ਲਕਸ਼ੇ ਸੇਨ ਤੇ ਪੀ. ਵੀ. ਸਿੰਧੂ ਤੋਂ ਭਾਰਤ ਨੂੰ ਮੈਡਲ ਲਿਆਉਣ ਦੀਆਂ ਉਮੀਦਾਂ

04/26/2022 11:35:55 AM

ਸਪੋਰਟਸ ਡੈਸਕ- ਦੋ ਵਾਰ ਦੀ ਓਲੰਪਿਕ ਤਮਗ਼ਾ ਜੇਤੂ ਪੀ. ਵੀ. ਸਿੰਧੂ ਤੇ ਵਿਸ਼ਵ ਚੈਂਪੀਅਨਸ਼ਿਪ ਦੇ ਕਾਂਸੀ ਦੇ ਮੈਡਲ ਜੇਤੂ ਲਕਸ਼ੇ ਸੇਨ 'ਤੇ ਮੰਗਲਵਾਰ ਤੋਂ ਸ਼ੁਰੂ ਹੋ ਰਹੀ ਬੈਡਮਿੰਟਨ ਏਸ਼ੀਆ ਚੈਂਪੀਅਨਸ਼ਿਪ ਵਿਚ ਸਾਰਿਆਂ ਦੀਆਂ ਨਜ਼ਰਾਂ ਹੋਣਗੀਆਂ। ਦੋਵੇਂ ਹੀ ਇਸ ਟੂਰਨਾਮੈਂਟ ਤੋਂ ਪਹਿਲਾਂ ਚੰਗੀ ਲੈਅ ਵਿਚ ਹਨ ਜਿਸ ਨਾਲ ਦੋਵਾਂ ਤੋਂ ਉਮੀਦਾਂ ਵਧੀਆਂ ਹਨ। ਕੋਰੋਨਾ ਮਹਾਮਾਰੀ ਕਾਰਨ ਇਹ ਟੂਰਨਾਮੈਂਟ ਦੋ ਸਾਲ ਬਾਅਦ ਖੇਡਿਆ ਜਾ ਰਿਹਾ ਹੈ। ਐੱਚਐੱਸ ਪ੍ਰਣਯ ਦੇ ਬਾਹਰ ਹੋਣ ਨਾਲ ਭਾਰਤ ਦੀਆਂ ਉਮੀਦਾਂ ਨੂੰ ਥੋੜ੍ਹਾ ਝਟਕਾ ਜ਼ਰੂਰ ਲੱਗਾ ਹੈ ਕਿਉਂਕਿ ਪ੍ਰਣਯ ਚੰਗੀ ਲੈਅ ਵਿਚ ਸਨ। ਉਨ੍ਹਾਂ ਦੀ ਗ਼ੈਰ ਮੌਜੂਦਗੀ ਵਿਚ ਆਲ ਇੰਗਲੈਂਡ ਸਿਲਵਰ ਮੈਡਲ ਜੇਤੂ ਸੇਨ ਕੋਲ ਚੰਗਾ ਮੌਕਾ ਹੋਵੇਗਾ। ਉਨ੍ਹਾਂ ਦਾ ਸਾਹਮਣਾ ਪਹਿਲੇ ਗੇੜ ਵਿਚ ਚੀਨ ਦੇ ਲੀ ਸ਼ੀ ਫੇਂਗ ਨਾਲ ਹੋਵੇਗਾ ਜੋ ਦੋ ਵਾਰ ਵਿਸ਼ਵ ਜੂਨੀਅਰ ਚੈਂਪੀਅਨਸ਼ਪ ਵਿਚ ਗੋਲਡ ਮੈਡਲ ਜਿੱਤ ਚੁੱਕੇ ਹਨ।

ਇਹ ਵੀ ਪੜ੍ਹੋ : IPL ਦੇ ਇਸ ਸੀਜ਼ਨ 'ਚ ਪਹਿਲੀ ਵਾਰ ਪੰਜਾਬ ਕਿੰਗਜ਼ ਨੂੰ ਚੀਅਰ ਕਰਨ ਲਈ ਸਟੇਡੀਅਮ ਪਹੁੰਚੀ ਪ੍ਰੀਤੀ ਜ਼ਿੰਟਾ

ਸਾਬਕਾ ਵਿਸ਼ਵ ਚੈਂਪੀਅਨ ਤੇ ਚੌਥਾ ਦਰਜਾ ਹਾਸਲ ਸਿੰਧੂ ਦਾ ਸਾਹਮਣਾ ਪਹਿਲੇ ਗੇੜ ਵਿਚ ਚੀਨੀ ਤਾਈਪੇ ਦੀ ਪਾਈ ਯੂ ਪੋ ਨਾਲ ਹੋਵੇਗਾ। ਕੁਆਰਟਰ ਫਾਈਨਲ ਵਿਚ ਪੁੱਜਣ 'ਤੇ ਉਨ੍ਹਾਂ ਦੀ ਟੱਕਰ ਚੀਨ ਦੀ ਹੀ ਬਿੰਗ ਜਿਆਓ ਨਾਲ ਹੋ ਸਕਦੀ ਹੈ। ਵਿਸ਼ਵ ਚੈਂਪੀਅਨਸ਼ਿਪ ਦਾ ਚਾਂਦੀ ਦਾ ਤਮਗ਼ਾ ਜੇਤੂ ਕਿਦਾਂਬੀ ਸ਼੍ਰੀਕਾਂਤ ਵੀ ਚੰਗੀ ਲੈਅ ਵਿਚ ਹਨ ਜੋ 2016 ਤੋਂ 2020 ਵਿਚ ਏਸ਼ੀਆ ਟੀਮ ਚੈਂਪੀਅਨਸ਼ਿਪ ਵਿਚ ਕਾਂਸੇ ਦਾ ਮੈਡਲ ਜਿੱਤੇ ਚੁੱਕੇ ਹਨ ਪਰ ਨਿੱਜੀ ਮੈਡਲ ਨਹੀਂ ਜਿੱਤ ਸਕੇ। ਉਨ੍ਹਾਂ ਦਾ ਸਾਹਮਣਾ ਪਹਿਲੇ ਗੇੜ ਵਿਚ ਮਲੇਸ਼ੀਆ ਦੇ ਏਂਗ ਜੇ ਯੋਂਗ ਨਾਲ ਹੋਵੇਗਾ। ਬੀ ਸਾਈ ਪ੍ਰਣੀਤ ਪਹਿਲੇ ਗੇੜ ਵਿਚ ਚੌਥਾ ਦਰਜਾ ਹਾਸਲ ਜੋਨਾਥਨ ਕ੍ਰਿਸਟੀ ਨਾਲ ਖੇਡਣਗੇ। ਉਥੇ ਸਾਇਨਾ ਨੇਹਵਾਲ ਦਾ ਸਾਹਮਣਾ ਪਹਿਲੇ ਗੇੜ ਵਿਚ ਕੋਰੀਆ ਦੀ ਸਿਮ ਯੁਜਿਨ ਨਾਲ ਹੋਵੇਗਾ। ਸਾਇਨਾ ਇੱਥੇ ਤਿੰਨ ਮੈਡਲ ਜਿੱਤ ਚੁੱਕੀ ਹੈ ਤੇ ਸੱਟਾਂ ਤੋਂ ਠੀਕ ਹੋਣ ਤੋਂ ਬਾਅਦ ਵਾਪਸੀ ਦੀ ਰਾਹ 'ਤੇ ਹੈ। ਆਕਰਸ਼ੀ ਕਸ਼ਯਪ ਦਾ ਸਾਹਮਣਾ ਸਿਖਰਲਾ ਦਰਜਾ ਹਾਸਲ ਅਕਾਨੇ ਯਾਮਾਗੁਚੀ ਨਾਲ ਹੋਵੇਗਾ ਜਦਕਿ ਮਾਲਵਿਕਾ ਬੰਸੋੜ ਦੀ ਟੱਕਰ ਸਿੰਗਾਪੁਰ ਦੀ ਯੀਓ ਜਿਆ ਮਿਨ ਨਾਲ ਹੋਵੇਗੀ।

ਇਹ ਵੀ ਪੜ੍ਹੋ : 66 ਦੀ ਉਮਰ 'ਚ ਦੂਜਾ ਵਿਆਹ ਕਰੇਗਾ ਇਹ ਸਾਬਕਾ ਭਾਰਤੀ ਕ੍ਰਿਕਟਰ, 28 ਸਾਲ ਛੋਟੀ ਲਾੜੀ ਨਾਲ ਲਏਗਾ ਸੱਤ ਫੇਰੇ

ਮਰਦ ਡਬਲਜ਼ ਵਿਚ ਦੁਨੀਆ ਦੀ ਸੱਤਵੇਂ ਨੰਬਰ ਦੀ ਜੋੜੀ ਸਾਤਵਿਕ ਸਾਈਰਾਜ ਰੈਂਕੀਰੈੱਡੀ ਤੇ ਚਿਰਾਗ ਸ਼ੈੱਟੀ ਦਾ ਸਾਹਮਣਾ ਥਾਈਲੈਂਡ ਦੇ ਏਪਿਲੁਕ ਜੀ ਤੇ ਨਾਚਾਨੋਨ ਤੁਲਾਮੋਕ ਨਾਲ ਹੋਵੇਗਾ। ਐੱਮਆਰ ਅਰਜੁਨ ਤੇ ਧਰੁਵ ਕਪਿਲਾ ਦਾ ਸਾਹਮਣਾ ਚੌਥਾ ਦਰਜਾ ਹਾਸਲ ਇੰਡੋਨਸ਼ੀਆ ਦੇ ਫਜਰ ਅਲਫੀਯਾਨ ਤੇ ਮੁਹੰਮਦ ਰਿਆਨ ਨਾਲ ਹੋਵੇਗਾ। ਮਹਿਲਾ ਡਬਲਜ਼ ਵਿਚ ਐੱਨ ਸਿੱਕੀ ਰੈੱਡੀ ਤੇ ਅਸ਼ਵਿਨੀ ਪੋਨੱਪਾ ਅਤੇ ਗਾਇਤਰੀ ਗੋਪੀਚੰਦ ਤੇ ਤ੍ਰਿਸ਼ਾ ਜੋਲੀ ਨੇ ਸੱਟ ਕਾਰਨ ਨਾਂ ਵਾਪਸ ਲੈ ਲਿਆ ਹੈ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


Tarsem Singh

Content Editor

Related News