ਵੈਸਟਇੰਡੀਜ਼ ''ਤੋਂ T20I ਸੀਰੀਜ਼ ਗੁਆ ਕੇ ਹਾਰਦਿਕ ਪੰਡਯਾ ਦਾ ਬਿਆਨ, ਕਿਹਾ- ਕਦੀ-ਕਦੀ ਹਾਰਨਾ ਚੰਗਾ ਹੁੰਦਾ ਹੈ
Monday, Aug 14, 2023 - 06:00 PM (IST)
ਸਪੋਰਟਸ ਡੈਸਕ : ਫਲੋਰਿਡਾ (ਅਮਰੀਕਾ) : ਪੰਜਵੇਂ ਟੀ20 ਮੈਚ 'ਚ ਵੈਸਟਇੰਡੀਜ਼ ਹੱਥੋਂ ਭਾਰਤ ਦੀ ਹਾਰ 'ਤੋਂ ਬਾਅਦ ਕਪਤਾਨ ਹਾਰਦਿਕ ਪੰਡਯਾ ਨੇ ਕਿਹਾ ਕਿ ਉਹ ਖੇਡ ਨੂੰ ਚੰਗੀ ਤਰ੍ਹਾਂ ਖ਼ਤਮ ਕਰਨ ਵਿੱਚ ਅਸਫਲ ਰਹੇ। ਉਸਨੇ ਇਹ ਵੀ ਕਿਹਾ,'ਕਦੀ-ਕਦੀ ਹਾਰਨਾ ਚੰਗਾ ਹੁੰਦਾ ਹੈ, ਇਸ ਨਾਲ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ।' ਨਿਕੋਲਸ ਪੂਰਨ ਅਤੇ ਬ੍ਰੈਂਡਨ ਕਿੰਗ ਦੀ ਧਮਾਕੇਦਾਰ ਬੱਲੇਬਾਜ਼ੀ ਦੇ ਦਮ 'ਤੇ ਵੈਸਟਇੰਡੀਜ਼ ਨੇ ਐਤਵਾਰ ਨੂੰ ਇੱਥੇ ਸੈਂਟਰਲ ਬ੍ਰੋਵਾਰਡ ਰੀਜਨਲ ਪਾਰਕ ਸਟੇਡੀਅਮ ਟਰਫ ਗਰਾਉਂਡ 'ਚ ਭਾਰਤ ਦੇ ਖ਼ਿਲਾਫ਼ 5 ਮੈਚਾਂ ਦੀ ਲੜੀ 3-2 ਨਾਲ ਜਿੱਤ ਲਈ। ਇਹ 2017 'ਤੋਂ ਬਾਅਦ ਭਾਰਤ ਖ਼ਿਲਾਫ਼ ਵੈਸਟਇੰਡੀਜ਼ ਦੀ ਪਹਿਲੀ ਟੀ20I ਲੜੀ ਦੀ ਜਿੱਤ ਹੈ ।
ਮੈਚ ਦੇ ਬਾਅਦ ਪੰਡਯਾ ਨੇ ਕਿਹਾ, 'ਜੇਕਰ ਤੁਸੀਂ ਦੇਖੋ, ਤਾਂ ਅਸੀਂ 10 ਓਵਰ 'ਤੋਂ ਬਾਅਦ ਉਸ ਵਕਫੇ 'ਚ ਹਾਰ ਗਏ। ਜਦੋਂ ਮੈਂ ਆਇਆ, ਮੈਂ ਇਸਦਾ ਫਾਇਦਾ ਨਹੀਂ ਉਠਾ ਸਕਿਆ ਅਤੇ ਮੈਂ ਆਪਣਾ ਸਮਾਂ ਲਿਆ ਅਤੇ ਖ਼ਤਮ ਨਹੀਂ ਕਰ ਸਕਿਆ।' ਟਾਸ ਬਾਰੇ ਫ਼ੈਸਲੇ ਨੂੰ ਲੈ ਕੇ ਪੰਡਯਾ ਨੇ ਕਿਹਾ,' ਮੇਰਾ ਮੰਨਣਾ ਹੈ ਕਿ ਇੱਕ ਟੀਮ ਦੇ ਰੂਪ 'ਚ ਸਾਨੂੰ ਖ਼ੁਦ ਨੂੰ ਚੁਣੌਤੀ ਦੇਣੀ ਹੋਵੇਗੀ। ਇਹ ਸਾਰੇ ਮੈਚ ਅਜਿਹੇ ਹਨ ਜਿੱਥੇ ਅਸੀਂ ਸਿੱਖਣਾ ਹੈ। ਅਸੀਂ ਇੱਕ ਟੀਮ ਦੇ ਰੂਪ 'ਚ ਗੱਲ ਕੀਤੀ ਹੈ ਕਿ ਜਦੋਂ ਵੀ ਸਾਨੂੰ ਮੁਸ਼ਕਲ ਰਸਤਾ ਲੈਣਾ ਪਵੇਗਾ, ਅਸੀਂ ਲਵਾਂਗੇ। ਅਖ਼ੀਰ 'ਚ ਇੱਥੇ ਜਾਂ ਉੱਥੇ ਇੱਕ ਲੜੀ ਮਾਇਨੇ ਨਹੀਂ ਰੱਖਦੀ ਪਰ ਟੀਚੇ ਲਈ ਵਚਨਬੱਧਤਾ ਮਹੱਤਵਪੂਰਨ ਹੈ।'ਅਗਲੇ ਸਾਲ ਟੀ20 ਵਿਸ਼ਵ ਕੱਪ ਦੇ ਬਾਰੇ ਗੱਲ ਕਰਦੇ ਹੋਏ ਕਿਹਾ, 'ਇਹ ਇੱਕ ਲੰਬਾ ਰਸਤਾ ਹੈ। ਸਾਡੇ ਕੋਲ ਵਨਡੇ ਵਿਸ਼ਵ ਕੱਪ ਆ ਰਿਹਾ ਹੈ। ਅਤੇ ਕਦੀ-ਕਦੀ ਹਾਰਨਾ ਚੰਗਾ ਹੁੰਦਾ ਹੈ। ਤੁਹਾਨੂੰ ਸਿੱਖਣ ਦਾ ਮੌਕਾ ਮਿਲਦਾ ਹੈ। ਸਾਰੇ ਮੁੰਡਿਆਂ ਲਈ ਖ਼ਾਸ ਜ਼ਿਕਰ, ਉਨ੍ਹਾਂ ਨੇ ਸ਼ਾਨਦਾਰ ਚਰਿੱਤਰ ਦਿਖਾਇਆ। ਜਿੱਤ ਅਤੇ ਹਾਰ ਖੇਡ ਦਾ ਹਿੱਸਾ ਹੈ ਅਤੇ ਅਸੀਂ ਇਹ ਯਕੀਨੀ ਬਣਾਉਂਦੇ ਹਾਂ ਕਿ ਅਸੀਂ ਇਸ 'ਤੋਂ ਸਿੱਖੀਏ। ਮੈਂ ਜ਼ਿਆਦਾ ਯੋਜਨਾ ਨਹੀਂ ਬਣਾਉਂਦਾ। ਮੈਂ ਜਦੋਂ ਕੋਈ ਸਥਿਤੀ ਦੇਖਦਾ ਹਾਂ ਤਾਂ ਜੋ ਮੇਰਾ ਮਨ ਕਹਿੰਦਾ ਹੈ ਮੈਂ ਓਹੀ ਕਰਦਾ ਹਾਂ।' ਨੌਜਵਾਨ ਖਿਡਾਰੀਆਂ ਦੀ ਕਪਤਾਨੀ 'ਤੇ ਉਸਨੇ ਕਿਹਾ , ' ਉਨ੍ਹਾਂ 'ਚ ਦਿਲ ਹੈ। ਇਹ ਅਜਿਹੀ ਚੀਜ਼ ਹੈ ਜੋ ਅੰਤਰਰਾਸ਼ਟਰੀ ਕ੍ਰਿਕਟ 'ਚ ਬਹੁਤ ਜ਼ਰੂਰੀ ਹੈ।'
ਕਪਤਾਨ ਨੇ ਅੱਗੇ ਕਿਹਾ , 'ਆਉਣ ਵਾਲੇ ਹਰ ਨੌਜਵਾਨ ਨੂੰ ਯਕੀਨ ਹੈ। ਇਹ ਕੁਝ ਅਜਿਹਾ ਹੈ ਜਿਸਨੂੰ ਮੈਂ ਅਕਸਰ ਦੇਖਦਾ ਹਾਂ। ਉਨ੍ਹਾਂ ਦਾ ਧੰਨਵਾਦ, ਉਹ ਬਾਹਰ ਆਏ ਅਤੇ ਜ਼ਿਮੇਦਾਰੀ ਲਈ। ਇੱਕ ਕਪਤਾਨ ਦੇ ਰੂਪ 'ਚ ਮੈਂ ਇਸ 'ਤੋਂ ਵੱਧ ਖੁਸ਼ ਨਹੀਂ ਹੋ ਸਕਦਾ।'
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।