FIFA World Cup: ਸਾਲਾਹ ਦੀ ਵਾਪਸੀ ਨਾਲ ਮਿਸਰ ਨੂੰ ਰੂਸ ''ਤੇ ਜਿੱਤ ਦਾ ਭਰੋਸਾ

Tuesday, Jun 19, 2018 - 10:59 AM (IST)

FIFA World Cup:  ਸਾਲਾਹ ਦੀ ਵਾਪਸੀ ਨਾਲ ਮਿਸਰ ਨੂੰ ਰੂਸ ''ਤੇ ਜਿੱਤ ਦਾ ਭਰੋਸਾ

ਸੇਂਟ ਪੀਟਰਸਬਰਗ— ਮੇਜ਼ਬਾਨ ਰੂਸ ਨੇ ਫੁੱਟਬਾਲ ਵਿਸ਼ਵ ਕੱਪ 'ਚ ਆਪਣੀ ਮੁਹਿੰਮ ਦੀ ਧਮਾਕੇਦਾਰ ਸ਼ੁਰੂਆਤ ਕਰਦੇ ਹੋਏ ਸਾਊਦੀ ਅਰਬ ਨੂੰ 5-0 ਨਾਲ ਹਰਾਇਆ ਸੀ ਪਰ ਮੰਗਲਵਾਰ ਨੂੰ ਉਨ੍ਹਾਂ ਦਾ ਸਾਹਮਣਾ ਗਰੁੱਪ ਏ ਦੀ ਟੀਮ ਮਿਸਰ ਨਾਲ ਹੋਵੇਗਾ ਜੋ ਆਪਣੇ ਸਟਾਰ ਮੁਹੰਮਦ ਸਾਲਾਹ ਦੀ ਵਾਪਸੀ ਦੇ ਬਾਅਦ ਨਵੀਂ ਊਰਜਾ 'ਚ ਦਿਖਾਈ ਦੇ ਰਹੀ ਹੈ। ਮੇਜ਼ਬਾਨ ਟੀਮ ਮੰਗਲਵਾਰ ਨੂੰ ਸੇਂਟ ਪੀਟਰਸਬਰਗ 'ਚ ਉੱਤਰੀ ਅਫਰੀਕੀ ਦੇਸ਼ ਮਿਸਰ ਦਾ ਸਾਹਮਣਾ ਕਰੇਗੀ ਜੋ ਆਪਣੇ ਓਪਨਿੰਗ ਮੈਚ 'ਚ ਉਰੂਗਵੇ ਤੋਂ 0-1 ਨਾਲ ਹਾਰ ਚੁੱਕੀ ਹੈ ਅਤੇ ਜੇਕਰ ਉਹ ਅਗਲਾ ਮੈਚ ਵੀ ਗੁਆ ਦਿੰਦੀ ਹੈ ਤਾਂ ਵਿਸ਼ਵ ਕੱਪ 'ਚ ਉਸ ਦਾ ਬਾਹਰ ਹੋਣਾ ਲਗਭਗ ਪੱਕਾ ਹੋ ਜਾਵੇਗਾ। 

ਰੂਸ ਨੇ ਸਾਊਦੀ ਅਰਬ ਨੂੰ ਓਪਨਿੰਗ ਮੈਚ 'ਚ 5-0 ਦੇ ਵੱਡੇ ਗੋਲ ਫਰਕ ਨਾਲ ਹਰਾਇਆ ਸੀ ਅਤੇ ਇਸ ਨਾਲ ਉਹ ਗਰੁੱਪ 'ਚ ਚੋਟੀ 'ਤੇ ਹੈ ਅਤੇ ਮਿਸਰ ਦੇ ਖਿਲਾਫ ਉਸ ਨੂੰ ਮਨੋਵਿਗਿਆਨਕ ਬੜ੍ਹਤ ਵੀ ਹਾਸਲ ਹੈ। ਮਿਸਰ ਦੇ ਅਰਜਨਟੀਨਾ ਮੂਲ ਦੇ ਕੋਚ ਹੈਕਟਰ ਕੂਪਰ ਅਜੇ ਵੀ ਗਰੁੱਪ 'ਚ ਟੀਮ ਨੂੰ ਦੂਜੇ ਸਥਾਨ 'ਤੇ ਦੇਖਦੇ ਹਨ ਪਰ ਅਜਿਹਾ ਕਰਨ ਲਈ ਉਸ ਨੂੰ ਹਰ ਹਾਲ 'ਚ ਰੂਸ ਤੋਂ ਮੈਚ ਜਿੱਤਣਾ ਹੋਵੇਗਾ ਅਤੇ ਨਾਲ ਹੀ ਗੋਲ ਫਰਕ ਵੀ ਵੱਡਾ ਰੱਖਣਾ ਹੋਵੇਗਾ। ਸਾਲਾਹ ਦੀ ਵਾਪਸੀ ਨਾਲ ਮਿਸਰ ਦੇ ਹੌਸਲੇ ਬੁਲੰਦ ਹੋਏ ਹਨ ਜੋ ਰੂਸ ਦੇ ਉਮਰਦਰਾਜ਼ ਡਿਫੈਂਸ ਨੂੰ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਨਗੇ।


Related News