ਭਾਰਤ ਵਿਰੁੱਧ ਪਹਿਲੇ ਟੈਸਟ ਤੋਂ ਪਹਿਲਾਂ ਪਾਕਿਸਤਾਨ ਨਾਲ ਨਹੀਂ ਖੇਡੇਗਾ ਹੈੱਡ
Monday, Oct 21, 2024 - 12:00 PM (IST)
ਐਡੀਲੇਡ, (ਭਾਸ਼ਾ)– ਆਸਟ੍ਰੇਲੀਆ ਦਾ ਸਟਾਰ ਬੱਲੇਬਾਜ਼ ਟ੍ਰੈਵਿਸ ਹੈੱਡ ਭਾਰਤ ਵਿਰੁੱਧ 22 ਨਵੰਬਰ ਤੋਂ ਸ਼ੁਰੂ ਹੋ ਰਹੀ 5 ਟੈਸਟ ਮੈਚਾਂ ਦੀ ਲੜੀ ਤੋਂ ਪਹਿਲਾਂ ਪਰਿਵਾਰ ਨਾਲ ਸਮਾਂ ਬਿਤਾਏਗਾ ਤੇ ਪਾਕਿਸਤਾਨ ਵਿਰੁੱਧ ਸੀਮਤ ਓਵਰਾਂ ਦੀ ਲੜੀ ਨਹੀਂ ਖੇਡੇਗਾ। ਹੈੱਡ ਦੂਜੀ ਵਾਰ ਪਿਤਾ ਬਣਨ ਵਾਲਾ ਹੈ। ਉਹ ਪਾਕਿਸਤਾਨ ਵਿਰੁੱਧ ਅਗਲੇ ਮਹੀਨੇ ਤਿੰਨ ਮੈਚਾਂ ਦੀ ਵਨ ਡੇ ਲੜੀ ਤੇ ਟੀ-20 ਲੜੀ ਵਿਚ ਹਿੱਸਾ ਨਹੀਂ ਲਵੇਗਾ।
ਸਾਲ ਦੇ 365 ਦਿਨਾਂ ਵਿਚੋਂ ਹੈੱਡ 330 ਦਿਨ ਘਰ ਵਿਚੋਂ ਬਾਹਰ ਰਿਹਾ ਹੈ ਤੇ ਉਸਦਾ ਮੰਨਣਾ ਹੈ ਕਿ ਪਰਿਵਾਰ ਦੇ ਵਿਸਥਾਰ ਨਾਲ ਉਸਦੀਆਂ ਪਹਿਲਕਦਮੀਆਂ ਵੀ ਭਵਿੱਖ ਵਿਚ ਵੱਖਰੀਆਂ ਹੋਣਗੀਆਂ। ਐਡੀਲੇਡ ਸਟ੍ਰਾਈਕਰਸ ਦੇ ਨਾਲ ਬਿੱਗ ਬੈਸ਼ ਲੀਗ ਲਈ ਇਕ ਸਾਲ ਦੇ ਕਰਾਰ ਦੌਰਾਨ ਹੈੱਡ ਨੇ ਕਿਹਾ ਸੀ, ‘‘ਮੈਂ ਭਵਿੱਖ ਵਿਚ ਪਰਿਵਾਰ ਨੂੰ ਧਿਆਨ ਵਿਚ ਰੱਖ ਕੇ ਫੈਸਲਾ ਲਵਾਂਗਾ।’’