ਐੱਮ. ਸੀ. ਜੀ. ਪਿੱਚ ਦੀ ਗੰਭੀਰ ਨੇ ਕੀਤੀ ਸ਼ਲਾਘਾ, ਗਾਵਸਕਰ ਨੇ ਕੀਤੀ ਆਲੋਚਨਾ
Monday, Jan 06, 2025 - 03:19 PM (IST)
ਸਪੋਰਟਸ ਡੈਸਕ- ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਦੇ ਅਨੁਸਾਰ ਸਿਡਨੀ ਕ੍ਰਿਕਟ ਗਰਾਊਂਡ (ਐੱਸ. ਸੀ.ਜੀ.) ਦੀ ਪਿੱਚ ਟੈਸਟ ਮੈਚ ਲਈ ‘ਆਦਰਸ਼ ਨਹੀਂ’ ਸੀ ਪਰ ਭਾਰਤ ਦੇ ਮੁੱਖ ਕੋਚ ਗੌਤਮ ਗੰਭੀਰ ਨੇ ਵਿਕਟ ਦੀ ਸ਼ਲਾਘਾ ਕਰਦਿਆਂ ਇਸ ਨੂੰ ‘ਗੇਂਦਬਾਜ਼ਾਂ ਦੀ ਮਦਦਗਾਰ’ ਤੇ ‘ਨਤੀਜਾ ਦੇਣ ਵਾਲੀ’ ਦੱਸਿਆ, ਜਿਸ ਵਿਚ ਸਾਰਿਆਂ ਲਈ ਕੁਝ ਨਾ ਕੁਝ ਸੀ।
ਮੈਚ ਦੇ ਸ਼ੁਰੂਆਤੀ ਦੋ ਦਿਨਾਂ ਵਿਚ 26 ਵਿਕਟਾਂ ਡਿੱਗੀਆਂ ਸਨ ਜਦਕਿ ਤੀਜੇ ਦਿਨ 4 ਭਾਰਤੀ ਤੇ 3 ਆਸਟ੍ਰੇਲੀਆਈ ਬੱਲੇਬਾਜ਼ ਆਊਟ ਹੋਏ। ਗੇਂਦਬਾਜ਼ਾਂ ਨੇ ਜ਼ਿਆਦਾਤਰ ਸਮੇਂ ਮੈਚ ’ਤੇ ਆਪਣਾ ਦਬਦਬਾ ਬਣਾਈ ਰੱਖਿਆ। ਗੰਭੀਰ ਨੇ ਕਿਹਾ, ‘‘ਇਹ ਕੁਝ ਬਿਹਤਰੀਨ ਵਿਕਟ ਸੀ। ਇਹ ਟੈਸਟ ਕ੍ਰਿਕਟ ਲਈ ਵੀ ਚੰਗੀ ਸੀ। ਗੇਂਦਬਾਜ਼ਾਂ ਲਈ ਲੋੜੀਂਦੀ ਸੀ ਤੇ ਬੱਲੇਬਾਜ਼ਾਂ ਲਈ ਵੀ ਲੋੜੀਂਦੀ ਸੀ ਅਤੇ ਇਹ ਹੀ ਉਹ ਚੀਜ਼ ਹੈ ਜਿਹੜੀ ਟੈਸਟ ਕ੍ਰਿਕਟ ਨੂੰ ਜਿਊਂਦਾ ਰੱਖੇਗੀ।’’
ਹਾਲਾਂਕਿ ਗਾਵਸਕਰ ਨੇ ਸ਼ਨੀਵਾਰ ਨੂੰ ਆਖਰੀ ਸੈਸ਼ਨ ਦੌਰਾਨ ਐੱਸ. ਸੀ. ਜੀ. ਦੀ ਵਿਕਟ ਦੀ ਆਲੋਚਨਾ ਕੀਤੀ ਸੀ। ਉਸ ਨੇ ਕਿਹਾ,‘‘ਜਦੋਂ ਮੈਂ ਪਿੱਚ ਦੇਖੀ ਤਾਂ ਮੈਨੂੰ ਕਿਹਾ ਗਿਆ ਕਿ ਇਸ ’ਤੇ ਗਾਵਾਂ ਚਰ ਸਕਦੀਆਂ ਹਨ। ਇਹ ਆਦਰਸ਼ ਟੈਸਟ ਮੈਚ ਪਿੱਚ ਨਹੀਂ ਹੈ ਕਿਉਂਕਿ ਤੁਸੀਂ ਚਾਹੁੰਦੇ ਹੋ ਕਿ ਮੈਚ ਚੌਥੇ ਜਾਂ ਪੰਜਵੇਂ ਦਿਨ ਤੱਕ ਚੱਲੇ। ਜਦੋਂ ਤੱਕ ਮੀਂਹ ਨਾ ਹੋਵੇ, ਮੈਨੂੰ ਨਹੀਂ ਲੱਗਦਾ ਕਿ ਅਸੀਂ ਚੌਥੇ ਦਿਨ ਇੱਥੇ ਹੋਵਾਂਗੇ।’’ਗਾਵਸਕਰ ਨੇ ਕਿਹਾ ਕਿ ਜੇਕਰ ਭਾਰਤ ਵਿਚ ਵੀ ਅਜਿਹੀ ਹੀ ਵਿਕਟ ਉਪਲੱਬਧੀ ਕਰਵਾਈ ਜਾਂਦੀ ਤਾਂ ਆਸਟ੍ਰੇਲੀਆ ਤੇ ਇੰਗਲੈਂਡ ਦੇ ਕ੍ਰਿਕਟਰ ਉਸਦੀ ਆਲੋਚਨਾ ਕਰਦੇ।