ਸ਼ਤਰੰਜ : ਨਿਹਾਲ ਨੂੰ ਹਰਾ ਕੇ ਹਰਿਕ੍ਰਿਸ਼ਣਾ ਦੀ ਬੜ੍ਹਤ ਬਰਕਰਾਰ

05/07/2019 9:22:51 PM

ਮਾਲਮੋ (ਸਵੀਡਨ) (ਨਿਕਲੇਸ਼ ਜੈਨ)—ਤੇਪੇ ਸਿਗਮਨ ਇੰਟਰਨੈਸ਼ਨਲ ਸ਼ਤਰੰਜ ਚੈਂਪੀਅਨਸ਼ਿਪ ਦੇ ਚੌਥੇ ਰਾਊਂਡ ਵਿਚ ਪੇਂਟਾਲਾ ਹਰਿਕ੍ਰਿਸ਼ਣਾ ਨੇ ਹਮਵਤਨ ਨਿਹਾਲ ਸਰੀਨ ਨੂੰ ਹਰਾ ਕੇ ਆਪਣੀ ਬੜ੍ਹਤ ਨੂੰ ਬਰਕਰਾਰ ਰੱਖਿਆ। ਇਕ ਪਾਸੇ ਹਰਿਕ੍ਰਿਸ਼ਣਾ ਜਿਥੇ ਸ਼ੇਨਜੇਨ ਮਾਸਟਰਸ ਤੋਂ ਬਾਅਦ ਬਿਹਤਰੀਨ ਲੈਅ ਵਿਚ ਹੈ, ਉਥੇ ਹੀ 14 ਸਾਲਾ ਨੰਨ੍ਹਾ ਨਿਹਾਲ 2600 ਰੇਟਿੰਗ ਅੰਕ ਛੂਹਣ ਦੇ ਇਤਿਹਾਸ ਦੇ ਨੇੜੇ ਹੈ ਪਰ ਇਸ ਮੈਚ ਵਿਚ ਤਜਰਬੇ ਦੀ ਜਿੱਤ ਹੋਈ। 
ਸਿਸਿਲੀਅਨ ਡਿਫੈਂਸ ਓਪਨਿੰਗ 'ਚ ਹੋਏ ਇਸ ਮੁਕਾਬਲੇ ਵਿਚ ਕਾਲੇ ਮੋਹਰਿਆਂ ਨਾਲ ਖੇਡ ਰਹੇ ਨਿਹਾਲ ਨੇ ਖੇਡ ਵਿਚ ਸ਼ੁਰੂਆਤ ਤੋਂ ਹੀ ਸੰਤੁਲਨ ਬਣਾਈ ਰੱਖਿਆ ਤੇ ਹਰਿਕ੍ਰਿਸ਼ਣਾ ਨੂੰ ਬੜ੍ਹਤ ਬਣਾਉਣ ਦਾ ਕੋਈ ਮੌਕਾ ਨਹੀਂ ਦਿੱਤਾ। ਖੇਡ ਦੀ 33ਵੀਂ ਚਾਲ ਤੋਂ ਬਾਅਦ ਜਿਥੇ ਹਰਿਕ੍ਰਿਸ਼ਣਾ ਕੋਲ 2 ਊਠ ਅਤੇ ਨਿਹਾਲ ਕੋਲ ਇਕ ਘੋੜਾ ਤੇ 1 ਊਠ ਬਚਿਆ ਸੀ ਤੇ ਅਜਿਹਾ ਲੱਗ ਰਿਹਾ ਸੀ ਕਿ ਮੈਚ ਡਰਾਅ ਹੋ ਜਾਵੇਗਾ, ਉਦੋਂ ਖੇਡ ਦੀ 37ਵੀਂ ਚਾਲ 'ਚ ਨਿਹਾਲ ਨੇ ਆਪਣੇ ਘੋੜੇ ਨੂੰ ਊਠ ਤੋਂ ਅਦਲਾ-ਬਦਲੀ ਕਰਨ ਦੀ ਇਕ ਗਲਤ ਚਾਲ ਚੱਲੀ, ਜਿਸ ਨਾਲ ਹਰਿਕ੍ਰਿਸ਼ਣਾ ਨੂੰ ਬੜ੍ਹਤ ਹਾਸਲ ਹੋ ਗਈ ਤੇ ਫਿਰ ਆਪਣੇ ਤਜਰਬੇ ਨਾਲ ਉਸ ਨੇ 46 ਚਾਲਾਂ 'ਚ ਸ਼ਾਨਦਾਰ ਜਿੱਤ ਦਰਜ ਕੀਤੀ।
ਜੋਨਸ ਨੇ ਸਾਰਿਕ ਨੂੰ ਹਰਾਇਆ
ਇੰਗਲੈਂਡ ਦੇ ਗਾਵਿਨ ਜੋਨਸ ਨੇ ਕ੍ਰੋਏਸ਼ੀਆ ਦੇ ਇਵਾਨ ਸਾਰਿਕ ਨੂੰ ਹਰਾਉਂਦੇ ਹੋਏ ਸਾਂਝੇ ਤੌਰ 'ਤੇ ਬੜ੍ਹਤ ਵਿਚ ਹਰਿਕ੍ਰਿਸ਼ਣਾ ਨਾਲ ਜਗ੍ਹਾ ਬਣਾ ਲਈ। ਈਰਾਨ ਦੇ ਪਰਹਮ ਮਘਸੂਦਲੂ ਨੇ ਸਵੀਡਨ ਦੇ ਚੋਟੀ ਦਾ ਦਰਜਾ ਪ੍ਰਾਪਤ ਖਿਡਾਰੀ ਨਿਲਸ ਗ੍ਰਾਂਡਿਲੀਯੂਸ ਨਾਲ ਡਰਾਅ ਖੇਡਿਆ ਤੇ ਜਰਮਨੀ ਦੇ ਡਾਈਟਰ ਨਿਸਪੀਏਨ ਦੇ ਪੇਰਸਸੋਨ ਟਾਈਗਰ ਨੇ ਵੀ ਆਪਸ 'ਚ ਅੰਕ ਵੰਡੇ।


Gurdeep Singh

Content Editor

Related News