ਪ੍ਰਾਗ ਮਾਸਟਰਸ ਸ਼ਤਰੰਜ ''ਚ ਖੇਡਣਗੇ ਹਰਿਕ੍ਰਿਸ਼ਣਾ ਤੇ ਵਿਦਿਤ
Wednesday, Mar 06, 2019 - 03:23 AM (IST)

ਪ੍ਰਾਗ (ਚੈੱਕ ਗਣਰਾਜ) (ਨਿਕਲੇਸ਼ ਜੈਨ)- ਪ੍ਰਾਗ ਮਾਸਟਰਸ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤ ਦੇ 2 ਚੋਟੀ ਦੇ ਸਿਤਾਰੇ ਪੇਂਟਾਲਾ ਹਰਿਕ੍ਰਿਸ਼ਣਾ ਤੇ ਵਿਦਿਤ ਗੁਜਰਾਤੀ ਹਿੱਸਾ ਲੈਣਗੇ। 5 ਤੋਂ 18 ਮਾਰਚ ਦੌਰਾਨ ਖੇਡੀ ਜਾਣ ਵਾਲੀ ਇਸ ਪ੍ਰਤੀਯੋਗਿਤਾ 'ਚ ਦੁਨੀਆ ਦੇ ਚੋਣਵੇਂ 10 ਖਿਡਾਰੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਪ੍ਰਤੀਯੋਗਿਤਾ ਵਿਚ ਕੁਲ 9 ਰਾਊਂਡ ਖੇਡੇ ਜਾਣਗੇ ਅਰਥਾਤ ਰਾਊਂਡ ਰੌਬਿਨ ਨਿਯਮ ਨਾਲ ਸਾਰੇ ਖਿਡਾਰੀ ਆਪਸ 'ਚ 1-1 ਮੁਕਾਬਲਾ ਖੇਡਣਗੇ।
ਪ੍ਰਤੀਯੋਗਿਤਾ ਦਾ ਟਾਪ ਸੀਡ ਮੇਜ਼ਬਾਨ ਚੈੱਕ ਗਣਰਾਜ ਦਾ ਡੇਵਿਡ ਨਵਾਰਾ (2739 ਰੇਟਿੰਗ ਅੰਕ) ਹੋਵੇਗਾ। ਉਸ ਤੋਂ ਇਲਾਵਾ ਹੰਗਰੀ ਦਾ ਰਿਚਰਡ ਰਾਪੋਰਟ (2738), ਪੋਲੈਂਡ ਦਾ ਜੇ. ਜਾਨ ਡੂਡਾ (2731), ਅਮਰੀਕਾ ਦਾ ਸੇਮ ਸ਼ੰਕਲੰਦ (2731), ਭਾਰਤ ਦਾ ਪੇਂਟਾਲਾ ਹਰਿਕ੍ਰਿਸ਼ਣਾ (2730), ਰੂਸ ਦਾ ਨਿਕਿਤਾ ਵਿਤੁਗੋਵ (2726), ਪੋਲੈਂਡ ਦਾ ਰਾਡਾਸਲਾਵ ਵੋਜਟਸਜੇਕ (2722), ਭਾਰਤ ਦਾ ਵਿਦਿਤ ਗੁਜਰਾਤੀ (2711), ਮੇਜ਼ਬਾਨ ਚੈੱਕ ਗਣਰਾਜ ਦਾ ਵਿਕਟਰ ਲਜਨਿਕ (2670) ਤੇ ਸਾਬਕਾ ਵਿਸ਼ਵ ਚੈਂਪੀਅਨ ਚੈਲੰਜਰ ਬੋਰਿਸ ਗੇਲਫਾਂਦ (2655) ਖੇਡ ਰਹੇ ਹਨ। ਮੌਜੂਦਾ ਵਿਸ਼ਵ ਰੈਂਕਿੰਗ ਵਿਚ ਹਰਿਕ੍ਰਿਸ਼ਣਾ ਤੇ ਵਿਦਿਤ ਕੋਲ ਆਪਣੀ ਵਿਸ਼ਵ ਰੈਂਕਿੰਗ ਵਿਚ ਸੁਧਾਰ ਕਰਨ ਦਾ ਇਹ ਚੰਗਾ ਮੌਕਾ ਹੋਵੇਗਾ। ਪ੍ਰਤੀਯੋਗਿਤਾ ਦੀ ਖਾਸ ਗੱਲ ਇਹ ਵੀ ਹੈ ਕਿ ਇਸ ਵਿਚ ਕੋਈ ਵੀ ਮੈਚ 30 ਚਾਲਾਂ ਤੋਂ ਪਹਿਲਾਂ ਡਰਾਅ ਨਹੀਂ ਕੀਤਾ ਜਾ ਸਕਦਾ, ਜਿਸ ਨਾਲ ਮੈਚ ਵਿਚ ਨਤੀਜੇ ਨਿਕਲਣ ਦੀ ਸੰਭਾਵਨਾ ਵਧ ਜਾਂਦੀ ਹੈ।