ਚਾਈਨਾ ਓਪਨ ’ਚ ਗਾਫ ਦੀ ਜੇਤੂ ਸ਼ੁਰੂਆਤ
Saturday, Sep 27, 2025 - 01:19 AM (IST)

ਬੀਜਿੰਗ (ਚੀਨੀ) (ਯੂ. ਐੱਨ. ਆਈ.)- ਅਮਰੀਕਾ ਦੀ ਟਾਪ ਟੈਨਿਸ ਖਿਡਾਰਨ ਕੋਕੋ ਗਾਫ ਨੇ ਸ਼ੁੱਕਰਵਾਰ ਨੂੰ ਰੂਸ ਦੀ ਕਾਮਿਲਾ ਰਾਖਿਮੋਵਾ ਨੂੰ ਸਿੱਧੇ ਸੈੱਟਾਂ ’ਚ ਹਰਾ ਕੇ ਚਾਈਨਾ ਓਪਨ ’ਚ ਆਪਣੇ ਖਿਤਾਬ ਦੇ ਬਚਾਅ ਦੇ ਅਭਿਆਨ ਦੀ ਸ਼ੁਰੂਆਤ ਕੀਤੀ। ਅੱਜ ਇਥੇ ਖੇਡੇ ਗਏ ਮੁਕਾਬਲੇ ’ਚ ਗਾਫ ਨੇ ਰਾਖਿਮੋਵਾ ਨੂੰ 6-4, 6-0 ਨਾਲ ਹਰਾਇਆ। 21 ਸਾਲਾ ਅਮਰੀਕੀ ਟੈਨਿਸ ਸਟਾਰ ਲਈ ਪਹਿਲੇ ਸੈੱਟ ’ਚ ਨੌਜਵਾਨ ਖਿਡਾਰੀ ਖਿਲਾਫ ਸ਼ੁਰੂਆਤ ਥੋੜੀ ਮੁਸ਼ਕਿਲ ਰਹੀ ਕਿਉਂਕਿ ਉਸ ਨੂੰ 4 ਬ੍ਰੇਕ ਪੁਆਇੰਟ ਦਾ ਸਾਹਮਣਾ ਕਰਨਾ ਪਿਆ। ਦੂਸਰੇ ਸੈੱਟ ਦੀ ਸ਼ੁਰੂਆਤ ’ਚ ਕੁਝ ਹੋਰ ਬ੍ਰੇਕ ਪੁਆਇੰਟ ਬਚਾਉਣ ਤੋਂ ਬਾਅਦ ਉਸ ਨੇ ਪਹਿਲੇ ਦੌਰ ਦਾ ਮੁਕਾਬਲਾ ਸਿਰਫ 44 ਮਿੰਟ ’ਚ ਜਿੱਤ ਲਿਆ।
ਮੈਚ ਤੋਂ ਬਾਅਦ ਗਾਫ ਨੇ ਕਿਹਾ ਕਿ ਮੈਨੂੰ ਉਮੀਦ ਸੀ ਕਿ ਮੁਕਾਬਲਾ ਸਖਤ ਹੋਵੇਗਾ। ਉਹ ਇਕ ਬਿਹਤਰੀਨ ਖਿਡਾਰੀ ਹੈ ਅਤੇ ਪਿਛਲੇ ਕੁਝ ਟੂਰਨਾਮੈਂਟਾਂ ’ਚ ਉਸ ਨੇ ਟਾਪ ਖਿਡਾਰੀਆਂ ਨਾਲ ਸਖਤ ਟੱਕਰ ਦਿੱਤੀ ਹੈ। ਮੈਂ ਆਪਣੀ ਲੈਅ ਫੜ ਲਈ ਅਤੇ ਲੈਅ ’ਚ ਆ ਗਈ। ਕੋਈ ਵੀ ਪਹਿਲਾਂ ਰਾਊਂਡ ਹਾਰਨਾ ਨਹੀਂ ਚਾਹੁੰਦਾ, ਇਸ ਲਈ ਮੈਨੂੰ ਲੱਗਦਾ ਹੈ ਕਿ ਮੈਂ ਥੋੜੀ ਤਨਾਅ ’ਚ ਸੀ ਪਰ ਮੈਂ ਖੁਦ ਨੂੰ ਸੰਭਾਲਨ ਵਿਚ ਕਾਮਯਾਬ ਰਹੀ ਅਤੇ ਮੈਨੂੰ ਲੱਗਦਾ ਹੈ ਕਿ ਇਸ ਦਾ ਅਸਰ ਮੇਰੇ ਸਕੋਰ ’ਤੇ ਦਿਸਿਆ।
ਗਾਫ ਦਾ ਅਗਲਾ ਮੁਕਾਬਲਾ ਕੈਨੇਡਾ ਦੀ ਵਿਸ਼ਵ ਨੰਬਰ 25 ਖਿਡਾਰੀਨ ਲੇਯਲਾ ਫਰਨਾਂਡੀਜ਼ ਨਾਲ ਹੋਵੇਗਾ, ਜਿਸ ਨੇ ਮਾਰੀਆ ਸੱਕਾਰੀ ਨੂੰ 6-2, 6-0 ਨਾਲ ਹਰਾਇਆ।