ICC ਨੇ ਬਦਲਿਆ ਚੈਂਪੀਅਨ ਟਰਾਫੀ ਦਾ ਸ਼ੈਡਿਊਲ, ਭਾਰਤ-ਪਾਕਿਸਤਾਨ ਮੈਚ ਬਾਰੇ ਵੀ ਕੀਤਾ ਵੱਡਾ ਐਲਾਨ

Monday, Jun 01, 2026 - 08:08 PM (IST)

ICC ਨੇ ਬਦਲਿਆ ਚੈਂਪੀਅਨ ਟਰਾਫੀ ਦਾ ਸ਼ੈਡਿਊਲ, ਭਾਰਤ-ਪਾਕਿਸਤਾਨ ਮੈਚ ਬਾਰੇ ਵੀ ਕੀਤਾ ਵੱਡਾ ਐਲਾਨ

ਸਪੋਰਟਸ ਡੈਸਕ- ਆਈ.ਪੀ.ਐੱਲ. 2026 ਦੇ ਫਾਈਨਲ ਮੁਕਾਬਲੇ ਤੋਂ ਠੀਕ ਪਹਿਲਾਂ ਅਹਿਮਦਾਬਾਦ ਵਿੱਚ ਜੈ ਸ਼ਾਹ ਦੀ ਪ੍ਰਧਾਨਗੀ ਹੇਠ ਹੋਈ ICC ਬੋਰਡ ਦੀ ਇੱਕ ਅਹਿਮ ਬੈਠਕ ਵਿੱਚ ਮਹਿਲਾ ਕ੍ਰਿਕਟ ਨੂੰ ਲੈ ਕੇ ਕਈ ਇਤਿਹਾਸਕ ਫੈਸਲੇ ਲਏ ਗਏ ਹਨ। ਇਸ ਬੈਠਕ ਵਿੱਚ ਦੁਨੀਆ ਭਰ ਦੇ ਕ੍ਰਿਕਟ ਬੋਰਡਾਂ ਦੇ ਨੁਮਾਇੰਦਿਆਂ ਨੇ ਹਿੱਸਾ ਲਿਆ, ਜਿਸ ਵਿੱਚ ਆਉਣ ਵਾਲੇ ਵੱਡੇ ਟੂਰਨਾਮੈਂਟਾਂ ਦੇ ਸ਼ੈਡਿਊਲ ਅਤੇ ਸਥਾਨ ਬਾਰੇ ਅਹਿਮ ਐਲਾਨ ਕੀਤੇ ਗਏ।

ਮਹਿਲਾ ਚੈਂਪੀਅਨਜ਼ ਟਰਾਫੀ 2027 ਦੇ ਸ਼ੈਡਿਊਲ 'ਚ ਬਦਲਾਅ

ICC ਨੇ ਪਹਿਲੀ ਵਾਰ ਆਯੋਜਿਤ ਕੀਤੀ ਜਾ ਰਹੀ 8-ਟੀਮਾਂ ਵਾਲੀ ਮਹਿਲਾ ਚੈਂਪੀਅਨਜ਼ ਟਰਾਫੀ ਦੀ ਤਾਰੀਖ਼ ਵਿੱਚ ਬਦਲਾਅ ਕੀਤਾ ਹੈ। ਪਹਿਲਾਂ ਇਹ ਟੂਰਨਾਮੈਂਟ ਜੂਨ-ਜੁਲਾਈ 2027 ਵਿੱਚ ਹੋਣਾ ਸੀ ਪਰ ਹੁਣ ਇਹ 14 ਤੋਂ 28 ਫਰਵਰੀ 2027 ਤੱਕ ਖੇਡਿਆ ਜਾਵੇਗਾ। ਜ਼ਿਕਰਯੋਗ ਹੈ ਕਿ ਪੁਰਸ਼ਾਂ ਦੀ ਚੈਂਪੀਅਨਜ਼ ਟਰਾਫੀ ਦੇ ਉਲਟ, ਮਹਿਲਾਵਾਂ ਦਾ ਇਹ ਟੂਰਨਾਮੈਂਟ ਟੀ-20 ਫਾਰਮੈਟ ਵਿੱਚ ਖੇਡਿਆ ਜਾਵੇਗਾ।

ਭਾਰਤ-ਪਾਕਿਸਤਾਨ ਮੈਚਾਂ 'ਤੇ ਵੱਡਾ ਐਲਾਨ

ਬੈਠਕ ਵਿੱਚ ਮਹਿਲਾ ਟੀ-20 ਵਿਸ਼ਵ ਕੱਪ 2028 ਨੂੰ ਲੈ ਕੇ ਵੀ ਸਥਿਤੀ ਸਪੱਸ਼ਟ ਕੀਤੀ ਗਈ ਹੈ, ਜਿਸਦੀ ਮੇਜ਼ਬਾਨੀ ਪਾਕਿਸਤਾਨ ਨੇ ਕਰਨੀ ਹੈ। ICC ਨੇ ਸਾਫ਼ ਕਰ ਦਿੱਤਾ ਹੈ ਕਿ ਭਾਰਤ ਅਤੇ ਪਾਕਿਸਤਾਨ ਵਿਚਾਲੇ ਚੱਲ ਰਹੀ ਸਿਆਸੀ ਤਣਾਅ ਕਾਰਨ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਭਾਰਤ ਦੇ ਸਾਰੇ ਮੈਚ ਨਿਊਟਰਲ ਵੈਨਿਊ 'ਤੇ ਕਰਵਾਏ ਜਾਣਗੇ। ਇਸ ਤੋਂ ਪਹਿਲਾਂ ਵੀ ਭਾਰਤੀ ਟੀਮ ਨੇ ਸੁਰੱਖਿਆ ਕਾਰਨਾਂ ਕਰਕੇ ਪਾਕਿਸਤਾਨ ਜਾਣ ਤੋਂ ਇਨਕਾਰ ਕਰ ਦਿੱਤਾ ਸੀ।

ਮਹਿਲਾ ਕ੍ਰਿਕਟ ਨੂੰ ਹੋਰ ਉਤਸ਼ਾਹਿਤ ਕਰਨ ਲਈ ICC ਇਸੇ ਸਾਲ 'ਵਿਮੈਨਜ਼ ਐਮਰਜਿੰਗ ਨੇਸ਼ਨਜ਼ ਟਰਾਫੀ' ਨਾਮ ਦਾ ਨਵਾਂ ਟੂਰਨਾਮੈਂਟ ਸ਼ੁਰੂ ਕਰਨ ਜਾ ਰਿਹਾ ਹੈ। ਇਹ ਟੂਰਨਾਮੈਂਟ ਵੀ ਟੀ-20 ਫਾਰਮੈਟ ਵਿੱਚ ਹੋਵੇਗਾ, ਜਿਸ ਵਿੱਚ ਕੁੱਲ 10 ਟੀਮਾਂ ਹਿੱਸਾ ਲੈਣਗੀਆਂ। ਇਹਨਾਂ ਵਿੱਚ 5 ਫੁੱਲ ਮੈਂਬਰ ਦੇਸ਼ਾਂ ਦੀਆਂ ਟੀਮਾਂ ਅਤੇ 5 ਐਸੋਸੀਏਟ ਮੈਂਬਰ ਦੇਸ਼ਾਂ ਦੀਆਂ ਟੀਮਾਂ ਸ਼ਾਮਲ ਹੋਣਗੀਆਂ।


author

Rakesh

Content Editor

Related News