ਸਤਪਾਲ ਦੇ ਚੇਲੇ ਹਿਤੇਂਦਰ ਨੇ ਜਿੱਤਿਆ ਹੁਕਮ ਸਿੰਘ ਦੰਗਲ

09/09/2019 11:53:08 AM

ਨਵੀਂ ਦਿੱਲੀ— ਪਦਮ ਵਿਭੂਸ਼ਣ ਨਾਲ ਸਨਮਾਨਿਤ ਮਹਾਬਲੀ ਸਤਪਾਲ ਦੇ ਚੇਲੇ ਹਿਤੇਂਦਰ ਨੇ ਪੰਜਾਬ ਦੇ ਭਾਰਤ ਕੇਸਰੀ ਸੁੱਖਾ ਨੂੰ ਇਕਪਾਸੜ ਅੰਦਾਜ਼ ਵਿਚ 6-0 ਨਾਲ ਹਰਾ ਕੇ 44ਵਾਂ ਚੌਧਰੀ ਹੁਕਮ ਸਿੰਘ ਮੈਮੋਰੀਅਲ ਦੰਗਲ ਜਿੱਤ ਲਿਆ। ਮਹਾਬਲੀ ਸਤਪਾਲ ਦੇ ਚੇਲੇ ਹਿਤੇਂਦਰ, ਸਤਿੰਦਰ ਮਾਲਿਕ ਤੇ ਮੋਨੂੰ ਨੇ ਦੰਗਲ ਦੀਆਂ 3 ਸਭ ਤੋਂ ਵੱਡੀਆਂ ਕੁਸ਼ਤੀਆਂ ਜਿੱਤ ਕੇ ਦਰਸ਼ਕਾਂ ਦੀ ਵਾਹ-ਵਾਹੀ ਲੁੱਟੀ।ਹਿਤੇਂਦਰ ਤੇ ਸੁੱਖਾ ਵਿਚਾਲੇ ਦੰਗਲ ਦੀ ਸਭ ਤੋਂ ਵੱਡੀ ਕੁਸ਼ਤੀ ਹੋਈ। ਛਤਰਸਾਲ ਅਖਾੜੇ ਦੇ ਹਿਤੇਂਦਰ ਨੇ ਸੁੱਖਾ ਪਹਿਲਵਾਨ ਨੂੰ 6-0 ਨਾਲ ਹਰਾਇਆ। ਏਸ਼ੀਅਨ ਚੈਂਪੀਅਨ ਹਿਤੇਂਦਰ ਨੂੰ ਇਸ ਜਿੱਤ ਨਾਲ 1 ਲੱਖ ਰੁਪਏ ਤੇ ਸੁੱਖਾ ਨੂੰ 50 ਹਜ਼ਾਰ ਰੁਪਏ ਦਾ ਇਨਾਮ ਮਿਲਿਆ। ਦੰਗਲ ਦੀ ਦੂਜੀ ਸਭ ਤੋਂ ਵੱਡੀ ਕੁਸ਼ਤੀ ਭਾਰਤ ਕੇਸਰੀ ਸਤਿੰਦਰ ਮਾਲਿਕ ਤੇ ਪੰਜਾਬ ਕੇਸਰੀ ਸ਼ਮਸ਼ੇਰ ਵਿਚਾਲੇ ਹੋਈ, ਜਿਸ ਵਿਚ ਸਤਿੰਦਰ ਨੇ 4-0 ਨਾਲ ਬਾਜ਼ੀ ਮਾਰ ਲਈ, ਜਦਕਿ ਤੀਜੀ ਵੱਡੀ ਕੁਸ਼ਤੀ ਵਿਚ ਮੋਨੂੰ ਨੇ ਪੰਜਾਬ ਦੇ ਸਤਿੰਦਰ ਨੂੰ ਚਿੱਤ ਕਰ ਕੇ ਹਜ਼ਾਰਾਂ ਦਰਸ਼ਕਾਂ ਦੀ ਵਾਹ-ਵਾਹੀ ਲੁੱਟੀ।


Related News