ਰਸੇਲ ਤੇ ਪੂਰਨ ਸਮੇਤ ਵੈਸਟਇੰਡੀਜ਼ ਦੇ ਚਾਰ ਸੀਨੀਅਰ ਖਿਡਾਰੀ ਸ਼੍ਰੀਲੰਕਾ ਵਿਰੁੱਧ ਟੀ-20 ਲੜੀ ’ਚੋਂ ਹਟੇ
Sunday, Oct 06, 2024 - 01:20 PM (IST)
ਸੇਂਟ ਜੋਂਸ (ਏਂਟੀਗਾ), (ਭਾਸ਼ਾ)– ਵੈਸਟਇੰਡੀਜ਼ ਦੇ ਸੀਨੀਅਰ ਖਿਡਾਰੀ ਆਂਦ੍ਰੇ ਰਸੇਲ, ਨਿਕੋਲਸ ਪੂਰਨ, ਅਕੀਲ ਹੁਸੈਨ ਤੇ ਸ਼ਿਮਰੋਨ ਹੈੱਟਮਾਇਰ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦੇ ਹੋਏ ਸ਼੍ਰੀਲੰਕਾ ਵਿਰੁੱਧ ਆਗਾਮੀ ਤਿੰਨ ਮੈਚਾਂ ਦੀ ਟੀ-20 ਕੌਮਾਂਤਰੀ ਲੜੀ ਵਿਚੋਂ ਹਟਣ ਦਾ ਫੈਸਲਾ ਕੀਤਾ। ਕ੍ਰਿਕਟ ਵੈਸਟਇੰਡੀਜ਼ ਦੇ ਬਿਆਨ ਅਨੁਸਾਰ ਮੁੱਖ ਕੋਚ ਡੈਰੇਨ ਸੈਮੀ ਦੀ ਅਗਵਾਈ ਵਾਲੀ ਚੋਣ ਕਮੇਟੀ ਨੇ ਸਲਾਮੀ ਬੱਲੇਬਾਜ਼ ਐਵਿਨ ਲੂਈਸ ਤੇ ਬ੍ਰੈਂਡਨ ਕਿੰਗ ਨੂੰ ਵਾਪਸੀ ਕਰਵਾਈ ਹੈ ਜਦਕਿ ਤੇਜ਼ ਗੇਂਦਬਾਜ਼ੀ ਆਲਰਾਊਂਡਰ ਟੇਰੇਂਸ ਹਿੰਡਰਸ ਤੇ ਸ਼ਮਾਰ ਸਪ੍ਰਿੰਗਰ ਨੂੰ ਪਹਿਲੀ ਵਾਰ ਜਗ੍ਹਾ ਦਿੱਤੀ। ਲੂਸ ਦੀ 2022 ਟੀ-20 ਵਿਸ਼ਵ ਕੱਪ ਤੋਂ ਬਾਅਦ ਵਾਪਸੀ ਹੋ ਰਹੀ ਹੈ ਜਦਕਿ ਕਿੰਗਜ਼ ਸੱਟ ਤੋਂ ਵਾਪਸੀ ਕਰ ਰਿਹਾ ਹੈ, ਜਿਸ ਕਾਰਨ ਉਹ ਇਸ ਸਾਲ ਦੇ ਸ਼ੁਰੂ ਵਿਚ ਟੀ-20 ਵਿਸ਼ਵ ਕੱਪ ਵਿਚੋਂ ਬਾਹਰ ਰਿਹਾ ਸੀ। ਰੋਮਵੈਨ ਪਾਵੇਲ ਦੀ ਕਪਤਾਨੀ ਤੇ ਰੋਸਟਨ ਚੇਜ਼ ਨੂੰ ਉਪ ਕਪਤਾਨ ਬਰਕਰਾਰ ਰੱਖਿਆ ਗਿਆ ਹੈ।