ਭਾਰਤ ਨੇ ਰਚਿਆ ਇਤਿਹਾਸ, ਰੂਸ ਨਾਲ ਬਣਿਆ ਸਾਂਝਾ ਜੇਤੂ
Sunday, Aug 30, 2020 - 10:23 PM (IST)
ਨਵੀਂ ਦਿੱਲੀ (ਨਿਕਲੇਸ਼ ਜੈਨ)– ਭਾਰਤੀ ਸ਼ਤਰੰਜ ਜਗਤ ਵਿਚ ਇਤਿਹਾਸ ਰਚਿਆ ਜਾ ਚੁੱਕਾ ਹੈ ਤੇ ਭਾਰਤੀ ਸ਼ਤਰੰਜ ਟੀਮ ਨੇ ਰੂਸ ਦੇ ਨਾਲ ਮਿਲ ਕੇ ਆਪਣਾ ਪਹਿਲਾ ਸ਼ਤਰੰਜ ਓਲੰਪਿਆਡ ਖਿਤਾਬ ਜਿੱਤ ਲਿਆ ਹੈ। ਬੇਹੱਦ ਹੀ ਰੋਮਾਂਚਕ ਮੁਕਾਬਲੇ ਵਿਚ ਭਾਰਤ ਤੇ ਰੂਸ ਨੇ ਦੋ ਰੈਪਿਡ ਮੁਕਾਬਲਿਆਂ ਵਿਚ ਪਹਿਲਾ ਮੁਕਾਬਲਾ 3-3 ਨਾਲ ਡਰਾਅ ਖੇਡਿਆ ਤੇ ਦੂਜੇ ਮੈਚ ਵਿਚ ਜਦੋਂ ਭਾਰਤ ਜਿੱਤ ਵੱਲ ਵਧਦਾ ਨਜ਼ਰ ਆ ਰਿਹਾ ਸੀ ਪਰ ਤਦ ਕੌਮਾਂਤਰੀ ਇੰਟਨਰੈੱਟ ਦੀ ਸਮੱਸਿਆ ਦੇ ਕਾਰਣ ਭਾਰਤੀ ਖਿਡਾਰੀਆਂ ਦੇ ਮੁਕਾਬਲੇ ਰੁੱਕ ਗਏ ਤੇ ਭਾਰਤ ਨੇ ਇਸਦੇ ਲਈ ਅਪੀਲ ਕੀਤੀ ਤੇ ਵਿਸ਼ਵ ਸੰਘ ਨੇ ਦੂਜੇ ਮੈਚ ਨੂੰ ਰੱਦ ਐਲਾਨ ਕਰ ਦਿੱਤਾ ਤੇ ਭਾਰਤ ਤੇ ਰੂਸ ਨੂੰ ਸਾਂਝਾ ਜੇਤੂ ਐਲਾਨ ਕਰ ਦਿੱਤਾ।
ਪਹਿਲਾ ਮੈਚ- ਪਹਿਲੇ ਮੈਚ ਵਿਚ ਭਾਰਤ ਤੇ ਰੂਸ ਵਿਚਾਲੇ ਮੁਕਾਬਲੇ ਡਰਾਅ ਰਹੇ ਹਾਲਾਂਕਿ ਬੋਰਡ ਨੰਬਰ-3 'ਤੇ ਭਾਰਤ ਦੀ ਮੌਜੂਦਾ ਵਿਸ਼ਵ ਚੈਂਪੀਅਨ ਕੋਨੇਰੂ ਹੰਪੀ ਰੂਸ ਦੀ ਮੌਜੂਦਾ ਬਲਿਟਜ਼ ਚੈਂਪੀਅਨ ਲਾਗਨੋਂ ਕਾਟੇਰਯਨਾ ਨਾਲ ਜਿੱਤ ਦੇ ਕਾਫੀ ਨੇੜੇ ਸੀ ਪਰ ਅੰਤ ਵਿਚ ਮੁਕਾਬਲਾ ਡਰਾਅ ਰਿਹਾ। ਕਪਤਾਨ ਵਿਦਿਤ ਗੁਜਰਾਤੀ ਨੇ ਪਹਿਲੇ ਬੋਰਡ 'ਤੇ ਰੂਸ ਦੇ ਇਯਾਨ ਨੈਪੋਮਨਿਆਚੀ ਨਾਲ, ਪੇਂਟਾਲਾ ਹਰਿਕ੍ਰਿਸ਼ਣਾ ਨੇ ਆਰਟਮਿਵ ਬਲਾਦਿਸਲਾਵ ਨਾਲ, ਹਰਿਕਾ ਦ੍ਰੋਣਾਵਲੀ ਨੇ ਅਲੈਗਜ਼ੈਂਡਰਾ ਕੋਸਟੇਨਿਯੁਕ ਨਾਲ, ਪ੍ਰਗਿਆਨੰਦਾ ਨੇ ਆਲੇਕਸੀ ਸਰਨਾ ਨਾਲ ਅਤੇ ਦਿਵਿਆ ਦੇਸ਼ਮੁਖੀ ਨੇ ਮੌਜੂਦਾ ਵਿਸ਼ਵ ਜੂਨੀਅਰ ਚੈਂਪੀਅਨ ਪੋਲਿਨਾ ਸ਼ੁਵਲੋਵਾ ਨਾਲ ਡਰਾਅ ਖੇਡਿਆ।
ਦੂਜਾ ਮੈਚ -ਫਿਰ ਪੂਰਾ ਧਿਆਨ ਦੂਜੇ ਮੈਚ ਵਿਚ ਸੀ। ਇਸ ਵਾਰ ਪਹਿਲੇ ਬੋਰਡ 'ਤੇ ਕਾਲੇ ਮੋਹਰਿਆਂ ਨਾਲ ਵਿਸ਼ਵਨਾਥਨ ਆਨੰਦ ਨੇ ਇਯਾਨ ਨੈਪੋਮਨਿਆਚੀ ਨਾਲ ਮੁਕਾਬਲਾ ਖੇਡਿਆ ਤੇ ਅੱਧਾ ਅੰਕ ਹਾਸਲ ਕਰ ਲਿਆ ਤੇ ਦੂਜੇ ਬੋਰਡ 'ਤੇ ਵਿਸ਼ਵ ਰੈਪਿਡ ਚੈਂਪੀਅਨ ਰਹੇ ਡੇਨੀਅਲ ਡੁਬੋਵ ਨੂੰ ਕਪਤਾਨ ਵਿਦਿਤ ਗੁਜਰਾਤੀ ਨੇ ਡਰਾਅ ਖੇਡਣ 'ਤੇ ਮਜਬੂਰ ਕਰ ਦਿੱਤਾ ਜਦਕਿ ਹਰਿਕਾ ਦ੍ਰੋਣਾਵਲੀ ਨੇ ਅਲੈਗਜ਼ੈਂਡ੍ਰਾ ਕੋਸਟੇਨਿਯੁਕ ਨਾਲ ਡਰਾਅ ਖੇਡਿਆ। ਅਜਿਹੇ ਵਿਚ ਬਚੇ ਤਿੰਨ ਮੈਚਾਂ ਵਿਚ ਭਾਰਤ ਨੰਬਰ-1 ਬੋਰਡ 'ਤੇ ਜਿੱਤਦਾ ਨਜ਼ਰ ਆ ਰਿਹਾ ਸੀ ਜਦਕਿ ਮੁਕਾਬਲੇ ਬਰਾਬਰ ਸਨ ਪਰ ਤਦ ਅਚਾਨਕ ਤਿੰਨੇ ਖਿਡਾਰੀਆਂ ਦੇ ਮੈਚ ਇੰਟਨਰੈੱਟ ਦੀ ਸਮੱਸਿਆ ਦੇ ਕਾਰਣ ਰੁਕ ਗਏ। ਤੀਜੇ ਬੋਰਡ 'ਤੇ ਅਲੈਗਜ਼ੈਂਡਰ ਗੋਰਯਾਚਕਿਨਾ ਵਿਰੁੱਧ ਕੋਨੇਰੂ ਹੰਪੀ ਦਾ ਮੈਚ ਤਕਰੀਬਨ 1.5 ਮਿੰਟ ਰੁਕ ਕੇ ਚਾਲੂ ਹੋ ਗਿਆ ਤਦ ਤਕ ਆਂਦ੍ਰੇ ਏਸੀਪੇਂਕੋ ਵਿਰੁੱਧ ਨਿਹਾਲ ਸਰੀਨ ਨੂੰ ਤੇ ਪੋਲਿਨਾ ਸ਼ੁਵਾਲੋਵਾ ਵਿਰੁੱਧ ਦਿਵਿਆ ਦੇਸ਼ਮੁਖ ਨੂੰ ਸਮੇਂ ਦੇ ਕਾਰਣ ਸਰਵਰ ਨੇ ਹਾਰਿਆ ਐਲਾਨ ਦਿੱਤਾ। ਇਸ ਤੋਂ ਬਾਅਦ ਸਕੋਰ ਕੁਝ ਸਮੇਂ ਦੇ 3.5-1.5 ਹੋ ਗਿਆ ਤੇ ਹੰਪੀ ਇਸ ਤੋਂ ਬਾਅਦ ਆਪਣਾ ਮੁਕਾਬਲਾ ਵੀ ਹਾਰ ਗਈ ਸੀ। ਇਸ ਤਰ੍ਹਾਂ ਸਕੋਰ 1.5-4.5 ਨਾਲ ਰੂਸ ਦੇ ਪੱਖ ਵਿਚ ਹੋ ਗਿਆ।
ਭਾਰਤ ਦੇ ਉਪ ਕਪਤਾਨ ਸ਼੍ਰੀਨਾਥ ਨੇ ਕੀਤੀ ਅਪੀਲ- ਭਾਰਤੀ ਨਾਨ ਪਲੇਇੰਗ ਕਪਤਾਨ ਐੱਨ. ਸ਼੍ਰੀਨਾਥ ਨੇ ਤੁਰੰਤ ਵਿਸ਼ਵ ਸ਼ਤਰੰਜ ਸੰਘ ਨੂੰ ਗਲੋਬਲ ਇੰਟਰਨੈੱਟ ਸਮੱਸਿਆ ਦੇ ਕਾਰਣ ਸਰਵਰ ਖਰਾਬ ਹੋਣ ਦੀ ਅਪੀਲ ਕੀਤੀ ਤੇ ਮੈਚ ਨੂੰ ਦੁਬਾਰਾ ਖੇਡੇ ਜਾਣ ਦੀ ਉਮੀਦ ਵਧ ਗਈ ਪਰ ਲਗਭਗ ਇਕ ਘੰਟੇ ਤਕ ਚੱਲੇ ਮੰਥਨ ਤੋਂ ਬਾਅਦ ਮੈਚ ਨੂੰ ਰੱਦ ਐਲਾਨ ਕਰ ਦਿੱਤਾ ਤੇ ਭਾਰਤ ਤੇ ਰੂਸ ਨੂੰ ਸਾਂਝਾ ਜੇਤੂ ਐਲਾਨ ਕਰ ਦਿੱਤਾ।
ਇਸ ਤਰ੍ਹਾਂ ਰਿਹਾ ਭਾਰਤ ਦਾ ਸਫਰ- ਭਾਰਤ ਨੇ ਸਭ ਤੋਂ ਪਹਿਲਾਂ ਲੀਗ ਗੇੜ ਵਿਚ ਸ਼ਾਨਦਾਰ ਖੇਡ ਦਿਖਾਉਂਦੇ ਹੋਏ ਆਪਣੇ ਸਾਰੇ ਮੈਚ ਜਿੱਤ ਕੇ ਖਾਸ ਤੌਰ 'ਤੇ ਆਖਰੀ ਮੈਚ ਓਲੰਪਿਆਡ ਚੈਂਪੀਅਨ ਚੀਨ ਤੋਂ 4-2 ਨਾਲ ਜਿੱਤ ਕੇ ਸਿੱਧੇ ਕੁਆਰਟਰ ਫਾਈਨਲ ਵਿਚ ਜਗ੍ਹਾ ਬਣਾਈ। ਉਸ ਤੋਂ ਬਾਅਦ ਕੁਆਰਟਰ ਫਾਈਨਲ ਵਿਚ ਅਰਮੀਨੀਆ ਨੂੰ 3.5-2.5 ਨਾਲ ਹਰਾਉਂਦੇ ਹੋਏ ਸੈਮੀਫਾਈਨਲ ਵਿਚ ਜਗ੍ਹਾ ਬਣਾਈ। ਸੈਮੀਫਾਈਨਲ ਵਿਚ ਪੋਲੈਂਡ ਨੂੰ ਟਾਈਬ੍ਰੇਕ ਵਿਚ ਕੋਨੇਰੂ ਹੰਪੀ ਦੀ ਮਦਦ ਨਾਲ ਜਿੱਤ ਕੇ ਭਾਰਤ ਫਾਈਨਲ ਵਿਚ ਪਹੁੰਚਿਆ। ਸੀਨੀਅਰ ਪੁਰਸ਼ ਵਰਗ ਵਿਚ ਵਿਸ਼ਵਨਾਥਨ ਆਨੰਦ- ਸਭ ਤੋਂ ਤਜਰਬੇਕਾਰ ਖਿਡਾਰੀ ਵਿਸ਼ਵਨਾਥਨ ਆਨੰਦ ਨੇ ਟੀਮ ਨੂੰ ਸੈਮੀਫਾਈਨਲ ਵਿਚ ਪੋਲੈਂਡ ਵਿਰੁੱਧ ਵੱਡੀ ਜਿੱਤ ਦਿਵਾਉਣ ਵਿਚ ਮਦਦ ਕੀਤੀ ਸੀ ਤੇ ਪੂਰੇ ਟੂਰਨਾਮੈਂਟ ਵਿਚ ਉਹ ਭਾਰਤ ਲਈ ਇਕ ਮਜ਼ਬੂਤ ਖਿਡਾਰੀ ਦੀ ਤਰ੍ਹਾਂ ਪਹਿਲੇ ਬੋਰਡ 'ਤੇ ਡਟਿਆ ਰਿਹਾ। ਵਿਦਿਤ ਨੇ ਕੀਤੀ ਸ਼ਾਨਦਾਰ ਕਪਤਾਨੀ-ਵਿਦਿਤ ਗੁਜਰਾਤੀ ਨੇ ਹਮੇਸ਼ਾ ਸ਼ਾਨਦਾਰ ਕਪਤਾਨੀ ਕੀਤੀ ਤੇ ਉਸਦੇ ਟੀਮ ਵਿਚ ਬਦਲਾਅ ਹਰ ਵਾਰ ਸਹੀ ਸਾਬਤ ਹੋਏ। 25 ਸਾਲਾ ਇਸ ਖਿਡਾਰੀ ਨੇ ਇਕ ਵੀ ਮੈਚ ਨਹੀਂ ਗੁਆਇਆ। ਪੇਂਟਾਲਾ ਹਰਿਕ੍ਰਿਸ਼ਣਾ ਨੇ ਵੀ ਟੀਮ ਨੂੰ ਲੋੜ ਦੇ ਸਮੇਂ ਹਰ ਵਾਰ ਅੰਕ ਬਣਾ ਕੇ ਦਿੱਤੇ।
ਹੰਪੀ ਤੇ ਹਰਿਕਾ ਦਾ ਮਿਲਿਆ ਭਰਪੂਰ ਸਾਥ-ਮਹਿਲਾ ਵਰਗ ਵਿਚ ਭਾਰਤ ਨੂੰ ਕੋਨੇਰੂ ਹੰਪੀ ਤੇ ਹਰਿਕਾ ਦ੍ਰੋਣਾਵਲੀ ਦਾ ਭਰਪੂਰ ਸਾਥ ਮਿਲਿਆ ਤੇ ਹੰਪੀ ਨੇ ਭਾਰਤ ਨੂੰ ਸੈਮੀਫਾਈਨਲ ਦੇ ਟਾਈਬ੍ਰੇਕ ਵਿਚ ਵੱਡੀ ਜਿੱਤ ਦਿਵਾਈ ਤੇ ਹਰਿਕਾ ਨੇ ਹਰ ਵੱਡੇ ਮੁਕਾਬਲੇ ਵਿਚ ਆਪਣਾ ਅੰਕ ਨਹੀਂ ਜਾਣ ਦਿੱਤਾ ਤੇ ਮਜ਼ਬੂਤੀ ਨਾਲ ਅੱਧਾ ਅੰਕ ਦਿਵਾਇਆ।
ਨਿਹਾਲ-ਪ੍ਰਗਿਆਨੰਦਾ ਤੇ ਦਿਵਿਆ - ਵੰਤਿਕਾ ਦੀਆਂ ਜੋੜੀਆਂ ਰਹੀਆਂ ਸਭ ਤੋਂ ਖਾਸ- ਜੂਨੀਅਰ ਵਰਗ ਵਿਚ ਨਿਹਾਲ ਸਰੀਨ ਤੇ ਆਰ. ਪ੍ਰਗਿਆਨੰਦ ਦੀ ਜੋੜੀ ਤੇ ਬਲਿਕਾ ਵਿਚ ਦਿਵਿਆ ਦੇਸ਼ਮੁਖ ਤੇ ਵੰਤਿਕਾ ਅਗਰਵਾਲ ਦੀ ਜੋੜੀ ਸਭ ਤੋਂ ਖਾਸ ਰਹੀ। ਚੀਨ ਵਿਰੁੱਧ ਮੁਕਾਬਲੇ ਤੋਂ ਲੈ ਕੇ ਰੂਸ ਤਕ ਉਨ੍ਹਾਂ ਨੇ ਮਹੱਤਵਪੂਰਨ ਸਮੇਂ 'ਤੇ ਟੀਮ ਨੂੰ ਜਿੱਤ ਦਿਵਾਈ ਤੇ ਇਸ ਨੂੰ ਹੀ ਪੂਰੇ ਟੂਰਨਾਮੈਂਟ ਵਿਚ ਭਾਰਤ ਦਾ ਪਲੱਸ ਪੁਆਇੰਟ ਮੰਨਿਆ ਗਿਆ।