ਭਾਰਤੀ ਟੈਸਟ ਟੀਮ ਦਾ ਭਵਿੱਖ : ਬੱਲੇਬਾਜ਼ੀ ਤੋਂ ਜ਼ਿਆਦਾ ਚਿੰਤਾਜਨਕ ਸਥਿਤੀ ਗੇਂਦਬਾਜ਼ੀ ਦੀ

Tuesday, Jan 07, 2025 - 12:02 PM (IST)

ਭਾਰਤੀ ਟੈਸਟ ਟੀਮ ਦਾ ਭਵਿੱਖ : ਬੱਲੇਬਾਜ਼ੀ ਤੋਂ ਜ਼ਿਆਦਾ ਚਿੰਤਾਜਨਕ ਸਥਿਤੀ ਗੇਂਦਬਾਜ਼ੀ ਦੀ

ਸਿਡਨੀ– ਬਾਰਡਰ-ਗਾਵਸਕਰ ਟਰਾਫੀ ਵਿਚ ਆਸਾਨੀ ਨਾਲ ਗੋਡੇ ਟੇਕਣ ਤੋਂ ਬਾਅਦ ਭਾਰਤੀ ਬੱਲੇਬਾਜ਼ਾਂ ਦਾ ਪ੍ਰਦਰਸ਼ਨ ਸਵਾਲਾਂ ਦੇ ਘੇਰੇ ਵਿਚ ਹੈ ਪਰ ਬਦਲਵੇਂ ਖਿਡਾਰੀਆਂ ਦੀ ਸੂਚੀ ਦੇਖੀ ਜਾਵੇ ਤਾਂ ਇਹ ਪਤਾ ਲੱਗਦਾ ਹੈ ਕਿ ਟੀਮ ਦੇ ਭਵਿੱਖ ਲਈ ਬੱਲੇਬਾਜ਼ੀ ਤੋਂ ਵੱਧ ਚਿੰਤਾਜਨਕ ਸਥਿਤੀ ਗੇਂਦਬਾਜ਼ੀ ਨੂੰ ਲੈ ਕੇ ਹੈ।

ਬੱਲੇ ਨਾਲ ਖਰਾਬ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਤੇ ਧਾਕੜ ਵਿਰਾਟ ਕੋਹਲੀ ਦਾ ਟੈਸਟ ਭਵਿੱਖ ਅਧਵਾਟੇ ਲਟਕ ਗਿਆ ਹੈ। ਰਾਸ਼ਟਰੀ ਚੋਣ ਕਮੇਟੀ ਕੋਲ ਇਨ੍ਹਾਂ ਦੋਵਾਂ ਦੀ ਜਗ੍ਹਾ ਲੈਣ ਲਈ ਕੁਝ ਚੰਗੇ ਬਦਲ ਮੌਜੂਦ ਹਨ।

ਪਰ ਗੱਲ ਜਦੋਂ ਗੇਂਦਬਾਜ਼ੀ ਦੀ ਆਉਂਦੀ ਹੈ ਅਤੇ ਖਾਸ ਤੌਰ ’ਤੇ ਤੇਜ਼ ਗੇਂਦਬਾਜ਼ੀ ਦੀ ਤਾਂ ਬਦਲਾਅ ਦੇ ਦੌਰ ਵਿਚੋਂ ਲੰਘ ਰਹੀ ਟੀਮ ਦੀ ਸਥਿਤੀ ਜ਼ਿਆਦਾ ਉਤਸ਼ਾਹਜਨਕ ਨਹੀਂ ਦਿਸ ਰਹੀ ਹੈ। ਟੀਮ ਨੂੰ ਜਸਪ੍ਰੀਤ ਬੁਮਰਾਹ, ਮੁਹੰਮਦ ਸ਼ੰਮੀ ਤੇ ਇਸ਼ਾਂਤ ਸ਼ਰਮਾ ਵਰਗੇ ਗੇਂਦਬਾਜ਼ਾਂ ਨੂੰ ਤਿਆਰ ਕਰਨ ਵਿਚ ਕਾਫੀ ਸਮਾਂ ਲੱਗ ਸਕਦਾ ਹੈ। ਮੌਜੂਦਾ ਗੇਂਦਬਾਜ਼ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਪਰ ਉਨ੍ਹਾਂ ਦਾ ਪ੍ਰਦਰਸ਼ਨ ਕਿਤਿਓਂ ਵੀ ਇਨ੍ਹਾਂ ਤਿੰਨੇ ਨਾਵਾਂ ਦੇ ਨੇੜੇ ਨਹੀਂ ਹੈ।

ਆਸਟ੍ਰੇਲੀਆ ਦੌਰੇ ’ਤੇ ਬੁਮਰਾਹ ਨੂੰ ਦੂਜੇ ਪਾਸੇ ਤੋਂ ਸਾਥ ਨਹੀਂ ਮਿਲਿਆ, ਜਿਸ ਨਾਲ ਉਸਦਾ ਕਾਰਜਭਾਰ ਕਾਫੀ ਵੱਧ ਗਿਆ। ਉਹ ਪਿੱਠ ਵਿਚ ਸੱਟ ਹੋਣ ਕਾਰਨ ਟੀਮ ਲਈ ਫੈਸਲਾਕੁੰਨ ਪੰਜਵੇਂ ਟੈਸਟ ਦੀ ਦੂਜੀ ਪਾਰੀ ਵਿਚ ਗੇਂਦਬਾਜ਼ੀ ਨਹੀਂ ਕਰ ਸਕਿਆ। ਮੁਹੰਮਦ ਸਿਰਾਜ 36 ਟੈਸਟ ਖੇਡਣ ਤੋਂ ਬਾਅਦ ਵੀ ਮੈਚ ਦਾ ਪਾਸਾ ਬਦਲਣ ਵਾਲਾ ਗੇਂਦਬਾਜ਼ ਨਹੀਂ ਬਣ ਸਕਿਆ ਹੈ।

ਪ੍ਰਸਿੱਧ ਕ੍ਰਿਸ਼ਣਾ ਕੋਲ ਚੰਗੀ ਗਤੀ ਹੈ ਪਰ ਉਹ ਲਗਾਤਾਰ ਸਹੀ ਲਾਈਨ ਤੇ ਲੈਂਥ ’ਤੇ ਗੇਂਦਬਾਜ਼ੀ ਕਰਨ ਵਿਚ ਅਸਫਲ ਰਹਿੰਦਾ ਹੈ। ਆਕਾਸ਼ ਦੀਪ ਤੇ ਮੁਕੇਸ਼ ਕੁਮਾਰ ਕੋਲ ਕਲਾ ਹੈ ਪਰ ਖੇਡ ਦੇ ਚੋਟੀ ਦੇ ਪੱਧਰ ’ਤੇ ਖੁਦ ਨੂੰ ਸਾਬਤ ਕਰਨ ਦਾ ਉਨ੍ਹਾਂ ਨੂੰ ਲੋੜੀਂਦਾ ਮੌਕਾ ਨਹੀਂ ਮਿਲਿਆ ਹੈ।

ਰਣਜੀ ਸਰਕਟ ਵਿਚ ਵੀ ਦੇਖੋ ਤਾਂ ਚੋਣਕਾਰਾਂ ਕੋਲ ਇਸ ਮਾਮਲੇ ਵਿਚ ਚੰਗੇ ਬਦਲ ਦੀ ਕਮੀ ਹੈ। ਸਭ ਤੋਂ ਵੱਡੀ ਸਮੱਸਿਆ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਦੀ ਹੈ। ਅਰਸ਼ਦੀਪ ਸਿੰਘ ਸੀਮਤ ਓਵਰਾਂ ਵਿਚ ਖੁਦ ਨੂੰ ਸਾਬਤ ਕਰ ਚੁੱਕਾ ਹੈ ਪਰ ਲਾਲ ਗੇਂਦ ਵਿਚ ਓਨਾ ਪ੍ਰਭਾਵਸ਼ਾਲੀ ਨਹੀਂ ਰਿਹਾ ਹੈ। ਯਸ਼ ਦਿਆਲ ਤੇ ਖਲੀਲ ਅਹਿਮਦ ਵੀ ਭਰੋਸਾ ਹਾਸਲ ਕਰਨ ਵਾਲਾ ਪ੍ਰਦਰਸ਼ਨ ਕਰਨ ਵਿਚ ਅਸਫਲ ਰਹੇ ਹਨ।

ਜਦੋਂ ਬੱਲੇਬਾਜ਼ੀ ਦੀ ਗੱਲ ਆਉਂਦੀ ਹੈ ਤਾਂ ਇਸ ਵਿਚ ਕੁਝ ਚੰਗੇ ਬਦਲ ਮੌਜੂਦ ਹਨ। ਅਜੀਤ ਅਗਰਕਰ ਦੀ ਅਗਵਾਈ ਵਾਲੀ ਚੋਣ ਕਮੇਟੀ ਹਾਲਾਂਕਿ ਰਣਜੀ ਟਰਾਫੀ ਸੈਸ਼ਨ ਦੇ ਅੰਤ ਤੱਕ ਕੁਝ ਵੀ ਤੈਅ ਨਹੀਂ ਕਰੇਗੀ। ਚੋਣ ਕਮੇਟੀ ਜੇਕਰ ਰੋਹਿਤ ਤੇ ਕੋਹਲੀ ਨੂੰ ਟੀਮ ਵਿਚੋਂ ਬਾਹਰ ਕਰਨ ਦਾ ਫੈਸਲਾ ਕਰਦੀ ਹੈ ਜਾਂ ਦੋਵੇਂ ਸੰਨਿਆਸ ਦਾ ਐਲਾਨ ਕਰਦੇ ਹਨ ਤਾਂ ਟੀਮ ਵਿਚ ਇਨ੍ਹਾਂ ਦੋ ਸਥਾਨਾਂ ਲਈ ਦਾਅਵੇਦਾਰੀ ਪੇਸ਼ ਕਰਨ ਵਾਲੇ ਘੱਟ ਤੋਂ ਘੱਟ 6 ਬੱਲੇਬਾਜ਼ ਤਿਆਰ ਹਨ। ਇਨ੍ਹਾਂ ਵਿਚ ਸਭ ਤੋਂ ਪ੍ਰਮੁੱਖ ਦਾਅਵੇਦਾਰ ਤਾਮਿਲਨਾਡੂ ਦਾ ਬੀ. ਸਾਈ ਸੁਦਰਸ਼ਨ ਹੋ ਸਕਦਾ ਹੈ। ਖੱਬੇ ਹੱਥ ਦੇ ਇਸ ਤਕਨੀਕੀ ਬੱਲੇਬਾਜ਼ ਨੇ ਮੈਕੇ ਵਿਚ ਆਸਟ੍ਰੇਲੀਆ-ਏ ਵਿਰੁੱਧ ਭਾਰਤ-ਏ ਲਈ ਖੇਡਦੇ ਹੋਏ ਪ੍ਰਭਾਵਿਤ ਕੀਤਾ ਸੀ। ਉਹ ਹਾਲਾਂਕਿ ਸਪੋਰਟਸ ਹਰਨੀਆ ਦੇ ਆਪ੍ਰੇਸ਼ਨ ਕਾਰਨ ਰਿਹੈਬਿਲੀਟੇਸ਼ਨ ਵਿਚੋਂ ਲੰਘ ਰਿਹਾ ਹੈ। ਟੀਮ ਵਿਚ ਖੱਬੇ ਹੱਥ ਦਾ ਇਕ ਹੋਰ ਬਦਲ ਦੇਵਦੱਤ ਪੱਡੀਕਲ ਹੈ। ਪੱਡੀਕਲ ਨੂੰ ਕੁਝ ਟੈਸਟ ਮੈਚ ਖੇਡਣ ਦਾ ਤਜਰਬਾ ਵੀ ਹੈ।

ਅਭਿਮਨਿਊ ਈਸ਼ਵਰਨ ਤਿੰਨ ਸਾਲ ਤੋਂ ਟੀਮ ਨਾਲ ਹੈ ਪਰ ਭਾਰਤੀ ਕ੍ਰਿਕਟ ਜਗਤ ਵਿਚ ਇਹ ਧਾਰਨਾ ਹੈ ਕਿ ਉਹ ਐੱਸ. ਈ. ਐੱਨ. ਏ.(ਦੱਖਣੀ ਅਫਰੀਕਾ, ਇੰਗਲੈਂਡ, ਨਿਊਜ਼ੀਲੈਂਡ ਤੇ ਆਸਟ੍ਰਏਲੀਆ) ਦੇਸ਼ਾਂ ਵਿਚ ਵੱਡੀਆਂ ਚੁਣੌਤੀਆਂ ਲਈ ਤਿਆਰ ਨਹੀਂ ਹੈ। ਇਸਦਾ ਸਬੂਤ ਹਾਲੀਆ ਲੜੀ ਹੈ ਜਿੱਥੇ ਟੀਮ ਦੇ ਨਾਲ ਹੋਣ ਦੇ ਬਾਵਜੂਦ ਵੀ ਬਾਰਡਰ-ਗਾਵਸਕਰ ਟਰਾਫੀ ਦੌਰਾਨ ਉਸ ਦਾ ਆਖਰੀ-11 ਲਈ ਕਦੇ ਵੀ ਦਾਅਵਾ ਮਜ਼ਬੂਤ ਨਹੀਂ ਸਮਝਿਆ ਗਿਆ। ਸਰਫਰਾਜ਼ ਖਾਨ ਦੀ ਤੇਜ਼ ਗੇਂਦਬਾਜ਼ਾਂ ਵਿਰੁੱਧ ਕਮਜ਼ੋਰੀ ਜੱਗ-ਜ਼ਾਹਿਰ ਹੈ। ਨਿਊਜ਼ੀਲੈਂਡ ਵਿਰੁੱਧ ਘਰੇਲੂ ਟੈਸਟ ਵਿਚ ਪੁਣੇ ਤੇ ਮੁੰਬਈ ਵਿਚ ਜਿਸ ਤਰ੍ਹਾਂ ਨਾਲ ਉਹ ਆਊਟ ਹੋਇਆ, ਉਸ ਨੇ ਮੌਜੂਦਾ ਟੀਮ ਮੈਨੇਜਮੈਂਟ ਦੀਆਂ ਚਿੰਤਾਵਾਂ ਨੂੰ ਵਧਾ ਦਿੱਤਾ ਹੈ।

ਟੈਸਟ ਟੀਮ ਵਿਚ ਜਗ੍ਹਾ ਲਈ ਜਿਹੜੇ ਤਿੰਨ ਨਾਂ ਸਭ ਤੋਂ ਵੱਡੇ ਦਾਅਵੇਦਾਰ ਹਨ, ਉਨ੍ਹਾਂ ਵਿਚ ਚੇਨਈ ਸੁਪਰ ਕਿੰਗਜ਼ ਦਾ ਕਪਤਾਨ ਰਿਤੂਰਾਜ ਗਾਇਕਵਾੜ, ਤਿੰਨ ਟੈਸਟਾਂ ਦਾ ਤਜਰਬਾ ਰੱਖਣ ਵਾਲਾ ਰਜਤ ਪਾਟੀਦਾਰ ਤੇ ਮੁੰਬਈ ਦਾ ਸ਼੍ਰੇਅਸ ਅਈਅਰ ਸ਼ਾਮਲ ਹਨ। ਅਈਅਰ ਦੀ ਸਮੱਸਿਆ ਸ਼ਾਟ ਗੇਂਦ ਰਹੀ ਹੈ ਜਦਕਿ ਪਾਟੀਦਾਰ ਨੇ ਪਿਛਲੇ ਸਾਲ ਘਰੇਲੂ ਮੈਦਾਨ ’ਤੇ ਇੰਗਲੈਂਡ ਵਿਰੁੱਧ ਮੌਕੇ ਦਾ ਫਾਇਦਾ ਚੁੱਕਣ ਵਿਚ ਅਸਫਲ ਰਿਹਾ। ਗਾਇਕਵਾੜ ਆਸਟ੍ਰੇਲੀਆ-ਏ ਵਿਰੁੱਧ ਭਾਰਤ-ਏ ਦੇ ਦੋ ਮੈਚਾਂ ਵਿਚ ਅਸਫਲ ਰਿਹਾ ਪਰ ਉਸਦੀ ਪ੍ਰਤਿਭਾ ’ਤੇ ਸਵਾਲ ਨਹੀਂ ਚੁੱਕਿਆ ਜਾ ਸਕਦਾ।

ਸਮਝਿਆ ਜਾਂਦਾ ਹੈ ਕਿ ਚੋਣ ਕਮੇਟੀ ਦੌੜਾਂ ਜਾਂ ਵਿਕਟਾਂ ਦੀ ਗਿਣਤੀ ’ਤੇ ਹੀ ਧਿਆਨ ਦੇਣ ਦੀ ਜਗ੍ਹਾ ਪ੍ਰਭਾਵਸ਼ਾਲੀ ਪ੍ਰਦਰਸ਼ਨ ’ਤੇ ਵੀ ਧਿਆਨ ਦੇਵੇਗੀ। ਲਾਹਲੀ ਦੀ ਘਾਹ ਵਾਲੀ ਪਿੱਚ ’ਤੇ ਸੈਂਕੜਾ ਜਾਂ ਰਾਜਕੋਟ ਦੀ ਸਪਾਟ ਪਿੱਚ ’ਤੇ 5 ਵਿਕਟਾਂ ਲੈਣ ਵਾਲਾ ਪ੍ਰਦਰਸ਼ਨ ਅਨੁਕੂਲ ਹਾਲਾਤ ਵਿਚ ਪ੍ਰਦਰਸ਼ਨ ਤੋਂ ਵੱਧ ਮਹੱਤਵਪੂਰਨ ਹੋਵੇਗਾ। ਰਾਸ਼ਟਰੀ ਟੈਸਟ ਟੀਮ ’ਤੇ ਕੋਈ ਵੀ ਫੈਸਲਾ ਹਾਲਾਂਕਿ ਫਰਵਰੀ ਵਿਚ ਘਰੇਲੂ ਸੈਸ਼ਨ ਦੇ ਖਤਮ ਹੋਣ ਜਾਂ ਜੂਨ ਵਿਚ ਇੰਗਲੈਂਡ ਦੌਰੇ ਤੋਂ ਪਹਿਲਾਂ ਹੋਵੇਗਾ। ਭਾਰਤੀ ਟੀਮ ਨੂੰ ਆਪਣਾ ਅਗਲਾ ਟੈਸਟ ਜੂਨ ਵਿਚ ਇੰਗਲੈਂਡ ਵਿਚ ਖੇਡਣਾ ਹੈ।
 


author

Tarsem Singh

Content Editor

Related News