B''day spcl : 47 ਦੇ ਹੋਏ ਗਾਂਗੁਲੀ, ਜਾਣੋ ਦਾਦਾ ਦੇ ਕ੍ਰਿਕਟ ਵਿਚ ''ਦਾਦਾਗਿਰੀ'' ਦੇ ਕੁਝ ਯਾਦਗਾਰ ਪਲ
Monday, Jul 08, 2019 - 01:58 PM (IST)

ਨਵੀਂ ਦਿੱਲੀ : ਇਕ ਕਪਤਾਨ ਜਿਸ ਨੂੰ ਟੀਮ ਇੰਡੀਆ ਦੀ ਕਮਾਨ ਉਸ ਸਮੇਂ ਸੌਂਪੀ ਗਈ ਜਦੋਂ ਭਾਰਤੀ ਟੀਮ ਆਪਣੇ ਸਭ ਤੋਂ ਬੁਰੇ ਦੌਰ ਤੋਂ ਗੁਜ਼ਰ ਰਹੀ ਸੀ। ਉਸ ਕਪਤਾਨ ਨੇ ਟੀਮ ਨੂੰ ਸੰਭਾਲਿਆ, ਮੁਸ਼ਕਲ ਹਾਲਾਤਾਂ 'ਚੋਂ ਬਾਹਰ ਕੱਢਿਆ ਅਤੇ ਚੈਂਪੀਅਨ ਬਣਾਉਣ ਦੀ ਰਾਹ ਵੱਲ ਦੌੜਾ ਦਿੱਤੀ। ਉਹ ਕਪਤਾਨ ਜਿਸ ਨੇ ਨੌਜਵਾਨ ਖਿਡਾਰੀਆਂ 'ਤੇ ਭਰੋਸਾ ਦਿਖਾਇਆ ਅਤੇ ਉਨ੍ਹਾਂ ਨੂੰ ਮੌਕੇ ਦੇ ਕੇ ਭਵਿੱਖ ਲਈ ਤਰਾਸ਼ਿਆ। ਉਹ ਖੱਬੇ ਹੱਥ ਦਾ ਬੱਲੇਬਾਜ਼ ਜਿਸ ਤੋਂ ਸਪਿਨਰ ਡਰਦੇ ਸੀ। ਇਕ ਅਜਿਹਾ ਕਪਤਾਨ ਜਿਸ ਨੇ ਆਪਣੇ ਫੈਸਲਿਆਂ ਨਾਲ ਖੇਡ ਨੂੰ ਬਦਲ ਦਿੱਤਾ, ਉਹ ਖਿਡਾਰੀ ਹੋਰ ਕੋਈ ਨਹੀਂ ਸਗੋਂ ਭਾਰਤੀ ਟੀਮ ਦੇ ਲੀਜੈਂਡ ਕਹੇ ਜਾਣ ਵਾਲੇ ਸਾਬਕਾ ਕਪਤਾਨ ਸੌਰਭ ਗਾਂਗੁਲੀ ਹਨ। ਸੌਰਭ ਗਾਂਗੁਲੀ ਦਾ ਅੱਜ (8 ਜੁਲਾਈ) ਨੂੰ ਜਨਮਦਿਨ ਹੈ। 8 ਜੁਲਾਈ 1972 ਨੂੰ ਜਨਮੇ ਗਾਂਗੁਲੀ ਦਾ ਅੱਜ 47ਵਾਂ ਜਨਮਦਿਨ ਹੈ। ਗਾਂਗੁਲੀ ਦੀ ਕਪਤਾਨੀ ਸਮੇਂ ਅਜਿਹੇ ਕਈ ਪਲ ਹਨ ਜੋ ਸ਼ਾਇਦ ਕੋਈ ਨਾ ਭੁੱਲ ਸਕੇ। ਇਨ੍ਹਾਂ ਪਲਾਂ ਕਾਰਨ ਗਾਂਗੁਲੀ ਨੇ ਖੂਬ ਸੁਰਖੀਆਂ ਬਟੋਰੀਆਂ ਅਤੇ ਵਿਵਾਦਾਂ ਦਾ ਵੀ ਸਾਹਮਣਾ ਕਰਨਾ ਪਿਆ। ਆਓ ਅਜਿਹੇ ਹੀ ਇਕ ਦਿਲਚਸਪ ਅਤੇ ਯਾਦਗਾਰ ਪਲ ਬਾਰੇ ਤੁਹਾਨੂੰ ਦਸਦੇ ਹਾਂ।
ਜਦੋਂ ਗਾਂਗੁਲੀ ਨੇ ਫਲਿੰਟਾਫ ਨੂੰ ਜਵਾਬ ਦੇਣ ਲਈ ਉਤਾਰੀ ਸੀ ਟੀ-ਸ਼ਰਟ
ਕ੍ਰਿਕਟ ਪ੍ਰਸ਼ੰਸਕਾਂ ਨੂੰ ਅੱਜ ਵੀ ਟ੍ਰਾਈ ਸੀਰੀਜ਼ ਦੇ ਫਾਈਨਲ ਦੌਰਾਨ ਸੌਰਭ ਵੱਲੋਂ 2002 ਵਿਚ ਇੰਗਲੈਂਡ ਖਿਲਾਫ ਨੈਟਵੈਸਟ ਟ੍ਰਾਫੀ ਜਿੱਤਣ ਦਾ ਜਸ਼ਨ ਯਾਦ ਹੈ। ਜਦੋਂ ਉਸਨੇ ਆਪਣੀ ਟੀ-ਸ਼ਰਟ ਉਤਾਰ ਕੇ ਲਹਿਰਾਈ ਸੀ। ਦਰਅਸਲ ਸਾਲ 2002 ਵਿਚ ਇੰਗਲੈਂਡ ਦੇ ਐਂਡ੍ਰਿਯੂ ਫਲਿੰਟਾਫ ਨੇ ਇੰਡੀਆ ਵਿਚ ਵਾਨਖੇੜੇ ਦੇ ਮੈਦਾਨ 'ਤੇ ਟੀ-ਸ਼ਰਟ ਉਤਾਰ ਕੇ ਦੌੜ ਲਗਾਈ ਸੀ ਅਤੇ ਗਾਂਗੁਲੀ ਨੂੰ ਤੰਜ ਮਾਰਨ ਦੀ ਕੋਸ਼ਿਸ਼ ਕੀਤੀ ਸੀ। ਇਸ ਲਈ ਜਦੋਂ ਭਾਰਤੀ ਟੀਮ ਨੇ ਇੰਗਲੈਂਡ ਨੂੰ ਉਸਦੀ ਧਰਤੀ 'ਤੇ ਹੀ ਹਰਾਇਆ ਤਾਂ ਫਿਰ ਗਾਂਗੁਲੀ ਨੇ ਵੀ ਆਪਣੀ ਟੀ-ਸ਼ਰਟ ਉਤਾਰ ਕੇ ਫਲਿੰਟਾਫ ਨੂੰ ਉਸਦੀ ਭਾਸ਼ਾ ਵਿਚ ਹੀ ਜਵਾਬ ਦਿੱਤਾ।
ਟੀ-ਸ਼ਰਟ ਉਤਾਰਨ ਦਾ ਅਫਸੋਸ
ਵਰਿੰਦਰ ਸਹਿਵਾਗ, ਯੁਵਰਾਜ ਸਿੰਘ, ਜ਼ਹੀਰ ਖਾਨ, ਮਹਿੰਦਰ ਸਿੰਘ ਧੋਨੀ ਵਰਗੇ ਟੀਮ ਇੰਡੀਆ ਦੇ ਅਜਿਹੇ ਸਟਾਰ ਖਿਡਾਰੀ ਹਨ ਜਿਨ੍ਹਾਂ ਨੂੰ ਗਾਂਗੁਲੀ ਨੇ ਹੀ ਟੀਮ ਵਿਚ ਲਿਆਂਦਾ ਅਤੇ ਫਿਰ ਸਟਾਰ ਬਣਾਇਆ। ਵੈਸੇ ਤਾਂ ਦਾਦਾ (ਸੌਰਭ ਗਾਂਗੁਲੀ) ਦੇ ਕਈ ਅਜਿਹੇ ਪਲ ਹਨ ਪਰ ਸਭ ਤੋਂ ਮਸ਼ਹੂਰ ਲਾਰਡਸ ਦੀ ਬਾਲਕਨੀ ਵਿਚ ਟੀ-ਸ਼ਰਟ ਉਤਾਰਨਾ ਹੈ। ਸੌਰਭ ਨੇ ਇਸ ਦੇ ਬਾਰੇ ਖੁਲਾਸਾ ਕੀਤਾ ਕਿ ਆਖਰ ਕਿਉਂ ਉਸਨੇ ਟੀ-ਸ਼ਰਟ ਉਤਾਰੀ ਸੀ। ਸੌਰਭ ਨੇ ਆਪਣੀ ਸਵ੍ਹੈ ਜੀਵਨੀ 'ਏ ਸੈਂਚੁਰੀ ਇਜ਼ ਨਾਟ ਇਨਫ' ਵਿਚ ਇਸਦਾ ਜ਼ਿਕਰ ਕਰਦਿਆਂ ਲਿਖਿਆ ਹੈ ਕਿ ਸਾਲ 2002 ਦੇ ਨੈਟਵੈਸਟ ਸੀਰੀਜ਼ ਦੇ ਫਾਈਨਲ ਵਿਚ ਜਿੱਤ ਨੂੰ ਲੈ ਕੇ ਟੀਮ ਕਾਫੀ ਉਤਸ਼ਾਹਿਤ ਸੀ ਅਤੇ ਜਿਵੇਂ ਹੀ ਜ਼ਹੀਰ ਨੇ ਜੇਤੂ ਸ਼ਾਟ ਲਗਾਇਆ ਮੈਂ ਖੁੱਦ ਨੂੰ ਨਹੀਂ ਰੋਕ ਸਕਿਆ। ਗਾਂਗੁਲੀ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਸ ਨੂੰ ਅਜਿਹਾ ਕਰਨ ਦਾ ਅਫਸੋਸ ਹੈ ਪਰ ਉਸ ਸਮੇਂ ਦੇ ਮਾਹੌਲ ਕਾਰਨ ਮੈਂ ਇਸ ਤਰ੍ਹਾਂ ਕੀਤਾ। ਗਾਂਗੁਲੀ ਨੇ ਦੱਸਿਆ ਕਿ ਜਦੋਂ ਉਹ ਟੀ-ਸ਼ਰਟ ਉਤਾਰਨ ਲੱਗੇ ਸੀ ਤਾਂ ਕੋਲ ਬੈਠੇ ਵੀ. ਵੀ. ਐੱਸ. ਲਕਸ਼ਮਣ ਨੇ ਉਸ ਨੂੰ ਬਹੁਤ ਰੋਕਣ ਦੀ ਕੋਸ਼ਿਸ ਕੀਤੀ ਅਤੇ ਹਰਭਜਨ ਨੇ ਵੀ ਉਸ ਦੌਰਾਨ ਗਾਂਗੁਲੀ ਨੂੰ ਰੋਕਿਆ ਸੀ।
ਹਰਭਜਨ ਨੂੰ ਟੀਮ ਵਿਚ ਸ਼ਾਮਲ ਕਰਨ ਲਈ ਅੜੇ ਸੀ ਗਾਂਗੁਲੀ
ਸਾਲ 2001 ਵਿਚ ਆਸਟਰੇਲੀਆ ਦੌਰੇ ਦੌਰਾਨ ਸੌਰਭ ਗਾਂਗੁਲੀ ਹਰਭਜਨ ਸਿੰਘ ਨੂੰ ਟੀਮ ਵਿਚ ਸ਼ਾਮਲ ਕਰਨ ਲਈ ਅੜ ਗਏ। ਚੋਣਕਾਰ ਭੱਜੀ ਨੂੰ ਟੀਮ ਵਿਚ ਨਹੀਂ ਰੱਖਣਾ ਚਾਹੁੰਦੇ ਸੀ। ਗਾਂਗੁਲੀ ਨੇ ਚੋਣਕਾਰਾਂ ਨੂੰ ਸਾਫ ਕਹਿ ਦਿੱਤਾ, ਜਦੋਂ ਤੱਕ ਹਰਭਜਨ ਨਹੀਂ ਆਏਗਾ ਮੈਂ ਰੂਮ 'ਚੋਂ ਬਾਹਰ ਨਹੀਂ ਆਵਾਂਗਾ। ਆਖਰ ਚੋਣਕਾਰਾਂ ਨੂੰ ਗਾਂਗੁਲੀ ਦੀ ਜ਼ਿੱਦ ਅੱਗੇ ਝੁਕਣਾ ਪਿਆ ਅਤੇ ਇਸ ਸੀਰੀਜ਼ ਦੇ ਦੂਜੇ ਟੈਸਟ ਮੈਚ ਵਿਚ ਹਰਭਜਨ ਨੇ ਹੈਟ੍ਰਿਕ ਲਈ ਅਤੇ ਭਾਰਤ ਨੇ ਫਾਲੋਆਨ ਦੇ ਬਾਵਜੂਦ ਇਤਿਹਾਸਕ ਜਿੱਤ ਦਰਜ ਕੀਤੀ।
ਹਾਸਲ ਕਰ ਚੁੱਕੇ ਹਨ ਲਗਾਤਾਰ 4 'ਮੈਨ ਆਫ ਦਿ ਮੈਚ' ਐਵਾਰਡ
ਇਕ ਸਭ ਤੋਂ ਅਨੋਖਾ ਰਿਕਾਰਡ ਜੋ ਅਜੇ ਤੱਕ ਸਿਰਫ ਗਾਂਗੁਲੀ ਦੇ ਨਾਂ ਹੈ ਉਹ ਹੈ ਸਭ ਤੋਂ ਜ਼ਿਆਦਾ ਵਾਰ 'ਮੈਨ ਆਫ ਦਿ ਮੈਚ' ਐਵਾਰਡ ਹਾਸਲ ਕਰਨਾ। ਪਾਕਿਸਤਾਨ ਖਿਲਾਫ 1997 ਦੇ ਟੋਰੰਟੋ ਵਿਚ ਹੋਈ ਵਨ ਡੇ ਸੀਰੀਜ਼ ਦੌਰਾਨ ਦਾਦਾ ਨੇ ਲਗਾਤਾਰ 4 ਵਾਰ 'ਮੈਨ ਆਫ ਦਿ ਮੈਚ' ਐਵਾਰਡ ਆਪਣੇ ਨਾਂ ਕੀਤਾ ਸੀ। ਇਸ ਪ੍ਰਦਰਸ਼ਨ ਲਈ ਗਾਂਗੁਲੀ ਨੂੰ 'ਮੈਨ ਆਫ ਦਿ ਸੀਰੀਜ਼' ਵੀ ਚੁਣਿਆ ਗਿਆ ਸੀ। ਗਾਂਗੁਲੀ ਦਾ ਇਹ ਰਿਕਾਰਡ ਅਜੇ ਤੱਕ ਕੋਈ ਵੀ ਤੋੜ ਨਹੀਂ ਸਕਿਆ ਹੈ।