ਐੱਫ. ਆਈ. ਐੱਚ. ਪ੍ਰੋ ਲੀਗ ਭਾਰਤੀ ਮਹਿਲਾ ਟੀਮ ਲਈ ਬਹੁਤ ਵੱਡਾ ਮੌਕਾ : ਸਲੀਮਾ

Saturday, Feb 15, 2025 - 02:57 PM (IST)

ਐੱਫ. ਆਈ. ਐੱਚ. ਪ੍ਰੋ ਲੀਗ ਭਾਰਤੀ ਮਹਿਲਾ ਟੀਮ ਲਈ ਬਹੁਤ ਵੱਡਾ ਮੌਕਾ : ਸਲੀਮਾ

ਭੁਵਨੇਸ਼ਵਰ– ਭਾਰਤੀ ਮਹਿਲਾ ਹਾਕੀ ਟੀਮ ਦੀ ਕਪਤਾਨ ਸਲੀਮਾ ਟੇਟੇ ਦਾ ਮੰਨਣਾ ਹੈ ਕਿ ਐੱਫ. ਆਈ. ਐੱਚ. ਪ੍ਰੋ ਲੀਗ ਉਸਦੀ ਟੀਮ ਲਈ ਆਪਣੀਆਂ ਕਮਜ਼ੋਰੀਆਂ ਨੂੰ ਦੂਰ ਕਰਨ ਦਾ ਸ਼ਾਨਦਾਰ ਮੌਕਾ ਹੈ ਤੇ ਉਹ ਚਾਹੁੰਦੀ ਹੈ ਕਿ ਉਸਦੀਆਂ ਖਿਡਾਰਨਾਂ ਨਤੀਜੇ ਦੀ ਪ੍ਰਵਾਹ ਕੀਤੇ ਬਿਨਾਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ’ਤੇ ਧਿਆਨ ਦੇਣ।

ਭਾਰਤੀ ਟੀਮ ਆਪਣੀ ਮੁਹਿੰਮ ਦੀ ਸ਼ੁਰੂਆਤ ਸ਼ਨੀਵਾਰ ਨੂੰ ਇੱਥੇ ਇੰਗਲੈਂਡ ਵਿਰੁੱਧ ਕਰੇਗੀ। ਇਸ ਤੋਂ ਬਾਅਦ ਉਹ ਐਤਵਾਰ ਨੂੰ ਫਿਰ ਤੋਂ ਇੰਗਲੈਂਡ ਦਾ ਸਾਹਮਣਾ ਕਰੇਗੀ। ਭਾਰਤੀ ਟੀਮ 18 ਤੇ 19 ਫਰਵਰੀ ਨੂੰ ਸਪੇਨ ਨਾਲ ਖੇਡੇਗੀ। ਇਸ ਤੋਂ ਬਾਅਦ ਭਾਰਤੀ ਟੀਮ 21 ਤੇ 22 ਫਰਵਰੀ ਨੂੰ ਜਰਮਨੀ ਅਤੇ 24 ਤੇ 25 ਫਰਵਰੀ ਨੂੰ ਨੀਦਰਲੈਂਡ ਵਿਰੁੱਧ ਖੇਡੇਗੀ।

ਸਲੀਮਾ ਨੇ ਪਹਿਲੇ ਮੈਚ ਤੋਂ ਪੂਰਬਲੀ ਸ਼ਾਮ ’ਤੇ ਕਿਹਾ,‘‘ਅਸੀਂ ਆਪਣੀ ਖੇਡ ’ਤੇ ਧਿਆਨ ਕੇਂਦ੍ਰਿਤ ਕਰਾਂਗੇ। ਕੁਝ ਖਿਡਾਰਨਾਂ ਹਨ ਜਿਹੜੀਆਂ ਓਲੰਪਿਕ ਤੋਂ ਬਾਅਦ ਆਪਣੇ ਪਹਿਲੇ ਪ੍ਰੋ ਲੀਗ ਮੈਚ ਵਿਚ ਖੇਡਣਗੀਆਂ।’’

ਉਸ ਨੇ ਕਿਹਾ, ‘‘ਜਿੱਤ ਤੇ ਹਾਰ ਖੇਡ ਦਾ ਹਿੱਸਾ ਹੈ ਪਰ ਸਭ ਤੋਂ ਮਹੱਤਵਪੂਰਨ ਆਪਣਾ ਸਰਵੋਤਮ ਪ੍ਰਦਰਸ਼ਨ ਕਰਨਾ ਹੈ। ਇਹ ਸਾਡੇ ਲਈ ਬਹੁਤ ਵੱਡਾ ਮੌਕਾ ਹੈ ਪਰ ਅਸੀਂ ਨਤੀਜੇ ਦੇ ਬਾਰੇ ਵਿਚ ਨਹੀਂ ਸੋਚ ਰਹੇ ਹਾਂ। ਅਸੀਂ ਆਪਣਾ ਸਰਵੋਤਮ ਪ੍ਰਦਰਸ਼ਨ ਕਰਨ ਦੀ ਕੋਸ਼ਿਸ਼ ਕਰਾਂਗੇ ਤੇ ਸਾਡਾ ਧਿਆਨ ਹਰੇਕ ਮੈਚ ’ਤੇ ਹੈ।’’

ਸਲੀਮਾ ਨੇ ਕਿਹਾ ਕਿ ਪਿਛਲੇ ਸਾਲ ਅਪ੍ਰੈਲ ਵਿਚ ਟੀਮ ਨਾਲ ਜੁੜਨ ਵਾਲੇ ਮੁੱਖ ਕੋਚ ਹਰਿੰਦਰ ਸਿੰਘ ਨੇ ਟੀਮ ’ਤੇ ਵੱਡਾ ਅਸਰ ਪਾਇਆ ਹੈ। ਉਸ ਨੇ ਕਿਹਾ ਕਿ ਟੀਮ ਸੱਭਿਆਚਾਰ ਤੇ ਖਿਡਾਰੀਆਂ ਵਿਚਾਲੇ ਆਪਸੀ ਸਬੰਧਾਂ ਵਿਚ ਮਜ਼ਬੂਤੀ ਆਈ ਹੈ। ਜੇਕਰ ਟੀਮ ਦਾ ਸੱਭਿਆਚਾਰ ਚੰਗਾ ਹੁੰਦਾ ਹੈ ਤਾਂ ਉਸਦਾ ਅਸਰ ਮੈਦਾਨ ’ਤੇ ਵੀ ਦਿਸਦਾ ਹੈ। ਸਾਡਾ ਆਪਣੇ ਕੋਚ ਦੇ ਨਾਲ ਚੰਗਾ ਸਬੰਧ ਹੈ।’’


author

Tarsem Singh

Content Editor

Related News