ਮੈਨੂੰ ਦਿਲ ਦਾ ਦੌਰਾ ਨਹੀਂ ਪਿਆ ਸੀ: ਇੰਜਮਾਮ ਉਲ ਹੱਕ
Thursday, Sep 30, 2021 - 11:20 AM (IST)
ਕਰਾਚੀ (ਭਾਸ਼ਾ) : ਪਾਕਿਸਤਾਨ ਦੇ ਸਾਬਕਾ ਟੈਸਟ ਕਪਤਾਨ ਇੰਜਮਾਮ ਉਲ ਹੱਕ ਨੇ ਇਨ੍ਹਾਂ ਖ਼ਬਰਾਂ ਨੂੰ ਖ਼ਾਰਜ ਕੀਤਾ ਹੈ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਕਿਹਾ ਕਿ ਢਿੱਡ ਖ਼ਰਾਬ ਹੋਣ ਦੀ ਵਜ੍ਹਾ ਨਾਲ ਕਰਾਈ ਗਈ ਜਾਂਚ ਦੌਰਾਨ ਉਨ੍ਹਾਂ ਨੂੰ ਦਿਲ ਨਾਲ ਜੁੜੇ ਮਾਮਲਿਆਂ ਦਾ ਪਤਾ ਲੱਗਾ। ਇੰਜਮਾਮ ਨੇ ਆਪਣੇ ਯੂ-ਟਿਊਬ ਚੈਨਲ ’ਤੇ ਕਿਹਾ ਕਿ ਲੋਕਾਂ ਤੋਂ ਮਿਲ ਰਹੇ ਸੰਦੇਸ਼ਾਂ ਤੋਂ ਉਹ ਪ੍ਰਭਾਵਿਤ ਹਨ ਪਰ ਉਨ੍ਹਾਂ ਨੂੰ ਦਿਲ ਦਾ ਦੌਰਾ ਨਹੀਂ ਪਿਆ ਸੀ। ਪਾਕਿਸਤਾਨ ਲਈ 120 ਟੈਸਟ ਅਤੇ 378 ਵਨਡੇ ਖੇਡ ਚੁੱਕੇ ਇੰਜਮਾਮ ਨੂੰ ਸੋਮਵਾਰ ਰਾਤ ਇਕ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਾਇਆ ਗਿਆ ਸੀ। ਉਨ੍ਹਾਂ ਨੂੰ ਬੇਚੈਨੀ ਅਤੇ ਸਾਹ ਲੈਣ ਵਿਚ ਤਕਲੀਫ਼ ਸੀ।
ਇੰਜਮਾਮ ਨੇ ਕਿਹਾ, ‘ਮੈਂ ਅਜਿਹੀਆਂ ਖ਼ਬਰਾਂ ਪੜ੍ਹੀਆਂ ਹਨ, ਜਿਸ ਵਿਚ ਲਿਖਿਆ ਸੀ ਕਿ ਮੈਨੂੰ ਦਿਲ ਦਾ ਦੌਰਾ ਪਿਆ ਹੈ। ਅਜਿਹਾ ਨਹੀਂ ਹੈ। ਮੈਂ ਨਿਯਮਿਤ ਜਾਂਚ ਲਈ ਹਸਪਤਾਲ ਗਿਆ ਸੀ ਅਤੇ ਡਾਕਟਰ ਨੇ ਕਿਹਾ ਕਿ ਐਂਜੀਓਗ੍ਰਾਫ਼ੀ ਕਰਨੀ ਹੋਵੇਗੀ। ਐਂਜੀਓਗ੍ਰਾਫ਼ੀ ਦੌਰਾਨ ਉਨ੍ਹਾਂ ਦੇਖਿਆ ਕਿ ਮੇਰੀ ਇਕ ਧਮਣੀ ਵਿਚ ‘ਬਲਾਕੇਜ’ ਹੈ ਅਤੇ ਉਨ੍ਹਾਂ ਨੇ ਸਟੈਂਟਸ ਪਾਏ।’ ਉਨ੍ਹਾਂ ਕਿਹਾ, ‘ਇਹ ਆਸਾਨ ਅਤੇ ਸਫ਼ਲ ਸੀ। ਮੈਂ 12 ਘੰਟੇ ਦੇ ਅੰਦਰ ਘਰ ਪਰਤ ਆਇਆ ਅਤੇ ਹੁਣ ਬਿਹਤਰ ਮਹਿਸੂਸ ਕਰ ਰਿਹਾ ਹਾਂ।’ ਉਨ੍ਹਾਂ ਕਿਹਾ, ‘ਮੈਂ ਹਸਪਤਾਲ ਇਸ ਲਈ ਗਿਆ ਸੀ, ਕਿਉਂਕਿ ਢਿੱਡ ਵਿਚ ਗੜਬੜ ਸੀ। ਇਹ ਦਿਲ ਦੇ ਕਰੀਬ ਵੀ ਨਹੀਂ ਸੀ, ਬੱਸ ਢਿੱਡ ਵਿਚ ਸੀ। ਜੇਕਰ ਮੈਂ ਸਮੇਂ ’ਤੇ ਨਹੀਂ ਜਾਂਦਾ ਤਾਂ ਦਿਲ ’ਤੇ ਅਸਰ ਪੈ ਸਕਦਾ ਸੀ। ਮੇਰੀ ਸਿਹਤ ਲਈ ਦੁਆ ਕਰਨ ਵਾਲੇ ਸਾਰੇ ਲੋਕਾਂ ਦਾ ਮੈਂ ਧੰਨਵਾਦੀ ਹਾਂ।’