ਗੁਜਰਾਤ ਟਾਈਟਨਜ਼ ਨੇ ਪਾਰਥਿਵ ਪਟੇਲ ਨੂੰ ਬੱਲੇਬਾਜ਼ੀ ਤੇ ਸਹਾਇਕ ਕੋਚ ਨਿਯੁਕਤ ਕੀਤਾ

Thursday, Nov 14, 2024 - 11:09 AM (IST)

ਗੁਜਰਾਤ ਟਾਈਟਨਜ਼ ਨੇ ਪਾਰਥਿਵ ਪਟੇਲ ਨੂੰ ਬੱਲੇਬਾਜ਼ੀ ਤੇ ਸਹਾਇਕ ਕੋਚ ਨਿਯੁਕਤ ਕੀਤਾ

ਨਵੀਂ ਦਿੱਲੀ– ਗੁਜਰਾਤ ਟਾਈਟਨਜ਼ ਨੇ ਭਾਰਤ ਦੇ ਸਾਬਕਾ ਵਿਕਟਕੀਪਰ ਬੱਲੇਬਾਜ਼ ਪਾਰਥਿਵ ਪਟੇਲ ਨੂੰ ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਆਗਾਮੀ ਸੈਸ਼ਨ ਲਈ ਬੱਲੇਬਾਜ਼ੀ ਤੇ ਸਹਾਇਕ ਕੋਚ ਨਿਯੁਕਤ ਕੀਤਾ ਹੈ। ਫ੍ਰੈਂਚਾਈਜ਼ੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।

ਪਾਰਥਿਵ ਮੁੱਖ ਕੋਚ ਆਸ਼ੀਸ਼ ਨਹਿਰਾ ਦੀ ਅਗਵਾਈ ਵਾਲੇ ਸਹਿਯੋਗੀ ਸਟਾਫ ਵਿਚ ਦੋਹਰੀ ਭੂਮਿਕਾ ਨਿਭਾਏਗਾ। ਫ੍ਰੈਂਚਾਈਜ਼ੀ ਨੇ ਇੱਥੇ ਜਾਰੀ ਬਿਆਨ ਵਿਚ ਕਿਹਾ, ‘‘ਗੁਜਰਾਤ ਟਾਈਟਨਜ਼ ਨੂੰ ਆਪਣੇ ਨਵੇਂ ਸਹਾਇਕ ਤੇ ਬੱਲੇਬਾਜ਼ੀ ਕੋਚ ਦੇ ਰੂਪ ਵਿਚ ਪਾਰਥਿਵ ਪਟੇਲ ਦੀ ਨਿਯੁਕਤੀ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਸਾਬਕਾ ਭਾਰਤੀ ਵਿਕਟਕੀਪਰ ਬੱਲੇਬਾਜ਼ ਆਪਣੇ 17 ਸਾਲ ਦੇ ਸ਼ਾਨਦਾਰ ਕਰੀਅਰ ਦਾ ਤਜਰਬਾ ਟੀਮ ਨਾਲ ਜੋੜੇਗਾ।’’

ਬਿਆਨ ਵਿਚ ਕਿਹਾ ਗਿਆ, ‘‘ਟਾਈਟਨਜ਼ ਆਈ. ਪੀ. ਐੱਲ. ਦੇ ਆਗਾਮੀ ਸੈਸ਼ਨ ਲਈ ਤਿਆਰੀ ਕਰ ਰਹੀ ਹੈ ਤੇ ਅਜਿਹੇ ਵਿਚ ਪਾਰਥਿਵ ਦੀ ਬੱਲੇਬਾਜ਼ੀ ਤਕਨੀਕ ਤੇ ਰਣਨੀਤੀ ਤਿਆਰ ਕਰਨ ਦੀ ਸਮਰੱਥਾ ਖਿਡਾਰੀਆਂ ਦੀ ਕਲਾ ਨੂੰ ਵਧਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ।’’

ਪਾਰਥਿਵ ਨੇ 2020 ਵਿਚ ਕ੍ਰਿਕਟ ਤੋਂ ਸੰਨਿਆਸ ਲੈ ਲਿਆ ਸੀ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਉਹ ਆਈ. ਪੀ. ਐੱਲ. ਵਿਚ ਕੋਚ ਦੀ ਭੂਮਿਕਾ ਨਿਭਾਏਗਾ। ਉਹ ਪਿਛਲੇ ਤਿੰਨ ਸੈਸ਼ਨਾਂ ਤੋਂ ਮੁੰਬਈ ਇੰਡੀਅਨਜ਼ ਲਈ ਟੈਲੰਟ ਸਕਾਊਟ ਦੇ ਰੂਪ ਵਿਚ ਕੰਮ ਕਰ ਰਿਹਾ ਸੀ। ਉਹ ਆਈ. ਐੱਲ. ਟੀ.-20 ਦੇ ਪਹਿਲੇ ਸੈਸ਼ਨ ਵਿਚ ਐੱਮ. ਆਈ. ਅਮੀਰਾਤ ਦਾ ਬੱਲੇਬਾਜ਼ੀ ਕੋਚ ਵੀ ਰਿਹਾ ਹੈ।


author

Tarsem Singh

Content Editor

Related News