ਹਰਮਨਪ੍ਰੀਤ ਹੋ ਸਕਦੈ ਵਿਸ਼ਵ ਕੱਪ ’ਚ ਭਾਰਤ ਦੇ ‘ਟ੍ਰੰਪਕਾਰਡ’ : ਜੁਗਰਾਜ ਸਿੰਘ

Wednesday, Aug 12, 2026 - 10:49 AM (IST)

ਹਰਮਨਪ੍ਰੀਤ ਹੋ ਸਕਦੈ ਵਿਸ਼ਵ ਕੱਪ ’ਚ ਭਾਰਤ ਦੇ ‘ਟ੍ਰੰਪਕਾਰਡ’ : ਜੁਗਰਾਜ ਸਿੰਘ

ਨਵੀਂ ਦਿੱਲੀ– ਭਾਰਤ ਦੇ ਮਹਾਨ ਡਰੈਗ ਫਲਿੱਕਰਾਂ ’ਚ ਸ਼ਾਮਲ ਜੁਗਰਾਜ ਸਿੰਘ ਦੇ ਸੁਨਹਿਰੀ ਸਫਰ ’ਤੇ 2003 ’ਚ ਇਕ ਕਾਰ ਹਾਦਸੇ ਨੇ ਰੋਕ ਲਾ ਦਿੱਤੀ ਸੀ ਪਰ ਉਸ ਨੂੰ ਹਰਮਨਪ੍ਰੀਤ ਸਿੰਘ ’ਚ ਆਪਣਾ ਅਕਸ ਨਜ਼ਰ ਆਉਂਦਾ ਹੈ ਤੇ ਉਸ ਦਾ ਮੰਨਣਾ ਹੈ ਕਿ ਭਾਰਤੀ ਕਪਤਾਨ ਇਸ ਹਫਤੇ ਸ਼ੁਰੂ ਹੋ ਰਹੇ ਵਿਸ਼ਵ ਕੱਪ ’ਚ ਟੀਮ ਦਾ ‘ਟ੍ਰੰਪਕਾਰਡ’ ਸਾਬਤ ਹੋਵੇਗਾ। ਜੁਗਰਾਜ ਨੇ ਕਿਹਾ,‘‘ਇਸ ਸਮੇਂ ਵਿਸ਼ਵ ਦੇ ਚੋਟੀ ਦੇ 3 ਡਰੈਗ ਫਲਿੱਕਰਾਂ ’ਚੋਂ ਇਕ ਹਰਮਨਪ੍ਰੀਤ ਹੈ। ਉਹ ਟੋਕੀਓ ਓਲੰਪਿਕ ਦੇ ਸਮੇਂ ਤੋਂ ਹੀ ਸ਼ਾਨਦਾਰ ਖੇਡ ਰਿਹਾ ਹੈ। ਟੀਮ ਦੀ ਲੋੜ ਸਮੇਂ ਲਗਾਤਾਰ ਚੰਗਾ ਪ੍ਰਦਰਸ਼ਨ ਕਰਨ ਵਾਲਾ ਖਿਡਾਰੀ ਹੀ ‘ਟ੍ਰੰਪਕਾਰਡ’ ਹੁੰਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹ ਹਰਮਨਪ੍ਰੀਤ ਹੋਵੇਗਾ। ਉਸ ਦੀ ਫਿਟਨੈੱਸ ਵੀ ਚੰਗੀ ਹੈ।’’

ਹੋਬਾਰਟ ’ਚ 2001 ਜੂਨੀਅਰ ਵਿਸ਼ਵ ਕੱਪ ’ਚ ਭਾਰਤ ਦੀ ਖਿਤਾਬੀ ਜਿੱਤ ਦੇ ਹੀਰੋ ਰਿਹਾ ਜੁਗਰਾਜ ਉਸ ਦੌਰ ’ਚ ਪਾਕਿਸਤਾਨ ਦੇ ਸੋਹੇਲ ਅੱਬਾਸ ਤੇ ਜਰਮਨੀ ਦੇ ਫਲੋਰੀਅਨ ਕੁੰਜ ਦੀ ਟੱਕਰ ਦਾ ਡਰੈਗ ਫਲਿੱਕਰ ਮੰਨਿਆ ਜਾਂਦਾ ਸੀ ਪਰ ਜਲੰਧਰ ਕੋਲ 2003 ’ਚ ਹੋਏ ਕਾਰ ਹਾਦਸੇ ਨੇ ਉਸ ਦੇ ਸਫਰ ’ਤੇ ਰੋਕ ਲਾ ਦਿੱਤੀ ਸੀ। ਹਰਮਨਪ੍ਰੀਤ ਦੀ ਹੀ ਤਰ੍ਹਾਂ ਸੁਰਜੀਤ ਹਾਕੀ ਅਕੈਡਮੀ ਤੋਂ ਹੀ ਨਿਕਲੇ ਜੁਗਰਾਜ ਨੇ ਕਿਹਾ,‘‘ਉਸ ਦਾ ਸਟਾਈਲ ਹੂ-ਬ-ਹੂ ਮੇਰੇ ਵਰਗਾ ਹੈ। ਉਸ ਦਾ ਖੇਡਣ ਦਾ ਤਰੀਕਾ ਤੇ ਹਮਲਾਵਰਤਾ ਮੈਨੂੰ ਆਪਣੀ ਯਾਦ ਦਿਵਾਉਂਦੀ ਹੈ। ਉਸ ’ਚ ਮੈਨੂੰ ਆਪਣਾ ਅਕਸ ਨਜ਼ਰ ਆਉਂਦਾ ਹੈ। ਮੈਂ ਕਹਿੰਦਾ ਵੀ ਹਾਂ ਕਿ ਖੇਡ ਤੂੰ ਰਿਹਾ ਹੁੰਦਾ ਹੈਂ ਤੇ ਮੈਨੂੰ ਲਗਦਾ ਹੈ ਕਿ ਮੈਂ ਮੈਦਾਨ ’ਤੇ ਹਾਂ।’’ਉਸ ਨੇ ਦੱਸਿਆ ਕਿ ਹਰ ਟੂਰਨਾਮੈਂਟ ਜਾਂ ਕੈਂਪ ਤੋਂ ਬਾਅਦ ਹਰਮਨਪ੍ਰੀਤ ਨਾਲ ਉਸ ਦੀ ਗੱਲ ਜਾਂ ਮੁਲਾਕਾਤ ਹੁੰਦੀ ਹੈ ਤੇ ਉਹ ਉਸ ਦੀ ਖੇਡ ਨੂੰ ਬਾਰੀਕੀ ਨਾਲ ਦੇਖ ਕੇ ਸਲਾਹ ਵੀ ਦਿੰਦਾ ਹੈ। ਉਸ ਨੇ ਕਿਹਾ, ‘‘ਅਸੀਂ ਬਾਹਰ ਬੈਠ ਕੇ ਉਸ ਦੀਆਂ ਬਹੁਤ ਸਾਰੀਆਂ ਚੀਜ਼ਾਂ ਨੋਟ ਕਰ ਸਕਦੇ ਹਾਂ ਤੇ ਉਸ ਨੂੰ ਮਾਰਗਦਰਸ਼ਨ ਦੇ ਸਕਦੇ ਹਾਂ। ਨਿਸ਼ਚਿਤ ਤੌਰ ’ਤੇ ਕੋਚਿੰਗ ਸਟਾਫ ਵੀ ਇਹ ਹੀ ਕਰ ਰਿਹਾ ਹੋਵੇਗਾ ਪਰ ਮੈਂ ਹਰਮਨ ਨਾਲ ਕਾਫੀ ਲੰਬਾ ਸਮਾਂ ਕੰਮ ਕੀਤਾ ਹੈ।’’


author

Tarsem Singh

Content Editor

Related News