ ਹੈ। ਉਸ ਨੇ ਦੱਖਣੀ ਅਫਰੀਕਾ ਦੀ ਸਲਾਮੀ ਬੱਲੇਬਾਜ਼ ਲੌਰਾ ਵੋਲਵਰਟ ਨੂੰ ਪਛਾੜ ਦਿੱਤਾ। ਐਲਿਸਾ ਨੇ ਵਿਸ਼ਵ ਕੱਪ ਵਿੱਚ 9 ਮੈਚਾਂ ਵਿੱਚ ਦੋ ਸੈਂਕੜੇ ਅਤੇ ਦੋ ਅਰਧ ਸੈਂਕੜਿਆਂ ਦੀ ਮਦਦ ਨਾਲ 509 ਦੌੜਾਂ ਬਣਾਈਆਂ ਅਤੇ ਇਸ ਦੌਰਾਨ ਉਸ ਦਾ ਸਟ੍ਰਾਈਕ ਰੇਟ 103.66 ਰਿਹਾ। ਉਹ ਟੂਰਨਾਮੈਂਟ ਦੀ ਟੌਪ ਸਕੋਰਰ ਰਹੀ।
ਐਲੀਸਾ ਤੋਂ ਇਲਾਵਾ ਆਸਟਰੇਲੀਆ ਦੀ ਬੈਥ ਮੂਨੀ, ਮੇਗ ਲੈਨਿੰਗ ਅਤੇ ਰੇਚਲ ਹੇਨਸ ਬੱਲੇਬਾਜ਼ੀ ਰੈਂਕਿੰਗ 'ਚ ਚੋਟੀ ਦੇ 6 ਬੱਲੇਬਾਜ਼ਾਂ 'ਚ ਸ਼ਾਮਲ ਹਨ। ਵਿਸ਼ਵ ਕੱਪ ਫਾਈਨਲ 'ਚ ਅਜੇਤੂ 148 ਦੌੜਾਂ ਦੀ ਪਾਰੀ ਖੇਡਣ ਵਾਲੀ ਇੰਗਲੈਂਡ ਦੀ ਆਲਰਾਊਂਡਰ ਨੈਟ ਸਾਇਵਰ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਉਹ ਐਲੀਜ਼ ਪੈਰੀ ਨੂੰ ਪਛਾੜ ਕੇ ਆਲਰਾਊਂਡਰ ਦੀ ਸੂਚੀ 'ਚ ਚੋਟੀ 'ਤੇ ਪਹੁੰਚ ਗਈ ਹੈ। ਇੰਗਲੈਂਡ ਦੀ ਸਪਿੰਨਰ ਸੋਫੀ ਏਕਲਸਟੋਨ ਨੰਬਰ ਇਕ ਗੇਂਦਬਾਜ਼ ਬਣੀ ਹੋਈ ਹੈ ਜਦਕਿ ਦੱਖਣੀ ਅਫਰੀਕਾ ਦੀ ਤੇਜ਼ ਗੇਂਦਬਾਜ਼ ਸ਼ਬਨੀਮ ਇਸਮਾਈਲ ਦੂਜੇ ਸਥਾਨ 'ਤੇ ਪਹੁੰਚ ਗਈ ਹੈ। ਤਜ਼ਰਬੇਕਾਰ ਤੇਜ਼ ਗੇਂਦਬਾਜ਼ ਅਨਿਆ ਸ਼ਰਬਸੋਲ ਨੇ ਪੰਜ ਸਥਾਨਾਂ ਦੀ ਛਾਲ ਮਾਰ ਕੇ ਸਿਖਰਲੇ 10 ਵਿੱਚ ਥਾਂ ਬਣਾਈ ਹੈ। ਭਾਰਤ ਦੀ ਝੂਲਨ ਗੋਸਵਾਮੀ 5ਵੇਂ ਸਥਾਨ 'ਤੇ ਬਰਕਰਾਰ ਹੈ। ਉਹ ਆਲਰਾਊਂਡਰ ਦੀ ਸੂਚੀ 'ਚ 10ਵੇਂ ਸਥਾਨ 'ਤੇ ਹੈ ਜਦਕਿ ਭਾਰਤ ਦੀ ਦੀਪਤੀ ਸ਼ਰਮਾ ਇਸੇ ਸੂਚੀ 'ਚ 7ਵੇਂ ਸਥਾਨ 'ਤੇ ਹੈ।