T20 ਤੋਂ ਬਾਅਦ ODI ਤੇ ਟੈਸਟ ਕ੍ਰਿਕਟ ਨੂੰ ਵੀ ਅਲਵਿਦਾ ਕਹਿਣਗੇ ਰੋਹਿਤ ਸ਼ਰਮਾ? ਰਿਟਾਇਰਮੈਂਟ 'ਤੇ ਹਿਟਮੈਨ ਨੇ ਤੋੜੀ ਚੁੱਪੀ
Monday, Jul 15, 2024 - 02:34 PM (IST)
ਸਪੋਰਟਸ ਡੈਸਕ- ਭਾਰਤ ਨੂੰ ਟੀ-20 ਵਿਸ਼ਵ ਕੱਪ ਖਿਤਾਬ ਦਿਵਾਉਣ ਵਾਲੇ ਕਪਤਾਨ ਰੋਹਿਤ ਸ਼ਰਮਾ ਨੇ ਹੁਣ ਆਪਣੀ ਭਵਿੱਖੀ ਯੋਜਨਾ ਨੂੰ ਲੈ ਕੇ ਅਜਿਹਾ ਬਿਆਨ ਦਿੱਤਾ ਹੈ, ਜਿਸ ਨੇ ਪ੍ਰਸ਼ੰਸਕਾਂ 'ਚ ਹਲਚਲ ਮਚਾ ਦਿੱਤੀ ਹੈ। ਦਰਅਸਲ, ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਰੋਹਿਤ ਨੇ ਟੀ-20 ਇੰਟਰਨੈਸ਼ਨਲ ਤੋਂ ਖ਼ੁਦ ਨੂੰ ਵੱਖ ਕਰ ਲਿਆ ਸੀ। ਅਜਿਹੇ 'ਚ ਹੁਣ ਪ੍ਰਸ਼ੰਸਕਾਂ ਦੇ ਦਿਮਾਗ 'ਚ ਸਵਾਲ ਉੱਠ ਰਹੇ ਹਨ ਕਿ ਰੋਹਿਤ ਕਦੋਂ ਤੱਕ ਵਨਡੇ ਅਤੇ ਟੈਸਟ ਖੇਡਦੇ ਰਹਿਣਗੇ। ਅਜਿਹੇ 'ਚ ਹੁਣ ਰੋਹਿਤ ਨੇ ਇਸ ਸਵਾਲ 'ਤੇ ਕੁਝ ਅਜਿਹੀਆਂ ਗੱਲਾਂ ਕਹੀਆਂ ਹਨ, ਜੋ ਉਨ੍ਹਾਂ ਦੇ ਭਵਿੱਖ ਦੀਆਂ ਯੋਜਨਾਵਾਂ ਦਾ ਖੁਲਾਸਾ ਕਰਦੀਆਂ ਹਨ। ਦਰਅਸਲ, ਅਮਰੀਕਾ 'ਚ ਆਪਣੀ ਕ੍ਰਿਕਟ ਅਕੈਡਮੀ ਦੇ ਉਦਘਾਟਨ ਦੌਰਾਨ ਰੋਹਿਤ ਨੇ ਪ੍ਰਸ਼ੰਸਕਾਂ ਨਾਲ ਗੱਲਬਾਤ ਕਰਦੇ ਹੋਏ ਆਪਣੇ ਭਵਿੱਖ ਦੀਆਂ ਯੋਜਨਾਵਾਂ ਬਾਰੇ ਜਵਾਬ ਦਿੱਤਾ। ਆਪਣੇ ਭਵਿੱਖ ਬਾਰੇ ਰੋਹਿਤ ਨੇ ਕਿਹਾ, "ਮੈਂ ਆਪਣੇ ਭਵਿੱਖ ਨੂੰ ਲੈ ਕੇ ਕੋਈ ਠੋਸ ਫੈਸਲਾ ਨਹੀਂ ਲਿਆ ਹੈ, ਮੈਂ ਇਸ ਤੋਂ ਜ਼ਿਆਦਾ ਅੱਗੇ ਨਹੀਂ ਸੋਚਦਾ ਹਾਂ, ਇਸ ਲਈ ਸਪੱਸ਼ਟ ਹੈ ਕਿ ਤੁਸੀਂ ਮੈਨੂੰ ਕੁਝ ਸਮੇਂ ਲਈ ਖੇਡਦੇ ਹੋਏ ਦੇਖੋਗੇ।" ਰੋਹਿਤ ਦਾ ਇਹ ਜਵਾਬ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ।
ਰੋਹਿਤ ਸ਼ਰਮਾ ਨੇ ਭਾਰਤ ਨੂੰ ਟੀ-20 ਖਿਤਾਬ ਦਿਵਾਇਆ
ਆਪਣੀ ਕਪਤਾਨੀ ਵਿੱਚ ਰੋਹਿਤ ਸ਼ਰਮਾ ਨੇ ਆਖਿਰਕਾਰ ਭਾਰਤ ਨੂੰ ਟੀ-20 ਵਿਸ਼ਵ ਕੱਪ ਦਾ ਖਿਤਾਬ ਦਿਵਾਇਆ। ਭਾਰਤ ਨੇ ਟੀ-20 ਵਿਸ਼ਵ ਕੱਪ ਦੇ ਫਾਈਨਲ ਵਿੱਚ ਦੱਖਣੀ ਅਫਰੀਕਾ ਨੂੰ ਹਰਾ ਕੇ ਖ਼ਿਤਾਬ ਜਿੱਤ ਲਿਆ ਹੈ। ਰੋਹਿਤ ਨੇ ਜਿੱਥੇ ਭਾਰਤ ਨੂੰ ਟੀ-20 ਦਾ ਚੈਂਪੀਅਨ ਬਣਾਇਆ, ਉੱਥੇ ਹੀ ਉਹ ਟੀ-20 ਇੰਟਰਨੈਸ਼ਨਲ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਵੀ ਬਣ ਗਏ, ਜਿਸ ਤੋਂ ਬਾਅਦ ਰੋਹਿਤ ਨੇ ਟੀ-20 ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ। ਰੋਹਿਤ ਨੇ ਟੀ-20 ਵਿੱਚ ਕੁੱਲ 4231 ਦੌੜਾਂ ਬਣਾਈਆਂ ਹਨ।
ਚੈਂਪੀਅਨਸ ਟਰਾਫੀ 'ਚ ਰੋਹਿਤ ਦੀ ਕਪਤਾਨੀ ਕਰਨਗੇ
ਰੋਹਿਤ ਸ਼ਰਮਾ 2025 'ਚ ਹੋਣ ਵਾਲੀ ਚੈਂਪੀਅਨਸ ਟਰਾਫੀ 'ਚ ਭਾਰਤ ਦੀ ਕਪਤਾਨੀ ਕਰਨ ਜਾ ਰਹੇ ਹਨ। ਬੀਸੀਸੀਆਈ ਸਕੱਤਰ ਜੈ ਸ਼ਾਹ ਨੇ ਪਾਕਿਸਤਾਨ ਵਿੱਚ ਹੋਣ ਵਾਲੀ ਚੈਂਪੀਅਨਜ਼ ਟਰਾਫੀ 2025 ਲਈ ਸ਼ਰਮਾ ਦੀ ਕਪਤਾਨੀ ਦੀ ਪੁਸ਼ਟੀ ਕੀਤੀ ਹੈ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਟੈਸਟ 'ਚ ਵੀ ਕਪਤਾਨ ਹਨ। ਅਜਿਹੇ 'ਚ ਪ੍ਰਸ਼ੰਸਕਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਾਲਾਂ 'ਚ ਰੋਹਿਤ ਟੈਸਟ ਕ੍ਰਿਕਟ 'ਚ ਵੀ ਭਾਰਤ ਲਈ ਵਿਸ਼ਵ ਟੈਸਟ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਇਤਿਹਾਸ ਰਚੇਗਾ।