ਗੁਰਪ੍ਰੀਤ ਤੇ ਜਰਨੈਲ ਨੇ ਸਾਈਕਲ ਪ੍ਰਤੀਯੋਗਤਾ ’ਚ ਪੂਰੇ ਭਾਰਤ ’ਚੋਂ ਪ੍ਰਾਪਤ ਕੀਤਾ ਪਹਿਲਾ ਸਥਾਨ
Thursday, Aug 22, 2024 - 10:30 AM (IST)
ਕੋਟਕਪੂਰਾ (ਨਰਿੰਦਰ)-ਪਿਛਲੇ ਦਿਨੀਂ ਆਲ ਇੰਡੀਆ ਸਾਈਕਲ ਕਲੱਬ ਤੇ ਬਠਿੰਡਾ ਰੋਡਬਾਈਕਰਜ਼ ਵੱਲੋਂ ਲੋਕਾਂ ਨੂੰ ਸਾਈਕਲ ਨਾਲ ਜੋੜਨ ਦੇ ਟੀਚੇ ਨਾਲ ਬੱਡੀਜ਼ ਸਾਈਕਲ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ। ਇਸ ਸਾਈਕਲ ਪ੍ਰਤੀਯੋਗਤਾ ’ਚ ਸਾਈਕਲ ਚਾਲਕਾਂ ਨੂੰ ਜੋੜੀਆਂ ਦੇ ਰੂਪ ’ਚ 31 ਦਿਨਾਂ ’ਚ 1200 ਕਿਲੋਮੀਟਰ ਸਾਈਕਲ ਚਲਾਉਣ ਦੇ ਟੀਚੇ ਦਿੱਤੇ ਗਏ ਅਤੇ ਪੂਰੇ ਭਾਰਤ ’ਚੋਂ ਵੱਖ-ਵੱਖ ਕਲੱਬਾਂ ਦੇ ਪੁਰਸ਼, ਮਹਿਲਾ ਅਤੇ ਬੱਚਿਆਂ ਨੇ ਇਸ ’ਚ ਭਾਗ ਲਿਆ।
ਤਿੰਨ ਵੱਖ-ਵੱਖ ਵਰਗਾਂ ’ਚ ਵੰਡੇ ਇਸ ਮੁਕਾਬਲੇ ਲਈ ਪ੍ਰਬੰਧਕਾਂ ਵੱਲੋਂ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਲ ਕਰਨ ਵਾਲੇ ਸਾਈਕਲ ਚਾਲਕਾਂ ਲਈ ਵੱਖਰੇ ਇਨਾਮ ਆਦਿ ਰੱਖੇ ਹੋਏ ਸਨ। ਇਸ ਸਾਈਕਲ ਪ੍ਰਤੀਯੋਗਤਾ ’ਚ ਕੁੱਲ 82 ਜੋੜੀਆਂ ਨੇ ਭਾਗ ਲਿਆ ਗਿਆ, ਜਿਨ੍ਹਾਂ ’ਚ ਕੋਟਕਪੂਰਾ ਸਾਈਕਲ ਰਾਈਡਰਜ਼ ਟੀਮ ਦੇ ਗੁਰਪ੍ਰੀਤ ਸਿੰਘ ਕਮੋਂ ਅਤੇ ਜਰਨੈਲ ਸਿੰਘ ਸ਼ਾਮਲ ਸਨ, ਜਿਨ੍ਹਾਂ ਨੇ 31 ਦਿਨ ਲਗਾਤਾਰ ਸਾਈਕਲ ਚਲਾ ਕੇ 6900 ਕਿਲੋਮੀਟਰ ਦਾ ਸਾਈਕਲ ਸਫਰ ਤੈਅ ਕਰ ਕੇ ਪੂਰੇ ਭਾਰਤ ’ਚੋਂ ਪਹਿਲਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਦੂਜਾ ਸਥਾਨ ਬਠਿੰਡਾ ਸਾਈਕਲ ਗਰੁੱਪ ਦੇ ਪਰਮਿੰਦਰ ਸਿੰਘ ਸਿੱਧੂ ਅਤੇ ਰੁਪੇਸ਼ ਕੁਮਾਰ ਬਾਲੀ ਅਤੇ ਪੈਡਲ ਪਾਵਰ ਕਲੱਬ ਅਬੋਹਰ ਦੇ ਸਤੀਸ਼ ਸੋਨੀ ਅਤੇ ਸੰਦੀਪ ਕੁਮਾਰ ਵੱਲੋਂ ਤੀਜਾ ਸਥਾਨ ਹਾਸਲ ਕੀਤਾ ਗਿਆ।