ਟੂਰਨਾਮੈਂਟ ਆਫ਼ ਚੈਂਪੀਅਨਜ਼ : ਘੋਸ਼ਾਲ ਤਿੰਨ ਸਾਲ ''ਚ ਸਭ ਤੋਂ ਵੱਡੇ ਪੀ. ਐੱਸ. ਏ. ਟੂਰਨਾਮੈਂਟ ਦੇ ਸੈਮੀਫ਼ਾਈਨਲ ''ਚ
Friday, May 06, 2022 - 05:16 PM (IST)
ਨਿਊਯਾਰਕ- ਭਾਰਤ ਦੇ ਸਟਾਰ ਸਕੁਐਸ਼ ਖਿਡਾਰੀ ਸੌਰਵ ਘੋਸ਼ਾਲ ਨੇ ਟੂਰਨਾਮੈਂਟ ਆਫ ਚੈਂਪੀਅਨਜ਼ 'ਚ ਆਪਣੇ ਤੋਂ ਬਿਹਤਰ ਰੈਂਕਿੰਗ ਵਾਲੇ ਮਿਸਰ ਦੇ ਯੂਸੇਫ਼ ਇਬ੍ਰਾਹਿਮ ਨੂੰ ਹਰਾ ਕੇ ਤਿੰਨ ਸਾਲ 'ਚ ਪੇਸ਼ੇਵਰ ਟੂਰ 'ਤੇ ਆਪਣੇ ਸਭ ਤੋਂ ਵੱਡੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ। ਭਾਰਤ ਦੇ ਦੁਨੀਆ ਦੇ 17ਵੇਂ ਨੰਬਰ ਦ ਖਿਡਾਰੀ ਨੇ ਇੱਥੇ ਗ੍ਰੈਂਡ ਸੈਂਟਰਲ ਟਰਮਿਨਲ 'ਚ ਖੇਡੇ ਗਏ ਕੁਆਰਟਰ ਫਾਈਨਲ ਮੁਕਾਬਲੇ 'ਚ ਵਾਪਸੀ ਕਰਦੇ ਹੋਏ 11-8, 7-11, 9-11, 11-6, 11-9 ਨਾਲ ਜਿੱਤ ਦਰਜ ਕੀਤੀ।
ਇਹ ਵੀ ਪੜ੍ਹੋ : IPL ਟੀਮਾਂ ਨੇ ਦਿਖਾਈ ਦੱਖਣੀ ਅਫਰੀਕਾ ਦੀ ਨਵੀਂ ਟੀ-20 ਲੀਗ ’ਚ ਟੀਮ ਖਰੀਦਣ ’ਚ ਦਿਲਚਸਪੀ
ਘੋਸ਼ਾਲ ਨੂੰ ਹਾਲਾਂਕਿ ਆਪਣੇ ਤੋਂ ਕਿਤੇ ਛੋਟੇ ਇਬ੍ਰਾਹਿਮ ਦੇ ਖ਼ਿਲਾਫ਼ ਜਿੱਤ ਦਰਜ ਕਰਨ ਲਈ ਆਪਣਾ ਪੂਰਾ ਤਜਰਬਾ ਵਰਤਣਾ ਪਿਆ। ਇਹ ਭਾਰਤੀ ਖਿਡਾਰੀ ਸੈਮੀਫਾਈਨਲ 'ਚ ਪੇਰੂ ਦੇ ਤੀਜਾ ਦਰਜਾ ਪ੍ਰਾਪਤ ਡਿਏਗੋ ਐਲੀਆਸ ਨਾਲ ਭਿੜੇਗਾ। ਖੇਡ ਦੇ ਵਿਸ਼ਵ ਪੱਧਰੀ ਸੰਚਾਲਨ ਅਦਾਰੇ ਪੇਸ਼ੇਵਰ ਸਕੁਐਸ਼ ਸੰਘ (ਪੀ. ਐੱਸ. ਏ.) ਦੇ ਬਿਆਨ 'ਚ ਘੋਸ਼ਾਲ ਦੇ ਹਵਾਲੇ ਤੋਂ ਕਿਹਾ ਗਿਆ, 'ਇਹ ਮੇਰੇ ਲਈ ਕਾਫ਼ੀ ਮਾਇਨੇ ਰਖਦਾ ਹੈ, ਮੈਂ 11ਵੀਂ ਵਾਰ ਇਸ ਟੂਰਨਾਮੈਂਟ 'ਚ ਹਿੱਸਾ ਲੈ ਰਿਹਾ ਹਾਂ ਤੇ ਕਦੀ ਵੀ ਇੰਨਾ ਅੱਗੇ ਨਹੀਂ ਵਧਿਆ।' ਉਨ੍ਹਾਂ ਕਿਹਾ, 'ਮੈਂ ਕਾਫ਼ੀ ਸਖ਼ਤ ਮਿਹਨਤ ਕਰ ਰਿਹਾ ਸੀ ਤੇ ਇਹ ਦੇਖ ਕੇ ਚੰਗਾ ਲੱਗ ਰਿਹਾ ਹੈ ਕਿ ਇਸ ਦਾ ਫਲ ਮਿਲ ਰਿਹਾ ਹੈ। ਗ੍ਰੈਂਡ ਸੈਂਟਰਲ ਟਰਮਿਨਲ ਜਿਹੀ ਜਗ੍ਹਾ 'ਤੇ ਨਤੀਜਾ ਮਿਲਣਾ ਸ਼ਾਨਦਾਰ ਹੈ, ਮੈਂ ਬੇਹੱਦ ਖ਼ੁਸ਼ ਹਾਂ।'
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।