ਮੁੰਬਈ ਤੇ ਤਾਮਿਲਨਾਡੂ ਵਿਚਾਲੇ ਰਣਜੀ ਸੈਮੀਫਾਈਨਲ ’ਚ ਨਜ਼ਰਾਂ ਸ਼੍ਰੇਅਸ ਅਈਅਰ ’ਤੇ
Friday, Mar 01, 2024 - 07:56 PM (IST)
ਮੁੰਬਈ– ਖਰਾਬ ਦੌਰ ਨਾਲ ਜੂਝ ਰਿਹਾ ਭਾਰਤੀ ਬੱਲੇਬਾਜ਼ ਸ਼੍ਰੇਅਸ ਅਈਅਰ ਜਦੋਂ ਤਾਮਿਲਨਾਡੂ ਵਿਰੁੱਧ ਸ਼ਨੀਵਾਰ ਤੋਂ ਸ਼ੁਰੂ ਹੋ ਰਹੇ ਰਣਜੀ ਟਰਾਫੀ ਸੈਮੀਫਾਈਨਲ ਰਾਹੀਂ 41 ਵਾਰ ਦੀ ਚੈਂਪੀਅਨ ਮੁੰਬਈ ਲਈ ਘਰੇਲੂ ਕ੍ਰਿਕਟ ਵਿਚ ਵਾਪਸੀ ਕਰੇਗਾ ਤਾਂ ਉਸਦਾ ਇਰਾਦਾ ਆਪਣੀ ਉਪਯੋਗਿਤਾ ਸਾਬਤ ਕਰਨ ਦਾ ਹੋਵੇਗਾ। ਭਾਰਤੀ ਟੈਸਟ ਟੀਮ ਵਿਚੋਂ ਬਾਹਰ ਅਈਅਰ ਨੂੰ ਰਣਜੀ ਟਰਾਫੀ ਕੁਆਰਟਰ ਫਾਈਨਲ ਨਾ ਖੇਡਣ ਦੇ ਕਾਰਨ ਬੀ. ਸੀ. ਸੀ. ਆਈ. ਦਾ ਕੇਂਦਰੀ ਕਰਾਰ ਗੁਆਉਣਾ ਪਿਆ ਹੈ। ਉਹ ਹੁਣ ਗ੍ਰੋਇਨ ਦੀ ਸੱਟ ਤੋਂ ਉੱਭਰ ਕੇ ਸੈਮੀਫਾਈਨਲ ਖੇਡਣ ਲਈ ਫਿੱਟ ਹੈ।
ਤਾਮਿਲਨਾਡੂ ਦੀ ਸਪਿਨ ਗੇਂਦਬਾਜ਼ੀ ਸਾਹਮਣੇ ਮੁੰਬਈ ਦੀ ਬੱਲੇਬਾਜ਼ੀ ਦਾ ਦਾਰੋਮਦਾਰ ਜ਼ਿਆਦਾਤਰ ਅਈਅਰ ’ਤੇ ਹੋਵੇਗਾ। ਤਾਮਿਲਨਾਡੂ ਦਾ ਕਪਤਾਨ ਸਾਈ ਕਿਸ਼ੋਰ (47 ਵਿਕਟਾਂ) ਤੇ ਖੱਬੇ ਹੱਥ ਦਾ ਸਪਿਨਰ ਐੱਸ. ਅਜੀਤ ਰਾਮ (41) ਇਸ ਸੈਸ਼ਨ ਵਿਚ ਸਭ ਤੋਂ ਵੱਧ ਵਿਕਟਾਂ ਲੈਣ ਵਾਲੇ ਗੇਂਦਬਾਜ਼ਾਂ ਵਿਚ ਹਨ।
ਮੁੰਬਈ ਲਈ ਕਪਤਾਨ ਅਜਿੰਕਯ ਰਹਾਨੇ ਨੂੰ ਛੱਡ ਕੇ ਸਾਰੇ ਬੱਲੇਬਾਜ਼ਾਂ ਨੇ ਯੋਗਦਾਨ ਦਿੱਤਾ ਹੈ। ਰਹਾਨੇ 6 ਮੈਚਾਂ ਵਿਚ 1 ਹੀ ਅਰਧ ਸੈਂਕੜਾ ਬਣਾ ਸਕਿਆ ਹੈ। ਉੱਥੇ ਹੀ, ਮੁੰਬਈ ਦਾ ਇਕ ਵੀ ਗੇਂਦਬਾਜ਼ ਟਾਪ-10 ਵਿਚ ਨਹੀਂ ਹੈ। ਮੋਹਿਤ ਅਵਸਥੀ 32 ਵਿਕਟਾਂ ਲੈ ਕੇ 13ਵੇਂ ਸਥਾਨ ’ਤੇ ਹੈ ਪਰ ਗੇਂਦਬਾਜ਼ਾਂ ਨੇ ਇਕ ਇਕਾਈ ਦੇ ਰੂਪ ਵਿਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ। ਮੁੰਬਈ ਨੇ ਕੁਆਰਟਰ ਫਾਈਨਲ ਵਿਚ ਬੜੌਦਾ ’ਤੇ ਪਹਿਲੀ ਪਾਰੀ ਦੀ ਬੜ੍ਹਤ ਦੇ ਆਧਾਰ ’ਤੇ ਆਖਰੀ 4 ਵਿਚ ਜਗ੍ਹਾ ਬਣਾਈ। ਨੌਜਵਾਨ ਮੁਸ਼ੀਰ ਖਾਨ ਨੇ ਅਜੇਤੂ 203 ਦੌੜਾਂ ਬਣਾਈਆਂ ਜਦਕਿ 10ਵੇਂ ਤੇ 11ਵੇਂ ਨੰਬਰ ਦੇ ਬੱਲੇਬਾਜ਼ ਤਨੁਸ਼ ਕੋਟਿਆਨ ਤੇ ਤੁਸ਼ਾਰ ਦੇਸ਼ਪਾਂਡੇ ਨੇ ਵੀ ਸੈਂਕੜਾ ਲਾਇਆ।
ਉਥੇ ਹੀ ਤਾਮਿਲਨਾਡੂ ਨੇ ਸਾਬਕਾ ਚੈਂਪੀਅਨ ਸੌਰਾਸ਼ਟਰ ਨੂੰ ਹਰਾਇਆ। ਇਹ ਦੇਖਣਾ ਹੋਵੇਗਾ ਕਿ ਤਾਮਿਲਨਾਡੂ ਦਾ ਐੱਨ. ਜਗਦੀਸ਼ਨ (821 ਦੌੜਾਂ) ਗੁਆਚੀ ਫਾਰਮ ਹਾਸਲ ਕਰਦਾ ਹੈ ਜਾਂ ਨਹੀਂ। ਉਸ ਨੇ ਟੂਰਨਾਮੈਂਟ ਦੇ ਸ਼ੁਰੂਆਤੀ ਗੇੜ ਵਿਚ ਅਜੇਤੂ 245 ਤੇ 321 ਦੌੜਾਂ ਬਣਾਈਆਂ ਸਨ ਪਰ ਉਹ ਪਿਛਲੀਆਂ 7 ਪਾਰੀਆਂ ਵਿਚ ਅਰਧ ਸੈਂਕੜਾ ਵੀ ਨਹੀਂ ਬਣਾ ਸਕਿਆ। ਬਾਬਾ ਇੰਦਰਜੀਤ (686) ਨੇ ਲਗਾਤਾਰ ਚੰਗਾ ਪ੍ਰਦਰਸ਼ਨ ਕੀਤਾ ਹੈ। ਆਲਰਾਊਂਡਰ ਵਾਸ਼ਿੰਗਟਨ ਸੁੰਦਰ ਦੇ ਆਉਣ ਨਾਲ ਤਾਮਿਲਨਾਡੂ ਦਾ ਹਮਲਾ ਹੋਰ ਮਜ਼ਬੂਤ ਹੋਇਆ ਹੈ। ਮੁੰਬਈ ਕੋਲ ਚੋਟੀਕ੍ਰਮ ਵਿਚ ਆਲਰਾਊਂਡਰ ਸ਼ਾਰਦੁਲ ਠਾਕੁਰ ਤੇ ਸ਼ਮਸ ਮੁਲਾਨੀ ਹਨ। ਤਾਮਿਲਨਾਡੂ ਦੀ ਬੱਲੇਬਾਜ਼ੀ ਜਗਦੀਸ਼ਨ, ਇੰਦਰਜੀਤ ਤੇ ਪ੍ਰਦੋਸ਼ ਰੰਜਨ ਪਾਲ ’ਤੇ ਟਿਕੀ ਹੋਵੇਗੀ ਜਦਕਿ ਤੇਜ਼ ਗੇਂਦਬਾਜ਼ ਸੰਦੀਪ ਵਾਰੀਅਰ ਦਾ ਸਾਥ ਦੇਣ ਲਈ ਸਪਿਨਰ ਸਾਈ ਕਿਸ਼ੋਰ ਤੇ ਅਜੀਤ ਹਨ।